For the best experience, open
https://m.punjabitribuneonline.com
on your mobile browser.
Advertisement

ਯੂਕਰੇਨ ਜੰਗ ਦੇ ਖ਼ਾਤਮੇ ਲਈ ਕੂਟਨੀਤੀ ਹੀ ਇਕੋ ਇਕ ਰਾਹ: ਮੋਦੀ

07:31 AM Mar 21, 2024 IST
ਯੂਕਰੇਨ ਜੰਗ ਦੇ ਖ਼ਾਤਮੇ ਲਈ ਕੂਟਨੀਤੀ ਹੀ ਇਕੋ ਇਕ ਰਾਹ  ਮੋਦੀ
Advertisement

* ਭਾਰਤ ਤੇ ਰੂਸ ਰਣਨੀਤਿਕ ਭਾਈਵਾਲੀ ਹੋਰ ਮਜ਼ਬੂਤ ਕਰਨ ’ਤੇ ਸਹਿਮਤ ਹੋਏ

Advertisement

ਨਵੀਂ ਦਿੱਲੀ, 20 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਪੰਜਵੇਂ ਕਾਰਜਕਾਲ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵਾਰਤਾ ਅਤੇ ਕੂਟਨੀਤੀ ਹੀ ਰੂਸ-ਯੂਕਰੇਨ ਜੰਗ ਸੁਲਝਾਉਣ ਦਾ ਇਕੋ-ਇਕ ਰਾਹ ਹੈ। ਮੋਦੀ ਨੇ ਰੂਸੀ ਆਗੂ ਦੇ ਰਾਸ਼ਟਰਪਤੀ ਚੋਣਾਂ ’ਚ ਹੂੰਝਾ ਫੇਰੂ ਜਿੱਤ ਹਾਸਲ ਕਰਨ ਦੇ ਦੋ ਦਿਨਾਂ ਬਾਅਦ ਪੂਤਿਨ ਨੂੰ ਫੋਨ ਕੀਤਾ ਹੈ। ਇਸ ਮਗਰੋਂ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਮੋਦੀ ਨੂੰ ਰੂਸ ਅਤੇ ਯੂਕਰੇਨ ਆਉਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਨੇ ਪੂਤਿਨ ਦੀ ਜਿੱਤ ’ਤੇ ਸਵਾਲ ਖੜ੍ਹੇ ਕੀਤੇ ਹਨ। ਮੋਦੀ ਨੇ ‘ਐਕਸ’ ’ਤੇ ਕਿਹਾ,‘‘ਰਾਸ਼ਟਰਪਤੀ ਪੂਤਿਨ ਨਾਲ ਗੱਲ ਕੀਤੀ ਅਤੇ ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਮੁੜ ਤੋਂ ਚੁਣੇ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਅਸੀਂ ਆਉਣ ਵਾਲੇ ਸਾਲਾਂ ’ਚ ਭਾਰਤ-ਰੂਸ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਰਲ ਕੇ ਕੰਮ ਕਰਨ ’ਤੇ ਸਹਿਮਤ ਹੋਏ।’’ ਗੱਲਬਾਤ ਬਾਰੇ ਕ੍ਰੈਮਲਿਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਪੂਤਿਨ ਨੇ ਭਾਰਤ ’ਚ ਆਉਂਦੀਆਂ ਸੰਸਦੀ ਚੋਣਾਂ ਦੀ ਸਫ਼ਲਤਾ ਲਈ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਉਨ੍ਹਾਂ ਕੁਝ ਕੌਮਾਂਤਰੀ ਆਗੂਆਂ ’ਚ ਸ਼ੁਮਾਰ ਹਨ ਜਿਨ੍ਹਾਂ ਪੂਤਿਨ ਨੂੰ ਚੋਣਾਂ ’ਚ ਜਿੱਤ ’ਤੇ ਵਧਾਈ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਟੈਲੀਫੋਨ ’ਤੇ ਹੋਈ ਗੱਲਬਾਤ ’ਚ ਮੋਦੀ ਅਤੇ ਪੂਤਿਨ ਨੇ ਦੁਵੱਲੇ ਸਹਿਯੋਗ ’ਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਵਿਚਾਰ ਪ੍ਰਗਟ ਕੀਤੇ। ਬਿਆਨ ਮੁਤਾਬਕ ਰੂਸ-ਯੂਕਰੇਨ ਜੰਗ ਬਾਰੇ ਚਰਚਾ ਕਰਦਿਆਂ ਮੋਦੀ ਨੇ ਭਾਰਤ ਵੱਲੋਂ ਮੁੜ ਵਾਰਤਾ ਅਤੇ ਕੂਟਨੀਤੀ ਦੀ ਵਕਾਲਤ ਕੀਤੀ। ਇਸ ਦੇ ਨਾਲ ਦੋਵੇਂ ਆਗੂ ਇਕ-ਦੂਜੇ ਦੇ ਸੰਪਰਕ ’ਚ ਰਹਿਣ ਲਈ ਵੀ ਰਾਜ਼ੀ ਹੋਏ। ਪੂਤਿਨ ਦੇ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਮੋਦੀ ਨੇ ਰੂਸ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਕ੍ਰੈਮਲਿਨ ਦੇ ਬਿਆਨ ਮੁਤਾਬਕ ਦੋਵੇਂ ਮੁਲਕਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਵਪਾਰ, ਆਰਥਿਕ ਅਤੇ ਨਿਵੇਸ਼ ਦੇ ਨਾਲ ਹੀ ਊਰਜਾ ਤੇ ਟਰਾਂਸਪੋਰਟ ਦੇ ਖੇਤਰਾਂ ’ਚ ਦੁਵੱਲੇ ਸਬੰਧ ਮਜ਼ਬੂਤੀ ਨਾਲ ਅਗਾਂਹ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਏਜੰਡੇ ਖਾਸ ਕਰਕੇ ਯੂਕਰੇਨ ਦੇ ਹਾਲਾਤ ਸਮੇਤ ਹੋਰ ਕਈ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ। ਸ਼ੰਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਸਮੇਤ ਬਹੁਧਿਰੀ ਸਰੂਪਾਂ ’ਚ ਰੂਸ ਅਤੇ ਭਾਰਤ ਵਿਚਕਾਰ ਤਾਲਮੇਲ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਗਿਆ। ਕ੍ਰੈਮਲਿਨ ਨੇ ਕਿਹਾ ਕਿ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਨਿੱਘੇ ਅਤੇ ਦੋਸਤਾਨਾ ਢੰਗ ਨਾਲ ਹੋਈ। -ਪੀਟੀਆਈ

‘ਯੂਕਰੇਨ ਜੰਗ ਦੇ ਫੌਰੀ ਅਤੇ ਸ਼ਾਂਤਮਈ ਹੱਲ ਦੀਆਂ ਕੋਸ਼ਿਸ਼ਾਂ ਦੀ ਭਾਰਤ ਕਰਦੈ ਹਮਾਇਤ’

ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਮਗਰੋਂ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੂੰ ਕੀਤੇ ਗਏ ਫੋਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਫ਼ੌਰੀ ਅਤੇ ਸ਼ਾਂਤਮਈ ਹੱਲ ਦੀਆਂ ਕੋਸ਼ਿਸ਼ਾਂ ਦੀ ਭਾਰਤ ਹਮਾਇਤ ਕਰਦਾ ਹੈ। ਜ਼ੈਲੇਂਸਕੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ, ਯੂਕਰੇਨ ਨੂੰ ਮਾਨਵੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰਖੇਗਾ। ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ,‘‘ਰਾਸ਼ਟਰਪਤੀ ਜ਼ੈਲੇਂਸਕੀ ਨਾਲ ਭਾਰਤ-ਯੂਕਰੇਨ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਵਧੀਆ ਗੱਲਬਾਤ ਹੋਈ। ਸ਼ਾਂਤੀ ਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਜੰਗ ਨੂੰ ਫੌਰੀ ਖ਼ਤਮ ਕਰਨ ਲਈ ਭਾਰਤ ਦੀ ਲਗਾਤਾਰ ਹਮਾਇਤ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਭਾਰਤ ਆਪਣੀ ਜਨ ਕੇਂਦਰਿਤ ਪਹੁੰਚ ਰਾਹੀਂ ਮਾਨਵੀ ਸਹਾਇਤਾ ਦੇਣਾ ਜਾਰੀ ਰਖੇਗਾ।’’ ਇਕ ਬਿਆਨ ’ਚ ਕਿਹਾ ਗਿਆ ਕਿ ਜ਼ੈਲੇਂਸਕੀ ਨੇ ਭਾਰਤ ਵੱਲੋਂ ਯੂਕਰੇਨ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਮਾਨਵੀ ਸਹਾਇਤਾ ਜਾਰੀ ਰੱਖਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×