ਦਿਨੇਸ਼ ਬੱਬੂ ਪਠਾਨਕੋਟ ’ਚੋਂ ਜਿੱਤੇ ਗੁਰਦਾਸਪੁਰੋਂ ਹਾਰੇ
ਐਨ.ਪੀ. ਧਵਨ
ਪਠਾਨਕੋਟ, 4 ਜੂਨ
ਲੋਕ ਸਭਾ ਚੋਣਾਂ ਵਿੱਚ ਹਾਰ ਜਿੱਤ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਵਿੱਚ ਗਣਿਤ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ ਸੰਸਦੀ ਸੀਟ ਅੰਦਰ ਕਾਂਗਰਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਪਰ ਜਿੱਤ ਦੇ ਬਾਵਜੂਦ ਕਾਂਗਰਸ ਪਾਰਟੀ ਜ਼ਿਲ੍ਹਾ ਪਠਾਨਕੋਟ ’ਤੇ ਦੂਜੇ ਸਥਾਨ ਤੇ ਰਹੀ ਜਦ ਕਿ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਸਥਾਨਕ ਉਮੀਦਵਾਰ ਹੋਣ ਕਰਕੇ ਪਠਾਨਕੋਟ ਜ਼ਿਲ੍ਹੇ ਦੇ ਵੋਟਰਾਂ ਨੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ। ਹਾਲਾਂਕਿ ਦਿਨੇਸ਼ ਸਿੰਘ ਬੱਬੂ ਬਾਕੀ 6 ਹਲਕਿਆਂ ਗੁਰਦਾਸਪੁਰ, ਕਾਦੀਆਂ, ਬਟਾਲਾ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਤੇ ਦੀਨਾਨਗਰ ਵਿੱਚੋਂ ਹਾਰ ਗਿਆ। ਇਸ ਤਰ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਪਠਾਨਕੋਟ ਦਾ ਕੰਢੀ ਜ਼ਿਲ੍ਹਾ ਵੀ ਹਿੰਦੂ ਬੈਲਟ ਹੋਣ ਕਾਰਨ ਬੱਬੂ ਦੇ ਹੱਕ ਵਿੱਚ ਭੁਗਤਿਆ।
ਜਾਣਕਾਰੀ ਮੁਤਾਬਕ ਪਠਾਨਕੋਟ ਜ਼ਿਲ੍ਹੇ ਵਿੱਚੋਂ ਦਿਨੇਸ਼ ਸਿੰਘ ਬੱਬੂ ਨੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨਾਲੋਂ 61,051 ਵੋਟਾਂ ਵੱਧ ਪ੍ਰਾਪਤ ਕੀਤੀਆਂ ਪਰ ਬਾਕੀ 6 ਹਲਕਿਆਂ ਵਿੱਚੋਂ ਪੂਰਾ ਸਮਰਥਨ ਨਾ ਮਿਲਣ ਕਰਕੇ ਉਹ 82,790 ਵੋਟਾਂ ਨਾਲ ਹਾਰ ਗਏ। ਦਿਨੇਸ਼ ਬੱਬੂ ਨੂੰ ਪਠਾਨਕੋਟ ਵਿਧਾਨ ਸਭਾ ਹਲਕੇ ਵਿੱਚੋਂ 21454, ਸੁਜਾਨਪੁਰ ਹਲਕੇ ਵਿੱਚੋਂ 26781 ਅਤੇ ਭੋਆ ਹਲਕੇ ਵਿੱਚੋਂ 12816 ਵੱਧ ਵੋਟਾਂ ਮਿਲੀਆਂ। ਪਠਾਨਕੋਟ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਧਾਵਾ ਦੂਸਰੇ ਸਥਾਨ ’ਤੇ ਰਹੇ ਜਦ ਕਿ ਆਮ ਆਦਮੀ ਪਾਰਟੀ ਦੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੀਸਰੇ ਸਥਾਨ ’ਤੇ ਰਹੇ ਤੇ ‘ਆਪ’ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੁਫਤ ਬਿਜਲੀ ਅਤੇ ਮੁਹੱਲਾ ਕਲੀਨਿਕਾਂ ਦੀਆਂ ਸਹੂਲਤਾਂ ਵੀ ਕਿਸੇ ਕੰਮ ਨਾ ਆ ਸਕੀਆਂ। ਇੱਥੋਂ ਤੱਕ ਕਿ ਇਸ ਭੋਆ ਹਲਕੇ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਆਪਣਾ ਹਲਕਾ ਵੀ ਨਾ ਬਚਾ ਸਕੇ ਤੇ ਉਥੋਂ ਵੀ ‘ਆਪ’ ਤੀਜੇ ਸਥਾਨ ’ਤੇ ਆਈ। ਇਹੀ ਹਾਲਤ ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਅਮਿਤ ਵਿੱਜ ਦੀ ਰਹੀ ਜੋ ਆਪਣੇ ਵਾਰਡ-32 ’ਚ ਵੀ ਸਾਖ ਨਾ ਬਚਾ ਸਕੇ ਤੇ ਰੰਧਾਵਾ ਨੂੰ ਵਿਰੋਧੀ ਉਮੀਦਵਾਰ ਦੇ ਮੁਕਾਬਲੇ ਉਥੋ 921 ਵੋਟਾਂ ਘੱਟ ਪਈਆਂ।