ਦੀਨਾਨਗਰ: ਕਾਂਗਰਸ ਵੱਲੋਂ ਦੋ ਬਲਾਕਾਂ ਦੇ ਅਹੁਦੇਦਾਰ ਨਿਯੁਕਤ
ਪੱਤਰ ਪ੍ਰੇਰਕ
ਦੀਨਾਨਗਰ, 5 ਫਰਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸਸੀ ਸੈੱਲ ਵੱਲੋਂ ਅੱਜ ਦੀਨਾਨਗਰ ਦੇ ਦੋਵੇਂ ਬਲਾਕਾਂ ’ਚ ਅਹਿਮ ਨਿਯੁਕਤੀਆਂ ਕਰਦਿਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ ਗਿਆ। ਇਹ ਮੀਟਿੰਗ ਐੱਸਸੀ ਸੈੱਲ ਦੇ ਸੂਬਾ ਉਪ ਚੇਅਰਮੈਨ ਜਿੰਮੀ ਬਰਾੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੈੱਲ ਦੇ ਮਾਝਾ ਜ਼ੋਨ ਇੰਚਾਰਜ ਅਜੇ ਪਾਲ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਚੇਅਰਮੈਨ ਮਨਦੀਪ ਸਿੰਘ ਰੰਗਲਨੰਗਲ ਸਣੇ ਹਲਕਾ ਵਿਧਾਇਕਾ ਅਰੁਣਾ ਚੌਧਰੀ ਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਸ਼ਾਮਲ ਹੋਏ। ਸੂਬਾਈ ਕਮੇਟੀ ਵੱਲੋਂ ਇਸ ਦੌਰਾਨ ਸੁਰੇਸ਼ ਕੁਮਾਰ ਬਾਲਾਪਿੰਡੀ ਨੂੰ ਬਲਾਕ-1 ਦਾ ਚੇਅਰਮੈਨ ਲਗਾਇਆ ਗਿਆ ਜਦਕਿ ਬੋਧ ਰਾਜ ਲਵਲੀ ਤੇ ਰਾਕੇਸ਼ ਕੁਮਾਰ ਅਵਾਂਖਾ ਨੂੰ ਉਪ ਚੇਅਰਮੈਨ ਅਤੇ ਸ਼ਾਮ ਸੁੰਦਰ ਲੱਕੀ ਨੂੰ ਜ਼ਿਲ੍ਹਾ ਉਪ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸੇ ਤਰ੍ਹਾਂ ਦੇਸ ਰਾਜ ਜੰਡੀ ਨੂੰ ਬਲਾਕ-2 ਦਾ ਚੇਅਰਮੈਨ ਅਤੇ ਰਮੇਸ਼ ਕੁਮਾਰ ਕਲੌਤਰਾ ਤੇ ਰਮੇਸ਼ ਚੰਦਰ ਭਗਤ ਮਗਰਾਲਾ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ। ਇਨ੍ਹਾਂ ਅਹੁਦੇਦਾਰਾਂ ਨੂੰ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ।