For the best experience, open
https://m.punjabitribuneonline.com
on your mobile browser.
Advertisement

ਡਿੰਪੀ ਢਿੱਲੋਂ ‘ਆਪ’ ਵਿੱਚ ਸ਼ਾਮਲ

08:55 AM Aug 29, 2024 IST
ਡਿੰਪੀ ਢਿੱਲੋਂ ‘ਆਪ’ ਵਿੱਚ ਸ਼ਾਮਲ
ਗਿੱਦੜਬਾਹਾ ਵਿੱਚ ਡਿੰਪੀ ਢਿੱਲੋਂ ਨੂੰ ‘ਆਪ’ ਵਿੱਚ ਸ਼ਾਮਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ। -ਫੋਟੋ: ਪਵਨ ਕੁਮਾਰ
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਅਗਸਤ
ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਅਕਾਲੀ ਦਲ ਦੀ ਟਿਕਟ ’ਤੇ ਦੋ ਵਾਰ ਚੋਣ ਲੜ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਸਾਥੀਆਂ ਸਣੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਗਿੱਦੜਬਾਹਾ ਦੇ ਸੱਟਾ ਬਾਜ਼ਾਰ ਵਿੱਚ ਹੋਏ ਇਕ ਵਿਸ਼ਾਲ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋਂ ਤੇ ਉਸ ਦੇ ਭਰਾ ਸੰਨੀ ਢਿੱਲੋਂ, ਅਸ਼ੋਕ ਬੁੱਟਰ, ਸੁਭਾਸ਼ ਜੈਨ ਲਿੱਲੀ, ਸੰਨੀ ਢਿੱਲੋਂ ਅਤੇ ਜਸਵਿੰਦਰ ਢਿੱਲੋਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ।
ਡਿੰਪੀ ਦੀ ਪਿੱਠ ਥਾਪੜਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਗਿੱਦੜਬਾਹਾ ਦੀ ਧਰਤੀ ’ਤੇ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਹੀਰਾ (ਡਿੰਪੀ) ਉਨ੍ਹਾਂ ਦੀ ਪਾਰਟੀ ਵਿੱਚ ਆਇਆ ਹੈ ਅਤੇ ਉਹ ਇਸ ਨੂੰ ਆਪਣੇ ‘ਤਾਜ’ ਵਿੱਚ ਸਜਾ ਕੇ ਰੱਖਣਗੇ। ਅਕਾਲੀ ਦਲ ਛੱਡਣ ਤੇ ‘ਆਪ’ ਵਿੱਚ ਆਉਣ ਨੂੰ ਦਰੁਸਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਡਿੰਪੀ ਢਿੱਲੋਂ ਨੇ ਪਾਰਟੀ ਨਹੀਂ ਛੱਡੀ ਸਗੋਂ ਪਾਰਟੀ ਨੇ ਉਸ ਨੂੰ ਛੱਡਿਆ ਹੈ। ਉਨ੍ਹਾਂ ਡਿੰਪੀ ਢਿੱਲੋਂ ਦੀ ਹਲਕੇ ਦੇ ਵਿਕਾਸ ਕਾਰਜਾਂ ਦੀ ਮੰਗ ਨੂੰ ਮੌਕੇ ’ਤੇ ਪੂਰਿਆਂ ਕਰਦਿਆਂ ਕਿਹਾ ਕਿ ਸੀਵਰੇਜ ਤੇ ਪਾਣੀ ਵਾਸਤੇ 15 ਕਰੋੜ ਤੇ 13 ਕਰੋੜ ਦੇ ਟੈਂਡਰ 15 ਦਿਨਾਂ ’ਚ ਹੋ ਜਾਣਗੇ। ਇਸ ਦੇ ਨਾਲ ਹੀ 2500 ਕਿਊਸਕ ਪਾਣੀ ਵਾਲੀ ਮਾਲਵਾ ਨਹਿਰ ਵਿੱਚੋਂ ਖੇਤਾਂ ਨੂੰ ਪਾਣੀ ਦੇਣ ਵਾਸਤੇ ਪੱਖੇ ਲਾਉਣ ਦੀ ਵੀ ਇਜਾਜ਼ਤ ਦੇਣ ਦੀ ਰਜ਼ਾਮੰਦੀ ਦਿੱਤੀ, ਜਿਸ ਨਾਲ ਕਈ ਕਿਲੋਮੀਟਰ ਤੱਕ ਪਾਣੀ ਜਾਵੇਗਾ।
ਇਸ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਚਿਤਾਵਨੀ ਦਿੱਤੀ ਕਿ ਉਹ ਗਿੱਦੜਬਾਹਾ ਤੋਂ ਖੁਦ ਚੋਣ ਲੜ ਕੇ ਦਿਖਾਉਣ। ਉਨ੍ਹਾਂ ਕਿਹਾ ਕਿ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਨਾਲ ਅੱਜ 25 ਬੰਦੇ ਵੀ ਨਹੀਂ ਰਹੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁੱਦੇ ’ਤੇ ਲੋਕਾਂ ਨੇ ਤਾਂ ਫ਼ੈਸਲਾ ਕਰ ਹੀ ਦਿੱਤਾ ਹੈ ਹੁਣ ਸਰਕਾਰ ਵੀ ਕਰੇਗੀ। ਬਾਰੀਕੀ ਨਾਲ ਜਾਂਚ ਚੱਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਨੇ ਫ਼ੈਸਲਾ ਨਾ ਕੀਤਾ ਤਾਂ ਉਨ੍ਹਾਂ ਨੂੰ ਵੀ ਦੋਸ਼ੀ ਮੰਨਿਆ ਜਾਊ।
‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੀ ਤਕਰੀਰ ਦੌਰਾਨ ਭਗਵੰਤ ਮਾਨ ਦੀ ਸਿਫਤ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ‘ਮੁੱਖ ਮੰਤਰੀ ਰੱਬ ਦਾ ਰੂਪ’ ਹੁੰਦਾ ਹੈ। ਉਨ੍ਹਾਂ ਮਾਲਵਾ ਨਹਿਰ ਦੀ ਉਸਾਰੀ ਤੋਂ ਪਹਿਲਾਂ ਕਿਸਾਨਾਂ ਦੇ ਸੁਝਾਅ ਲੈਣ ਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਗਿੱਦੜਬਾਹਾ ਸ਼ਹਿਰ ਦੇ ਸੀਵਰੇਜ ਤੇ ਵਾਟਰ ਵਰਕਸ ਦੀ ਸਮੱਸਿਆ ਦਾ ਮੁੱਦਾ ਉਭਾਰਿਆ। ਅਕਾਲੀ ਦਲ ਛੱਡਣ ਦਾ ਦਰਦ ਬਿਆਨ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ 38 ਸਾਲ ਸਿਰਫ ਤੇ ਸਿਰਫ ਅਕਾਲੀ ਤੇ ਬਾਦਲ ਪਰਿਵਾਰ ਦੀ ਸੇਵਾ ਕੀਤੀ। ਉਸ ਨੂੰ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਤੀਜਾ ਨਾਂ ਨਹੀਂ ਸੀ ਆਉਂਦਾ ਪਰ ਹੁਣ ਜਦੋਂ ਸੁਖਬੀਰ ਬਾਦਲ, ਭਾਜਪਾ ’ਚੋਂ ਲਿਆ ਕੇ ਮਨਪ੍ਰੀਤ ਬਾਦਲ ਨੂੰ ਟਿਕਟ ਦੇਣ ਬਾਰੇ ਕਹਿਣ ਲੱਗੇ ਤਾਂ ਬਰਦਾਸ਼ਤ ਨਹੀਂ ਹੋਇਆ। ਅਕਾਲੀ ਵਰਕਰ ਵੀ ਭੰਬਲਭੂਸੇ ਵਿੱਚ ਸਨ। ਨਾ ਹੀ ਗਿੱਦੜਬਾਹਾ ਤੋਂ ਉਮੀਦਵਾਰ ਦਾ ਐਲਾਨ ਕੀਤਾ ਜਾ ਰਿਹਾ ਸੀ। ਇਸ ਕਰਕੇ ਆਪਣੇ ਸਮਰਥਕਾਂ ਦੇ ਮਸ਼ਵਰੇ ਮਗਰੋਂ ਹੀ ਉਨ੍ਹਾਂ ਅਕਾਲੀ ਦਲ ਛੱਡਿਆ ਤੇ ‘ਆਪ’ ਵਿੱਚ ਸ਼ਾਮਲ ਹੋਏ ਹਨ।

Advertisement

ਭਗਵੰਤ ਮਾਨ ਨੇ ਡਿੰਪੀ ਢਿੱਲੋਂ ਨੂੰ ਟਿਕਟ ਦੇਣ ਦਾ ਕੀਤਾ ਗੁੱਝਾ ਇਸ਼ਾਰਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਕਰੀਰ ਦੌਰਾਨ ਸਰੋਤਿਆਂ ਵਿੱਚੋਂ ਡਿੰਪੀ ਢਿੱਲੋਂ ਨੂੰ ਟਿਕਟ ਦੇਣ ਦੀ ਮੰਗ ਉਭਾਰਨ ’ਤੇ ਭਗਵੰਤ ਮਾਨ ਨੇ ਆਪਣੀ ਰਵਾਇਤੀ ਕਲਾਕਾਰੀ ਸ਼ੈਲੀ ’ਚ ਕਿਹਾ, ‘‘ਉਹ ਪਾਰਟੀ ’ਚ ਆ ਚੁੱਕੇ ਹਨ। ਅਗਲੀਆਂ ਵੱਡੀਆਂ ਜ਼ਿੰਮੇਵਾਰੀ ਵਾਸਤੇ ਤਿਆਰ ਹੋ ਜਾਣ। ਨਕਸ਼ੇ ਤਿਆਰ ਕਰ ਲਓ ਕੀ ਕਰਨਾ ਹੈ। ਬਹੁਤ ਵੱਡੀਆਂ ਜ਼ਿੰਮੇਵਾਰੀਆਂ ਡਿੰਪੀ ਢਿੱਲੋਂ ਦੀ ਉਡੀਕ ਕਰ ਰਹੀਆਂ ਨੇ।’’

Advertisement

Advertisement
Author Image

joginder kumar

View all posts

Advertisement