For the best experience, open
https://m.punjabitribuneonline.com
on your mobile browser.
Advertisement

ਦਿਲਰੋਜ਼ ਦੇ ਮਾਪਿਆਂ ਨੂੰ ਢਾਈ ਸਾਲ ਦੀ ਅਦਾਲਤੀ ਲੜਾਈ ਮਗਰੋਂ ਮਿਲਿਆ ਇਨਸਾਫ਼

08:41 AM Apr 19, 2024 IST
ਦਿਲਰੋਜ਼ ਦੇ ਮਾਪਿਆਂ ਨੂੰ ਢਾਈ ਸਾਲ ਦੀ ਅਦਾਲਤੀ ਲੜਾਈ ਮਗਰੋਂ ਮਿਲਿਆ ਇਨਸਾਫ਼
ਦੋਸ਼ੀ ਨੀਲਮ ਨੂੰ ਜੇਲ੍ਹ ਲਿਜਾਂਦੀ ਹੋਈ ਪੁਲੀਸ ਤੇ (ਇਨਸੈੱਟ) ਦਿਲਰੋਜ਼ ਦੀ ਪੁਰਾਣੀ ਤਸਵੀਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 18 ਅਪਰੈਲ
ਸ਼ਿਮਲਾਪੁਰੀ ਇਲਾਕੇ ’ਚ 2 ਸਾਲ ਦੀ ਬੱਚੀ ਦਿਲਰੋਜ਼ ਨੂੰ ਟੋਏ ਵਿੱਚ ਦੱਬ ਕੇ ਜਿਊਂਦਿਆਂ ਹੀ ਮਾਰਨ ਦੇ ਮਾਮਲੇ ’ਚ ਦੋਸ਼ੀ ਨੀਲਮ ਨੂੰ ਫ਼ਾਂਸੀ ਦੀ ਸਜ਼ਾ ਮਿਲਣ ਨਾਲ ਆਖਰ ਬੱਚੀ ਦੇ ਮਾਪਿਆਂ ਨੂੰ ਢਾਈ ਸਾਲ ਦੀ ਅਦਾਲਤੀ ਲੜਾਈ ਮਗਰੋਂ ਇਨਸਾਫ਼ ਮਿਲ ਗਿਆ। ਜਾਣਕਾਰੀ ਅਨੁਸਾਰ ਸਜ਼ਾ ਦਾ ਐਲਾਨ ਹੁੰਦਿਆਂ ਹੀ ਲੁਧਿਆਣਾ ਅਦਾਲਤ ਦੇ ਬਾਹਰ ਖੜ੍ਹੇ ਦਿਲਰੋਜ਼ ਦੇ ਮਾਪੇ ਭਾਵੁਕ ਹੋ ਗਏ ਤੇ ਉਨ੍ਹਾਂ ਦਾ ਫ਼ੈਸਲਾ ਆਉਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਫੈਸਲਾ ਆਉਣ ਤੋਂ ਪਹਿਲਾਂ ਦਿਲਰੋਜ਼ ਦੀ ਮਾਂ ਕਿਰਨ ਅਦਾਲਤ ਦੇ ਬਾਹਰ ਹੀ ਗੁਟਕਾ ਸਾਹਿਬ ਲੈ ਕੇ ਪਾਠ ਕਰਦੀ ਰਹੀ। ਦਿਲਰੋਜ਼ ਦੇ ਪਿਤਾ ਦਾਦਾ ਵੀ ਅਦਾਲਤ ਦੇ ਬਾਹਰ ਹੱਥ ਜੋੜ ਖੜ੍ਹੇ ਰਹੇ। ਜਦੋਂ ਜੇਲ੍ਹ ਵਿੱਚੋਂ ਦਿਲਰੋਜ਼ ਦੀ ਕਾਤਲ ਨੀਲਮ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਲਿਆਂਦਾ ਗਿਆ ਤਾਂ ਪਰਿਵਾਰ ਵਾਲੇ ਵੀ ਵਕੀਲ ਦੇ ਨਾਲ ਅੰਦਰ ਚਲੇ ਗਏ। ਉਨ੍ਹਾਂ ਅਦਾਲਤ ਦੀ ਪੂਰੀ ਕਾਰਵਾਈ ਨੂੰ ਸੁਣਿਆ। ਇਸ ਦੌਰਾਨ ਸੈਸ਼ਨ ਜੱਜ ਮਨੀਸ਼ ਸਿੰਘਲ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਨੀਲਮ ਨੂੰ ਸਜ਼ਾ-ਏ ਮੌਤ ਦਿੱਤੀ ਜਾਂਦੀ ਹੈ। ਫੈਸਲੇ ਨੂੰ ਸੁਣਦੇ ਹੀ ਦਿਲਰੋਜ਼ ਮਾਪੇ ਭਾਵੁਕ ਹੋ ਗਏ ਤੇ ਉਨ੍ਹਾਂ ਜੱਜ ਅਤੇ ਵਕੀਲ ਦਾ ਧੰਨਵਾਦ ਕੀਤਾ। ਦੂਜੇ ਪਾਸੇ ਫੈਸਲੇ ਦੀ ਖ਼ਬਰ ਮਿਲਦੇ ਹੀ ਦਿਲਰੋਜ਼ ਦੇ ਘਰ ਉਸ ਦੇ ਮਾਪਿਆਂ ਨੂੰ ਮਿਲਣ ਵਾਲਿਆਂ ਦੀ ਭੀੜ ਲੱਗ ਗਈ। ਮੁਹੱਲੇ ਦੇ ਲੋਕ ਵੀ ਇਸ ਫੈਸਲੇ ਦੀ ਸ਼ਲਾਘਾ ਕਰਦੇ ਰਹੇ।
ਦਿਲਰੋਜ਼ ਦੀ ਕਾਤਲ ਨੂੰ ਸਜ਼ਾ ਦਿਵਾਉਣ ’ਚ ਵਕੀਲਾਂ ਦੇ ਨਾਲ-ਨਾਲ ਪੁਲੀਸ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਕੇਸ ਦੀ ਜਾਂਚ ਕਰਨ ਵਾਲੇ ਪੰਜਾਬ ਪੁਲੀਸ ਦੇ ਏਐੱਸਆਈ ਗੁਰਬਖਸ਼ੀਸ਼ ਸਿੰਘ ਨੇ ਪੂਰੀ ਲਗਨ ਨਾਲ ਬੱਚੀ ਦੇ ਪਰਿਵਾਰ ਨਾਲ ਗੱਲਬਾਤ ਕਰ ਜਾਂਚ ਅੱਗੇ ਵਧਾਈ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਇਸ ਕੇਸ ਨੂੰ ਇੱਥੇ ਤੱਕ ਪੁੱਜਣ ਲਈ ਪੁਲੀਸ ਵੱਲੋਂ ਸ਼ਹਿਰ ’ਚ ਲਾਏ ਗਏ ਸੇਫ਼ ਸਿਟੀ ਪ੍ਰਾਜੈਕਟ ਤਹਿਤ ਕੈਮਰਿਆਂ ਨੇ ਅਹਿਮ ਭੂਮਿਕਾ ਨਿਭਾਈ। ਪੁਲੀਸ ਨੇ ਕੈਮਰਿਆਂ ਦੀ ਫੁਟੇਜ ਤੋਂ ਲਏ ਗਏ ਸਕਰੀਨਸ਼ਾਟ ਤੇ ਫੋਨ ਦੀ ਜਾਣਕਾਰੀ ਤੱਕ ਅਦਾਲਤ ’ਚ ਪੇਸ਼ ਕੀਤੀ। ਨਾਲ ਦੀ ਨਾਲ ਇਸ ਮਾਮਲੇ ’ਚ 25 ਦੇ ਕਰੀਬ ਗਵਾਹੀਆਂ ਵੀ ਦਿੱਤੀਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੇਸ ’ਚ ਮੁਲਜ਼ਮ ਨੀਲਮ ਦੇ ਵਕੀਲ ਅਤੇ ਜਾਂਚ ਅਧਿਕਾਰੀ ਏਐੱਸਆਈ ਗੁਰਬਖਸ਼ੀਸ਼ ਸਿੰਘ ਦੀ ਤਿੰਨ ਦਿਨ ਤੱਕ ਕਰਾਸ ਬਹਿਸ ਵੀ ਹੋਈ ਜਿਸ ’ਚ ਏਐਸਆਈ ਗੁਰਬਖਸ਼ੀਸ਼ ਸਿੰਘ ਨੇ ਪੁਲੀਸ ਦੇ ਵੱਲੋਂ ਸਾਰੇ ਸਬੂਤ ਤੇ ਹੋਰ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਬਾਅਦ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਉਨ੍ਹਾਂ ਨੂੰ ਸਬੂਤਾਂ ਤੇ ਗਵਾਹਾਂ ਦੇ ਆਧਾਰ ’ਤੇ ਦੋਸ਼ ਠਹਿਰਾਉਂਦੇ ਹੋਏ ਨੀਲਮ ਨੂੰ ਫਾਂਸੀਂ ਦੀ ਸਜ਼ਾ ਸੁਣਾ ਦਿੱਤੀ।ਨੀਲਮ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ’ਚੋਂ ਬੱਚੀ ਦਿਲਰੋਜ਼ ਨੂੰ ਸਕੂਟਰੀ ’ਤੇ ਆਪਣੇ ਨਾਲ ਲੈ ਗਈ ਸੀ। ਬੱਚੀ ਦੇ ਨਾ ਮਿਲਣ ’ਤੇ ਪਰਿਵਾਰ ਨੇ ਉਸ ਦੇ ਅਗਵਾ ਦਾ ਸ਼ੱਕ ਜ਼ਾਹਰ ਕੀਤਾ। ਇਸ ਮਗਰੋਂ ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਤੋਂ ਪਤਾ ਲੱਗਾ ਕਿ ਦਿਲਰੋਜ਼ ਨੂੰ ਨੀਲਮ ਆਪਣੇ ਨਾਲ ਲੈ ਕੇ ਗਈ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪੁਲੀਸ ਤੋਂ ਪਤਾ ਲੱਗਾ ਕਿ ਬੱਚੀ ਨੂੰ ਟੋਏ ਵਿੱਚ ਦੱਬ ਕੇ ਮਾਰ ਦਿੱਤਾ ਹੈ। ਪੁੱਛ-ਪੜਤਾਲ ’ਚ ਦੋਸ਼ੀ ਨੀਲਮ ਨੇ ਦੱਸਿਆ ਸੀ ਕਿ ਹਰਪ੍ਰੀਤ ਪੁਲੀਸ ਮੁਲਾਜ਼ਮ ਹੈ ਤੇ ਉਹ ਆਪਣੀ ਪਤਨੀ ਤੇ ਬੱਚੀ ਨੂੰ ਉਸ ਨਾਲ ਮਿਲਣ ਤੋਂ ਰੋਕਦਾ ਹੈ। ਇਸ ਕਾਰਨ ਨੀਲਮ ਹਰਪ੍ਰੀਤ ਨਾਲ ਰੰਜਿਸ਼ ਰੱਖਣ ਲੱਗੀ ਸੀ। ਨੀਲਮ ਤਲਾਕਸ਼ੁਦਾ ਹੋਣ ਦੇ ਨਾਲ ਦੋ ਬੱਚਿਆਂ ਦੀ ਮਾਂ ਸੀ, ਜਿਨ੍ਹਾਂ ਲਈ ਜ਼ਿਆਦਾ ਖਰਚਾ ਨਹੀਂ ਕਰ ਪਾਉਂਦੀ ਸੀ। ਉਹ ਦਿਲਰੋਜ਼ ਦੇ ਕੋਲ ਰੋਜ਼ਾਨਾ ਨਵਾਂ ਖਿਡੌਣਾ ਦੇਖ ਸਾੜਾ ਰੱਖਦੀ ਸੀ ਕਿ ਉਸ ਦੇ ਬੱਚਿਆਂ ਕੋਲ ਅਜਿਹਾ ਕੁਝ ਨਹੀਂ ਹੈ। ਇਸੇ ਕਾਰਨ ਉਸ ਨੇ ਬੱਚੀ ਨੂੰ ਮਾਰ ਦਿੱਤਾ।

Advertisement

Advertisement
Author Image

joginder kumar

View all posts

Advertisement
Advertisement
×