ਸੀਆ ਨਾਲ ਦਿਲਜੀਤ ਦਾ ਗੀਤ ‘ਹੱਸ ਹੱਸ’ ਅੱਜ ਹੋਵੇਗਾ ਰਿਲੀਜ਼
ਮੁੰਬਈ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਆਉਣ ਵਾਲੇ ਗੀਤ ‘ਹੱਸ ਹੱਸ’ ਲਈ ਆਸਟਰੇਲਿਆਈ ਗਾਇਕਾ ਸੀਆ ਨਾਲ ਕੰਮ ਕਰ ਰਿਹਾ ਹੈ। ਦਿਲਜੀਤ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਗੀਤ ਭਲਕੇ 26 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਦਿਲਜੀਤ ਨੇ ‘ਸੀਆ ਲਵਰਜ਼’ ਨਾਮੀ ਸੀਆ ਦੇ ਫੈਨ ਪੇਜ ਦੇ ਟਵੀਟ ਦੇ ਜਵਾਬ ਵਿੱਚ ਇਹ ਐਲਾਨ ਕੀਤਾ। ਉਸ ਨੇ ਕਿਹਾ, ‘‘ਸੀਆ ਦੇ ਪ੍ਰਸ਼ੰਸਕੋ, ਮੈਂ ਵੀ ਤੁਹਾਡੇ ਵਿੱਚੋਂ ਹੀ ਇੱਕ ਹਾਂ। ਅਸੀਂ ਸੀਆ ਨੂੰ ਪਿਆਰ ਕਰਦੇ ਹਾਂ।’’ ਫੈਨਪੇਜ ਨੇ ਦੋਵੇਂ ਫਨਕਾਰਾਂ ਦਾ ਇੱਕ ਚਿੱਤਰ ਵੀ ਸਾਂਝਾ ਕੀਤਾ ਹੈ ਜਿਸ ’ਤੇ ਗੀਤ ਦਾ ਨਾਮ ‘ਹੱਸ ਹੱਸ’ ਅਤੇ ਦੋਵੇਂ ਗਾਇਕਾਂ ਦੇ ਨਾਮ ਲਿਖੇ ਹੋਏ ਹਨ। ਜ਼ਿਕਰਯੋਗ ਹੈ ਕਿ ਜੁਲਾਈ ਵਿੱਚ ਦਿਲਜੀਤ ਨੂੰ ਸੀਆ ਨਾਲ ਰਿਕਾਰਡਿੰਗ ਕੀਤੀ ਸੀ ਜਿਸ ਮਗਰੋਂ ਦੋਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਸਨ ਹਾਲਾਂਕਿ ਇਸ ਤੋਂ ਬਾਅਦ ‘ਮਾਨਾ ਦਿਲ’ ਦੇ ਗਾਇਕ ਨੇ ਇਸ ਬਾਰੇ ਚੁੱਪ ਵੱਟੀ ਹੋਈ ਸੀ ਅਤੇ ਇਸ ਬਾਰੇ ਬਹੁਤੇ ਵਿਸਥਾਰ ਵਿੱਚ ਨਹੀਂ ਦੱਸਿਆ ਸੀ। ਇਸ ਤੋਂ ਪਹਿਲਾਂ ਅਫਵਾਹ ਉੱਡੀ ਸੀ ਕਿ ਸੀਆ ਪੰਜਾਬੀ ਅਦਾਕਾਰ-ਗਾਇਕ ਨਾਲ ਉਸ ਦੀ ਐਲਬਮ ‘ਘੋਸਟ’ ਵਿੱਚ ਗਾਉਂਦੀ ਨਜ਼ਰ ਆਵੇਗੀ ਪਰ 29 ਸਤੰਬਰ ਨੂੰ ਰਿਲੀਜ਼ ਹੋਈ ਇਸ ਐਲਬਮ ਵਿੱਚ ਉਸ ਦਾ ਕੋਈ ਗੀਤ ਨਹੀਂ ਸੀ। ਦਿਲਜੀਤ ਨੇ ਹਾਲ ਹੀ ਵਿੱਚ ਆਸਟਰੇਲੀਆ ’ਚ ਸਭ ਤੋਂ ਵੱਡਾ ਸ਼ੋਅ ਕੀਤਾ ਹੈ। ਉਹ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਗਾਇਕ ਹੈ ਜਿਸ ਦੇ ਸ਼ੋਅ ਦੀਆਂ ਸਭ ਤੋਂ ਵੱਧ ਟਿਕਟਾਂ ਵਿਕੀਆਂ ਹੋਣ। -ਆਈਏਐੱਨਐੱਸ