‘ਦਿਲ-ਲੂਮਿਨਾਟੀ ਇੰਡੀਆ ਟੂਰ’ ਦੇ ਸ਼ੋਅ ’ਚ ਚੱਲਿਆ ਦਿਲਜੀਤ ਦਾ ਜਾਦੂ
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ‘ਦਿਲ-ਲੂਮਿਨਾਟੀ ਇੰਡੀਆ ਟੂਰ’ ਦੇ ਦੂਸਰੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੀ ਗਾਇਕੀ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲਿਆ ਅਤੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਵੱਡੇ ਸੁਫ਼ਨੇ ਦੇਖਣ ਦਾ ਸੁਨੇਹਾ ਦਿੱਤਾ। ਗਾਇਕ ਦੋਸਾਂਝ ਨੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਦੋ ਘੰਟੇ ਦੀ ਪੇਸ਼ਕਾਰੀ ਦੌਰਾਨ ਲਗਪਗ 40,000 ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਉਨ੍ਹਾਂ ‘ਪੰਚ ਤਾਰਾ’ ‘ਡੂ ਯੂ ਨੋ’, ‘ਗੋਟ’, ‘ਪ੍ਰਾਪਰ ਪਟੋਲਾ’, ‘ਹਸ ਹਸ’, ਲੈਮਨੇਡ’, ਕਿੰਨੀ ਕਿੰਨੀ’, ‘ਨੈਣਾ’, ‘ਇੱਕ ਕੁੜੀ’, ‘ਕਲੈਸ਼’, ‘ਲਵਰ’, ‘ਖੱਟੀ’ ਅਤੇ ‘ਪਟਿਆਲਾ ਪੈੱਗ’ ਵਰਗੇ ਗੀਤ ਪੇਸ਼ ਕੀਤੇ। ਨਵੀਂ ਦਿੱਲੀ ਵਿੱਚ ਉਸ ਦਾ ਲਗਾਤਾਰ ਦੂਸਰਾ ਬਹੁ-ਚਰਚਿਤ ਸੰਗੀਤ ਪ੍ਰੋਗਰਾਮ ਸ਼ਾਮ 7.44 ਵਜੇ ਸ਼ੁਰੂ ਹੋਇਆ। ਇਸ ਦੌਰਾਨ ਉਹ ਮੰਚ ’ਤੇ ਚਿੱਟੇ ਕੁੜਤੇ-ਚਾਦਰੇ, ਪੱਗ ਅਤੇ ਐਵੀਏਟਰ ਚਸ਼ਮੇ ਨਾਲ ਦਿਖਾਈ ਦਿੱਤਾ। ਉਨ੍ਹਾਂ ਸ਼ੋਅ ਦੀ ਸ਼ੁਰੂਆਤ ਮਕਬੂਲ ਗੀਤ ‘ਬੌਰਨ ਟੂ ਸ਼ਾਈਨ’ ਨਾਲ ਕੀਤੀ। ਇਸ ਦੌਰਾਨ ਦਿਲਜੀਤ ਨੇ ਦਰਸ਼ਕਾਂ ਨੂੰ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਵੱਡੇ ਸੁਫ਼ਨੇ ਦੇਖੋ। ਕ੍ਰਿਪਾ ਕਰ ਕੇ ਜਿੰਨਾ ਸੰਭਵ ਹੋਵੇ ਓਨਾ ਵੱਡਾ ਸੁਫ਼ਨਾ ਦੇਖੋ। ਜੇਕਰ ਮੈਂ ਕਰ ਸਕਦਾ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ।’’ ‘ਦਿਲ-ਲੂਮਿਨਾਟੀ ਇੰਡੀਆ ਟੂਰ’ ਸਾਰੇਗਾਮਾ ਲਾਈਵ ਅਤੇ ਰਿਪਲ ਇਫੈਕਟ ਸਟੂਡੀਓ ਨੇ ਕਰਵਾਇਆ ਅਤੇ ਜੋਮੈਟੋ ਲਾਈਵ ਇਸ ਦਾ ਟਿਕਟ ਪਾਰਟਨਰ ਹੈ। ਸਕੂਲੀ ਬੱਚਿਆਂ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਤੱਕ ਦੇ ਪ੍ਰਸ਼ੰਸਕ ਦਿਲਜੀਤ ਦਾ ਸ਼ੋਅ ਦੇਖਣ ਲਈ ਦਵਾਰਕਾ ਅਤੇ ਗੁਰੂਗ੍ਰਾਮ ਤੱਕ ਤੋਂ ਆਏ ਹੋਏ ਸਨ। -ਪੀਟੀਆਈ