ਹਾਈ ਕੋਰਟ ਦੀਆਂ ਸ਼ਰਤਾਂ ਹੇਠ ਦਿਲਜੀਤ ਦਾ ਕੰਸਰਟ ਅੱਜ
ਮੁਕੇਸ਼ ਕੁਮਾਰ
ਚੰਡੀਗੜ੍ਹ, 13 ਦਸੰਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ‘ਦਿਲ-ਲੁਮੀਨਾਟੀ’ ਕੰਸਰਟ ਕਈ ਤਰ੍ਹਾਂ ਦੀਆਂ ਪਾਬੰਦੀਆਂ ਵਿੱਚ ਭਲਕੇ 14 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਕੰਸਰਟ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਵਿਰੋਧ ਸੀ। ਇਸ ਕੰਸਰਟ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸ਼ਰਤਾਂ ਜੋੜਿਆਂ ਗਿਆ ਸਨ, ਉਥੇ ਇਸ ਕੰਸਰਟ ਨੂੰ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਕੰਸਰਟ ਨੂੰ ਹਰੀ ਝੰਡੀ ਦਿੰਦੇ ਹੋਏ ਕਈ ਸ਼ਰਤਾਂ ਲਗਾਈਆਂ ਹਨ। ਉਧਰ ਚੰਡੀਗੜ੍ਹ ਪੁਲੀਸ ਨੇ ਹਾਈ ਕੋਰਟ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਆਮ ਲੋਕਾਂ ਸਮੇਤ ਇਸ ਕੰਸਰਟ ਵਿੱਚ ਸ਼ਮਲ ਹੋਣ ਵਾਲੇ ਦਰਸ਼ਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸ਼ੋਅ ਵਾਲੇ ਦਿਨ ਦੁਪਹਿਰ ਬਾਅਦ ਚਾਰ ਵਜੇ ਤੋਂ ਬਾਅਦ ਸੈਕਟਰ-34 ਦਾ ਆਲਾ ਦੁਆਲਾ ਵਾਹਨਾਂ ਦੀ ਆਵਾਜਾਈ ਲਈ ਲਗਪਗ ਪੂਰਾ ਸੀਲ ਰਹੇਗਾ। ਸੈਕਟਰ-34 ਵਿੱਚ ਦਰਸ਼ਕਾਂ ਲਈ ਪਾਰਕਿੰਗ ਦੀ ਵਿਵਸਥਾ ਨਹੀਂ ਕੀਤੀ ਗਈ। ਦਰਸ਼ਕਾਂ ਲਈ ਪੁਲੀਸ ਵੱਲੋਂ ਸੈਕਟਰ 43, 44, 45 ਸੈਕਟਰ 17, 29 ਵਿੱਚ ਵਾਹਨ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਜਿੱਥੋਂ ਉਨ੍ਹਾਂ ਨੂੰ ਸ਼ਟਲ ਬੱਸ ਸੇਵਾ ਜਾਂ ਓਲਾ ਅਤੇ ਉਬੇਰ ਰਾਹੀਂ ਸੈਕਟਰ-34 ਸਥਿਤ ਪ੍ਰਦਰਸ਼ਨੀ ਮੈਦਾਨ ਲਿਜਾਇਆ ਜਾਵੇਗਾ। ਟਰਾਂਸਪੋਰਟ ਲਾਈਟ ਪੁਆਇੰਟ ਸੈਕਟਰ-26 ਤੋਂ ਆਉਣ ਵਾਲੇ ਲੋਕਾਂ ਨੂੰ ਸੈਕਟਰ-17 ਮਲਟੀਲੈਵਲ ਪਾਰਕਿੰਗ ਦੀ ਸਹੂਲਤ ਮਿਲੇਗੀ। ਜਦੋਂ ਕਿ ਮੁਹਾਲੀ ਵਾਲੇ ਪਾਸੇ ਤੋਂ ਆਉਣ ਵਾਲੇ ਲੋਕਾਂ ਨੂੰ ਦਸਹਿਰਾ ਗਰਾਊਂਡ ਸੈਕਟਰ-43, ਲਕਸ਼ਮੀ ਨਰਾਇਣ ਮੰਦਰ ਸੈਕਟਰ-44 ਦੇ ਸਾਹਮਣੇ ਖੁੱਲ੍ਹੇ ਮੈਦਾਨ, ਦਸਹਿਰਾ ਗਰਾਊਂਡ ਸੈਕਟਰ-45 ਵਿੱਚ ਆਪਣੇ ਵਾਹਨ ਪਾਰਕ ਕਰਨੇ ਪੈਣਗੇ। ਇਸ ਤਰ੍ਹਾਂ ਟ੍ਰਿਬਿਊਨ ਚੌਕ ਤੋਂ ਆਉਣ ਵਾਲੇ ਵਾਹਨਾਂ ਲਈ ਮੰਡੀ ਗਰਾਊਂਡ ਸੈਕਟਰ-29 ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਥਾਵਾਂ ਤੋਂ ਪ੍ਰੋਗਰਾਮ ਵਾਲੀ ਥਾਂ ਲਈ ਸ਼ਟਲ ਬੱਸ ਸੇਵਾ ਉਪਲਬਧ ਹੋਵੇਗੀ।
ਕੰਸਰਟ ’ਤੇ ਹਾਈ ਕੋਰਟ ਨੇ ਕਈ ਸ਼ਰਤਾਂ ਲਾਈਆਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਕੰਸਰਟ ਨੂੰ ਹਰੀ ਝੰਡੀ ਦਿੰਦੇ ਹੋਏ ਕਈ ਸ਼ਰਤਾਂ ਲਗਾਈਆਂ ਹਨ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਸੰਗੀਤ ਸਮਾਗਮ ਰਾਤ 10 ਵਜੇ ਤੱਕ ਹੀ ਹੋਵੇਗਾ। ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦਾ ਧਿਆਨ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋ ਰਹੇ ਇਸ ਸਮਾਗਮ ਵਿੱਚ ਆਵਾਜ਼ 75 ਡੈਸੀਬਲ ਤੋਂ ਉੱਪਰ ਨਹੀਂ ਜਾਣੀ ਚਾਹੀਦੀ। ਦੱਸਣਯੋਗ ਹੈ ਕਿ ਦਿਲਜੀਤ ਦੇ ਇਸ ਸ਼ੋਅ ਨੂੰ ਰੱਦ ਕਰਨ ਲਈ ਸੈਕਟਰ-23 ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਵੀਰਵਾਰ ਨੂੰ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਦਿਲਜੀਤ ਦੇ ਸ਼ੋਅ ਨਾਲ ਸ਼ਹਿਰ ’ਚ ਟ੍ਰੈਫਿਕ ਵਿਵਸਥਾ ’ਚ ਵਿਘਨ ਪਵੇਗਾ। ਸੁਣਵਾਈ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਸਮਾਗਮ ਸਟੇਡੀਅਮ ਵਿੱਚ ਹੀ ਹੋਣਾ ਚਾਹੀਦਾ ਸੀ।
ਚੰਡੀਗੜ੍ਹ ਪੁਲੀਸ ਦੇ 2400 ਮੁਲਾਜ਼ਮ ਤਾਇਨਾਤ
ਚੰਡੀਗੜ੍ਹ ਪੁਲੀਸ ਦੇ ਲਗਪਗ 2400 ਮੁਲਾਜ਼ਮ ਇਨ੍ਹਾਂ ਪੂਰੇ ਪ੍ਰਬੰਧਾਂ ’ਤੇ ਨਜ਼ਰ ਰੱਖਣਗੇ। ਪੁਲੀਸ ਨੇ ਆਮ ਲੋਕਾਂ ਨੂੰ ਸੈਕਟਰ 34 ਪ੍ਰਦਰਸ਼ਨੀ ਮੈਦਾਨ ਅਤੇ ਸੈਕਟਰ 33/34 ਡਿਵਾਈਡਿੰਗ ਰੋਡ ਨੇੜੇ ਦੀਆਂ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।