ਦਿਲਜੀਤ ਦੋਸਾਂਝ ਦੇ ਟਵੀਟ ਨਾਲ Panjab ਬਨਾਮ Punjab ਵਿਵਾਦ ਭਖਿਆ
ਵਾਸ਼ਿੰਗਟਨ, 17 ਦਸੰਬਰ
ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਆਪਣੀ ਸੋਸ਼ਲ ਮੀਡੀਆ ਪੋਸਟ ’ਚ ਪੰਜਾਬ ਦੇ ਅੰਗਰੇਜ਼ੀ ’ਚ ਲਿਖੇ ਸਪੈਲਿੰਗਜ਼ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਿਵਾਦ ’ਚ ਭਾਰਤੀ ਮੂਲ ਦੀ ਵਕੀਲ ਹਰਮੀਤ ਢਿੱਲੋਂ ਵੀ ਸ਼ਾਮਲ ਹੋ ਗਈ ਹੈ, ਜਿਸ ਨੂੰ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੋਇਆ ਹੈ। ਹਰਮੀਤ ਢਿੱਲੋਂ ਨੇ ‘ਐਕਸ’ ’ਤੇ ਪੋਸਟ ’ਚ ਪੰਜਾਬ ਨੂੰ ਅੰਗਰੇਜ਼ੀ ’ਚ Pnjab ਲਿਖਿਆ ਹੈ। ਇਸ ਤੋਂ ਪਹਿਲਾਂ ਦਿਲਜੀਤ ਨੇ ਚੰਡੀਗੜ੍ਹ ’ਚ ਆਪਣੇ ਸ਼ੋਅ ਦਾ ਐਲਾਨ ਕਰਦਿਆਂ ਪੰਜਾਬ ਨੂੰ ‘ਐਕਸ’ ’ਤੇ Punjab ਦੀ ਬਜਾਏ PANJAB ਲਿਖ ਦਿੱਤਾ ਸੀ, ਜਿਸ ਦੀ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਨਿੰਦਾ ਕੀਤੀ ਸੀ। ਇਹ ਵਿਵਾਦ ਭਖਣ ਮਗਰੋਂ ਦਿਲਜੀਤ ਦੋਸਾਂਝ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ, ‘‘ਜੇ ਮੇਰੇ ਕਿਸੇ ਟਵੀਟ ’ਚ ਝੰਡੇ ਦਾ ਜ਼ਿਕਰ ਨਹੀਂ ਹੈ ਤਾਂ ਇਹ ਸਾਜ਼ਿਸ਼ ਹੈ। ਜੇ ਪੰਜਾਬ ਦੀ ਅੰਗਰੇਜ਼ੀ ’ਚ ਸਪੈਲਿੰਗ ਗਲਤ ਲਿਖੀ ਗਈ ਹੈ ਤਾਂ ਇਹ ਸਾਜ਼ਿਸ਼ ਹੈ। ਸਪੈਲਿੰਗ ਭਾਵੇਂ ਜੋ ਵੀ ਲਿਖੀ ਹੋਵੇ, ਪੰਜਾਬ ਸਿਰਫ਼ ਪੰਜਾਬ ਹੀ ਰਹੇਗਾ। ਤੁਸੀਂ Punjab ਲਿਖੋ ਜਾਂ Panjab, ਪੰਜਾਬ ਤਾਂ ਪੰਜਾਬ ਹੀ ਰਹੇਗਾ। ਪੰਜ-ਆਬ ਯਾਨੀ ਪੰਜ ਦਰਿਆਵਾਂ ਦੀ ਧਰਤੀ। ਉਨ੍ਹਾਂ ਲੋਕਾਂ ਨੂੰ ਸਲਾਮ, ਜੋ ਸਾਜ਼ਿਸ਼ ਲਈ ਵਿਦੇਸ਼ੀਆਂ ਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਭਵਿੱਖ ’ਚ ਮੈਂ ਗੁਰਮੁਖੀ ’ਚ ਪੰਜਾਬ ਲਿਖਾਂਗਾ। ਮੈਨੂੰ ਪਤਾ ਤੁਸੀਂ ਫੇਰ ਵੀ ਨਹੀਂ ਰੁਕੋਗੇ, ਤਾਂ ਫਿਰ ਡਟੇ ਰਹੋ। ਸਾਨੂੰ ਕਿੰਨੀ ਵਾਰ ਸਾਬਤ ਕਰਨਾ ਹੋਵੇਗਾ ਕਿ ਅਸੀਂ ਭਾਰਤ ਨਾਲ ਪਿਆਰ ਕਰਦੇ ਹਾਂ। ਕੁਝ ਨਵਾਂ ਕਰੋ, ਕੀ ਤੁਹਾਨੂੰ ਮੇਰੇ ਖ਼ਿਲਾਫ਼ ਸਾਜ਼ਿਸ਼ ਘੜਨ ਦਾ ਕੰਮ ਸੌਂਪਿਆ ਗਿਆ ਹੈ।’’ -ਏਐੱਨਆਈ
ਪੰਜਾਬ ਸਰਕਾਰ ਦੀ ਵੈੱਬਸਾਈਟ ’ਤੇ Punjab ਲਿਖਿਆ
ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ ’ਤੇ ਪੰਜਾਬ ਨੂੰ ਅੰਗਰੇਜ਼ੀ ’ਚ Punjab ਲਿਖਿਆ ਹੋਇਆ ਹੈ। ਵੈੱਬਸਾਈਟ ’ਤੇ ਦੱਸਿਆ ਗਿਆ ਹੈ ਕਿ 1947 ’ਚ ਵੰਡ ਮਗਰੋਂ ਪੰਜਾਬ ਦੇ ਦੋ ਟੋਟੇ ਹੋ ਗਏ ਸਨ। ਇਸ ਲਈ Panjab ਸ਼ਬਦ ਦੀ ਵਰਤੋਂ ਅਕਸਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੇ ਸਾਰੇ ਖ਼ਿੱਤੇ ਨੂੰ ਇਕ ਸੂਬੇ ਵਜੋਂ ਕੀਤੀ ਜਾਂਦੀ ਸੀ। -ਏਐੱਨਆਈ