ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਨਾਲ 10 ਸਾਲ ਪੁਰਾਣੀ ਸਾਂਝ ਮੁੱਕੀ!
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 27 ਮਈ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਥਿਤ ਤੌਰ ’ਤੇ ਮੈਨੇਜਰ ਸੋਨਾਲੀ ਸਿੰਘ ਨਾਲ ਇੱਕ ਦਹਾਕੇ ਪੁਰਾਣਾ ਪ੍ਰੋਫੈਸ਼ਨਲ ਸਫ਼ਰ ਖਤਮ ਕਰ ਦਿੱਤਾ ਹੈ। ਦ ਹਾਲੀਵੁੱਡ ਰਿਪੋਰਟਰ ਇੰਡੀਆ ਦੇ ਅਨੁਸਾਰ ਅਚਾਨਕ ਹੋਏ ਇਸ ਤੋੜ ਵਿਛੋੜੇ ਨੇ ਮਨੋਰੰਜਨ ਉਦਯੋਗ ਵਿੱਚ ਭੂਚਾਲ ਲਿਆ ਦਿੱਤਾ ਹੈ, ਖਾਸ ਕਰਕੇ ਉਨ੍ਹਾਂ ਪ੍ਰਸ਼ੰਸਕਾਂ ਵਿੱਚ ਜਿਨ੍ਹਾਂ ਨੇ ਦਿਲਜੀਤ ਦੇ ਸਫਰ ਨੂੰ ਨੇੜਿਓਂ ਦੇਖਿਆ ਹੈ। ਕਿਹਾ ਜਾ ਰਿਹਾ ਹੈ ਕਿ ਸੋਨਾਲੀ ਨੇ ਇੰਸਟਾਗ੍ਰਾਮ ’ਤੇ ਦਿਲਜੀਤ ਨੂੰ ਵੀ ਅਨਫਾਲੋ ਕੀਤਾ ਹੈ, ਜਿਸ ਕਾਰਨ ਦੋਵਾਂ ਵਿਚਕਾਰ ਮਤਭੇਦ ਦੇ ਕਿਆਸ ਹੋਰ ਵਧ ਗਏ ਹਨ। ਪਿਛਲੇ ਦਿਨੀਂ ਹੋਏ ਮੇਟ ਗਾਲਾ ਵਿੱਚ ਵੀ ਸੋਨਾਲੀ ਸਿੰਘ ਦਿਲਜੀਤ ਨਾਲ ਨਹੀਂ ਨਜ਼ਰ ਆਈ ਅਤੇ ਨਾ ਹੀ ਉਸ ਨੇ ਸੋਸ਼ਲ ਮੀਡੀਆ ’ਤੇ ਇਸ ਪ੍ਰੋਗਰਾਮ ਬਾਰੇ ਕੁਝ ਵੀ ਸਾਂਝਾ ਕੀਤਾ।
ਸੂਤਰਾਂ ਦਾ ਕਹਿਣਾ ਹੈ, ‘‘ਕਿਸੇ ਨੂੰ ਇਸ ਦੀ ਉਮੀਦ ਨਹੀਂ ਸੀ, ਪਰ ਉਨ੍ਹਾਂ ਵਿਚਕਾਰ ਪੇਸ਼ੇਵਰ ਤੌਰ ’ਤੇ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਹਨ।’’ ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਸੋਨਾਲੀ ਨੂੰ ਬਿਲਬੋਰਡ ਦੀ ਗਲੋਬਲ ਮੈਨੇਜਰ ਆਫ਼ ਦ ਈਅਰ ਵਜੋਂ ਉਨ੍ਹਾਂ ਦੀ ਵੂਮੈਨ ਇਨ ਮਿਊਜ਼ਿਕ ਸੂਚੀ ਵਿੱਚ ਮਾਨਤਾ ਦਿੱਤੀ ਗਈ ਸੀ।
ਸੋਨਾਲੀ ਨੇ ਦਿਲਜੀਤ ਲਈ 2013 ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਸਮੇਂ ਉਹ ਇੱਕ ਮਾਰਕੀਟਿੰਗ ਐਗਜ਼ੀਕਿਊਟਿਵ ਸੀ। ਦਿਲਜੀਤ ਅਕਸਰ ਆਪਣੀ ਸਫਲਤਾ ਵਿੱਚ ਉਸਦੇ ਯੋਗਦਾਨ ਨੂੰ ਮੰਨਦਾ ਸੀ।