ਦਿਲਜੀਤ ਦੁਸਾਂਝ ਨੇ ਆਪਣੀ ਅਗਲੀ ਫਿਲਮ ‘ਪੰਜਾਬ ’95’ ਦਾ ਪੋਸਟਰ ਸਾਂਝਾ ਕੀਤਾ
ਮੁੰਬਈ: ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਨੇ ਆਪਣੀ ਆਉਣ ਵਾਲੀ ਫਿਲਮ ‘ਪੰਜਾਬ ’95’ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਗਾਇਕ ਤੇ ਅਦਾਕਾਰ ਨੇ ਹਾਲ ਹੀ ਵਿੱਚ ‘ਦਿਲ ਲੂਮੀਨਾਤੀ’ ਟੂਰ ਰਾਹੀਂ ਪੂਰੇ ਮੁਲਕ ਭਰ ਵਿੱਚ ਸ਼ੋਅ ਕਰ ਕੇ ਭਰਵੀਂ ਪ੍ਰਸ਼ੰਸਾ ਖੱਟੀ ਹੈ। ਸ਼ਨਿਚਰਵਾਰ ਨੂੰ ਇੰਸਟਾਗ੍ਰਾਮ ’ਤੇ ਦਿਲਜੀਤ ਨੇ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਹ ਫੋਟੋਆਂ ਉਸ ਵੱਲੋਂ ਫਿਲਮ ਵਿੱਚ ਨਿਭਾਏ ਕਿਰਦਾਰ ਦੀ ਝਲਕ ਪੇਸ਼ ਕਰਦੀਆਂ ਹਨ। ਇਸ ਨਾਲ ਲਿਖੀ ਕੈਪਸ਼ਨ ਵਿੱਚ ਦਿਲਜੀਤ ਨੇ ਲਿਖਿਆ ਹੈ, ‘‘ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ, ਪੰਜਾਬ 95’’। ਇਨ੍ਹਾਂ ਵਿੱਚੋਂ ਪਹਿਲੀ ਫੋਟੋ ਵਿੱਚ ਦਿਲਜੀਤ ਫਰਸ਼ ’ਤੇ ਬੈਠਾ ਦਿਖਾਈ ਦਿੰਦਾ ਹੈ। ਉਸ ਨੇ ਇੱਕ ਕੁੜਤਾ ਪਾਇਆ ਹੋਇਆ ਹੈ ਅਤੇ ਪੱਗ ਬੰਨ੍ਹੀ ਹੋਈ ਹੈ। ਉਸ ਦਾ ਚਿਹਰਾ ਜ਼ਖ਼ਮੀ ਹੋਣ ਕਾਰਨ ਲਹੂ-ਲੁਹਾਣ ਹੋਇਆ ਹੈ। ਇਹ ਫਿਲਮ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜ਼ਿੰਦਗੀ ’ਤੇ ਆਧਾਰਿਤ ਹੈ। ਇਨ੍ਹਾਂ ਵਿੱਚ ਇੱਕ ਫੋਟੋ ਵਿੱਚ ਦਿਲਜੀਤ ਨੂੰ ਜਸਵੰਤ ਸਿੰਘ ਖਾਲੜਾ ਵਜੋਂ ਦਿਖਾਇਆ ਗਿਆ ਹੈ। ਉਸ ਨਾਲ ਫੋਟੋ ਵਿੱਚ ਦੋ ਬੱਚੇ ਵੀ ਦਿਖਾਈ ਦੇ ਰਹੇ ਹਨ। ਇਸ ਫਿਲਮ ’ਤੇ ਸੈਂਸਰ ਬੋਰਡ ਨੇ ਫਿਲਮਕਾਰਾਂ ਨੂੰ 120 ਕੱਟ ਲਗਾਉਣ ਲਈ ਕਿਹਾ ਸੀ। -ਆਈਏਐੱਨਐੱਸ