ਦਿਲਜੀਤ ਦੋਸਾਂਝ ਨੇ ਕੁਦਰਤ ਨਾਲ ਆਨੰਦ ਮਾਣਦੇ ਦੀ ਵੀਡੀਓ ਸਾਂਝੀ ਕੀਤੀ
ਮੁੰਬਈ:
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇਸ ਵੇਲੇ ਆਪਣਾ ਕੁਝ ਸਮਾਂ ਸ਼ਾਂਤੀ ਨਾਲ ਬਤੀਤ ਕਰ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦੇ ਦਿਲ-ਲੁਮਿਨਾਟੀ ਟੂਰ ਨੂੰ ਦੇਸ਼ ਤੇ ਵਿਦੇਸ਼ ਵਿਚ ਹੁੰਗਾਰਾ ਮਿਲਿਆ ਸੀ। ਦਿਲਜੀਤ ਨੇ ਇੰਸਟਾਗ੍ਰਾਮ ’ਤੇ ਕੁਦਰਤ ਦਾ ਆਨੰਦ ਮਾਣਦੇ ਦੀ ਵੀਡੀਓ ਸ਼ੇਅਰ ਕੀਤੀ ਹੈ। ਉਸ ਨੇ ਵੀਡੀਓ ’ਤੇ ਲਿਖਿਆ, ‘ਜੰਗਲ ਮੇਂ ਮੰਗਲ।’ ਇਸ ਤੋਂ ਪਹਿਲਾਂ ਦਿਲਜੀਤ ਨੇ ਆਪਣੀ ਆਉਣ ਵਾਲੀ ਫਿਲਮ ‘ਪੰਜਾਬ ‘95’ ਦੀ ਪਹਿਲੀ ਝਲਕ ਸਾਂਝੀ ਕੀਤੀ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਫਿਲਮ ਦੀਆਂ ਤਸਵੀਰਾਂ ਦੀ ਲੜੀ ਸਾਂਝੀ ਕੀਤੀ, ਜਿਸ ਵਿੱਚ ਉਸ ਦੇ ਫਿਲਮ ਵਿਚ ਨਿਭਾਏ ਕਿਰਦਾਰ ਬਾਰੇ ਜਾਣਕਾਰੀ ਮਿਲਦੀ ਹੈ। ਉਸ ਨੇ ਇਸ ਦੀ ਕੈਪਸ਼ਨ ਵਿੱਚ ਲਿਖਿਆ, ‘ਮੈਂ ਕਾਲੇ ਦੌਰ ਨੂੰ ਚੁਣੌਤੀ ਦਿੰਦਾ ਹਾਂ। ‘ਪੰਜਾਬ 95’ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ। ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਵਿੱਚ ਉਹ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਬੈਂਕ ਦਾ ਡਾਇਰੈਕਟਰ ਸੀ। ਅਪਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਪੁਲੀਸ ਨੂੰ ਕਿਸੇ ਵੀ ਕਾਰਨ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ। ਉਸ ਵੇਲੇ ਪੁਲੀਸ ਨੇ ਕਈ ਫਰਜ਼ੀ ਮੁਕਾਬਲੇ ਬਣਾ ਕੇ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਇਨ੍ਹਾਂ ਕਤਲਾਂ ਨੂੰ ਲੁਕਾਉਣ ਲਈ ਵੱਡੀ ਗਿਣਤੀ ਲਾਸ਼ਾਂ ਨੂੰ ਸਾੜ ਦਿੱਤਾ ਸੀ। ਖਾਲੜਾ ਇੱਕ ਸਮੇਂ ਵਿੱਚ ਚਾਰ ਵੱਡੇ ਕੇਸਾਂ ਦੀ ਜਾਂਚ ਕਰ ਰਿਹਾ ਸੀ, ਜੋ ਇਨ੍ਹਾਂ ਘਟਨਾਵਾਂ ਦੇ ਸਬੂਤ ਅਤੇ ਗਵਾਹ ਇਕੱਠੇ ਕਰਦਾ ਰਿਹਾ। ਇਸ ਫਿਲਮ ’ਚ ਇਹ ਸਭ ਕੁਝ ਬਿਆਨਦੀ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਇਨ ਇੰਡੀਆ ਨੇ ਫਿਲਮ ਵਿਚ 120 ਕੱਟ ਲਾਉਣ ਦਾ ਪ੍ਰਸਤਾਵ ਦਿੱਤਾ ਪਰ ਫਿਲਮ ਵਿਚ ਕੀ ਕੱਟਿਆ ਗਿਆ ਹੈ ਤੇ ਕੀ ਦਿਖਾਇਆ ਜਾਵੇਗਾ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ। -ਆਈਏਐਨਐਸ