Diljit Dosanjh: PUNJAB ਨੂੰ PANJAB ਲਿਖਣ ਬਦਲੇ ਦਿਲਜੀਤ ਦੋਸਾਂਝ ਦੀ ਆਨਲਾਈਨ ਟਰੌਲਿੰਗ, ਅਦਾਕਾਰ ਨੇ ਕਿਹਾ ‘ਗਾਈਜ਼ ਲੱਗੇ ਰਹੋ’
ਨਵੀਂ ਦਿੱਲੀ, 16 ਦਸੰਬਰ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਇਕ ਟਵੀਟ ਵਿਚ ਪੰਜਾਬ ਨੂੰ Punjab ਦੀ ਥਾਂ Panjab ਲਿਖਣ ਬਦਲੇ ਅਤੇ ਟਵੀਟ ਨਾਲ ਭਾਰਤੀ ਤਿਰੰਗਾ ਟੈਗ ਨਾ ਕਰਨ ਬਦਲੇ ਅੱਜ ਆਨਲਾਈਨ ਟਰੌਲ (ਨੁਕਤਾਚੀਨੀ) ਕੀਤਾ ਗਿਆ। ਗਾਇਕ ਨੇ ਹਾਲਾਂਕਿ ਇਸ ਨੂੰ ਇਕ ਸਾਜ਼ਿਸ਼ ਦੱਸਦਿਆਂ ਨੁਕਤਾਚੀਨੀ ਕਰਨ ਵਾਲਿਆਂ ਨੂੰ ‘ਵਿਹਲੇ’ ਦੱਸ ਕੇ ਭੰਡਿਆ।
ਦੋਸਾਂਝ ਨੇ ਅੱਗੇ ਕਿਹਾ, ‘‘ਇਕ ਟਵੀਟ ਵਿਚ ਜੇ ਤੁਸੀਂ ਝੰਡੇ ਦਾ ਜ਼ਿਕਰ ਨਹੀਂ ਕੀਤਾ ਤਾਂ ਇਹ ਸਾਜ਼ਿਸ਼ ਹੋ ਗਈ। ਮੇਰੇ ਬੰਗਲੂਰੂ ਟਵੀਟ ਵਿਚ ਵੀ ਝੰਡਾ ਨਹੀਂ ਸੀ। ਜੇ Punjab ਨੂੰ Panjab ਲਿਖ ਦਿੱਤਾ ਤਾਂ ਸਾਜ਼ਿਸ਼ ਹੋ ਗਈ। Punjab ਲਿਖਿਆ ਜਾਂ Panjab, ਰਹਿਣਾ ਤਾਂ ਪੰਜਾਬ ਹੀ ਹੈ। ਪੰਜ ਆਬ- 5 ਦਰਿਆ ਉਨ੍ਹਾਂ ਲੋਕਾਂ ਨੂੰ ਸਲਾਮ ਹੈ ਜੋ ਸਾਜ਼ਿਸ਼ੀ ਸਿਧਾਂਤਾਂ ਨੂੰ ਹੱਲਾਸ਼ੇਰੀ ਦੇਣ ਲਈ ਵਿਦੇਸ਼ੀ ਭਾਸ਼ਾ ਵਰਤ ਰਹੇ ਹਨ। ਭਵਿੱਖ ਵਿਚ ਮੈਂ PANJAB ਪੰਜਾਬੀ ਵਿਚ ਲਿਖਾਂਗਾ, ਜਿਵੇਂ ਕਿ ਗੁਰਮੁਖੀ ਵਿਚ ਹੈ। ਮੈਨੂੰ ਪਤਾ ਹੈ ਕਿ ਤੁਸੀਂ ਲੋਕ ਰੁਕਣ ਵਾਲੇ ਨਹੀਂ ਹੋ। ਇਸ ਲਈ ਲੱਗੇ ਰਹੋ। ਸਾਨੂੰ ਕਿੰਨੀ ਵਾਰ ਇਹ ਸਾਬਤ ਕਰਨਾ ਹੋਵੇਗਾ ਕਿ ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ? ਕੁਝ ਨਵਾਂ ਕਰੋ ਜਾਂ ਫਿਰ ਤੁਹਾਨੂੰ ਮੇਰੇ ਖਿਲਾਫ਼ ਸਾਜ਼ਿਸ਼ਾਂ ਘੜਨ ਦਾ ਕੰਮ ਮਿਲਿਆ ਹੈ? #ਵਿਹਲੇ।’’ ਗਾਇਕ ਨੇ ਟਵੀਟ ਨਾਲ ਆਪਣੀਆਂ ਪਿਛਲੀਆਂ ਪੋਸਟਾਂ ਦਾ ਸਕਰੀਨ ਸ਼ਾਟ ਵੀ ਨੱਥੀ ਕੀਤਾ ਹੈ। ਦੋੋਸਾਂਝ ਇਸ ਵੇਲੇ ਆਪਣੇ ‘ਦਿਲ-ਲੁਮਿਨਾਟੀ ਇੰਡੀਆ ਟੂਰ ਉੱਤੇ ਹੈ, ਜੋ 26 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਇਆ ਸੀ। ਇਹ 29 ਦਸੰਬਰ ਨੂੰ ਗੁਹਾਟੀ ਵਿਚ ਖ਼ਤਮ ਹੋਵੇਗਾ। ਦੋਸਾਂਝ ਵੱਲੋਂ ਆਪਣੇ ਸਫ਼ਰ ਦੇ ਅਗਲੇ ਪੜਾਅ ਵਜੋਂ 19 ਦਸੰਬਰ ਨੂੰ ਮੁੰਬਈ ਵਿਚ ਪੇਸ਼ਕਾਰੀ ਦਿੱਤੀ ਜਾਣੀ ਹੈ। -ਪੀਟੀਆਈ