Diljit Dosanjh: ਦਿਲਜੀਤ ਦੋਸਾਂਝ ਵੱਲੋਂ ਗੁਹਾਟੀ ਕੰਸਰਟ ਡਾ. ਮਨਮੋਹਨ ਸਿੰਘ ਨੂੰ ਸਮਰਪਿਤ
ਨਵੀਂ ਦਿੱਲੀ, 30 ਦਸੰਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਗੁਹਾਟੀ ਕੰਸਰਟ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ ਹੈ ਜਿਨ੍ਹਾਂ ਦਾ ਬੀਤੀ 26 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਇੰਸਟਾਗ੍ਰਾਮ ’ਤੇ ਇਸ ਕੰਸਰਟ ਦੀ ਇੱਕ ਵੀਡੀਓ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਿਆ ਜੋ ਲੋਕਾਂ ਨੂੰ ਡਾ. ਮਨਮੋਹਨ ਸਿੰਘ ਤੋਂ ਸਿੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਪੋਸਟ ਦੇ ਥੱਲੇ ਕੈਪਸ਼ਨ ਲਿਖੀ- ‘ਅੱਜ ਦਾ ਕੰਸਰਟ ਡਾ. ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ। ਦਿਲ-ਲੂਮਿਨਾਟੀ ਟੂਰ ਸਾਲ 24’। ਇਸ ਕਲਿੱਪ ’ਚ ਉਨ੍ਹਾਂ ਦੱਸਿਆ ਕਿ ਕਿਵੇਂ ਡਾ. ਮਨਮੋਹਨ ਸਿੰਘ ਕਿਸੇ ਬਾਰੇ ਵੀ ਬੁਰਾ ਨਹੀ ਬੋਲਦੇ ਸਨ। ਉਨ੍ਹਾਂ ਕਿਹਾ, ‘ਉਨ੍ਹਾਂ ਬਹੁਤ ਸਾਦੀ ਜ਼ਿੰਦਗੀ ਬਤੀਤ ਕੀਤੀ। ਜੇਕਰ ਮੈਂ ਉਨ੍ਹਾਂ ਦੀ ਜ਼ਿੰਦਗੀ ਵੱਲ ਦੇਖਾਂ ਤਾਂ ਇਹ ਬਹੁਤ ਸਾਦੀ ਸੀ। ਜੇਕਰ ਕੋਈ ਉਨ੍ਹਾਂ ਬਾਰੇ ਮਾੜਾ ਬੋਲਦਾ ਵੀ ਸੀ ਤਾਂ ਉਹ ਉਸੇ ਢੰਗ ਨਾਲ ਕਦੇ ਵੀ ਪਲਟ ਕੇ ਜੁਆਬ ਨਹੀਂ ਦਿੰਦੇ ਸਨ। ਰਾਜਨੀਤੀ ’ਚ, ਇਸ ਗੱਲ ਤੋਂ ਗੁਰੇਜ਼ ਕਰਨਾ ਸਭ ਤੋਂ ਔਖਾ ਹੈ।’ ਦਿਲਜੀਤ ਨੇ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ ਜੋ ਹਰ ਇਨਸਾਨ ਨੂੰ ਉਨ੍ਹਾਂ ਤੋਂ ਸਿੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਉਹ ਅਕਸਰ ਆਖਦੇ ਸਨ ‘ਹਜ਼ਾਰੋਂ ਜਵਾਬੋਂ ਸੇ ਮੇਰੀ ਖਾਮੋਸ਼ੀ ਅੱਛੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਢਕ ਲੇਤੀ ਹੈ। ਇਹ ਅਜਿਹੀ ਗੱਲ ਹੈ ਜੋ ਨੌਜਵਾਨਾਂ ਨੂੰ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ।’ -ਪੀਟੀਆਈ