Diljit Dosanj: ਦਿਲਜੀਤ ਦੋਸਾਂਝ ਕੰਸਰਟ: ਚੰਡੀਗੜ੍ਹ ਦੀਆਂ ਕਈ ਸੜਕਾਂ ਜਾਮ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 14 ਦਸੰਬਰ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅੱਜ ਸ਼ਾਮ ਵੇਲੇ ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਉਂਡ ਸ਼ੋਅ ਹੈ ਜਿਸ ਨੂੰ ਦੇਖਣ ਆਉਣ ਲਈ ਚੰਡੀਗੜ੍ਹ ਨੂੰ ਆਉਂਦੀਆਂ ਕਈ ਸੜਕਾਂ ’ਤੇ ਜਾਮ ਲੱਗ ਗਏ ਹਨ। ਇਸ ਸ਼ੋਅ ਨੂੰ ਦੇਖਣ ਲਈ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਲੋਕ ਚੰਡੀਗੜ੍ਹ ਵੱਲ ਵਹੀਰਾਂ ਘੱਤ ਰਹੇ ਹਨ ਜਿਸ ਕਾਰਨ ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤਕ ਆਉਂਦੀ ਸੜਕ ਵੀ ਜਾਮ ਹੋ ਗਈ ਹੈ।
ਇਸ ਸੜਕ ’ਤੇ ਆਉਂਦੇ ਹਰ ਲਾਇਟ ਪੁਆਇੰਟ ’ਤੇ ਭਾਰੀ ਜਾਮ ਲੱਗ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਤੋਂ ਚੰਡੀਗੜ੍ਹ ਆਉਂਦੀਆਂ ਕਈ ਸੜਕਾਂ ’ਤੇ ਵੀ ਜਾਮ ਵਾਲੀ ਸਥਿਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਕਈ ਧਿਰਾਂ ਨੇ ਪੰਜਾਬੀ ਗਾਇਕ ਦੇ ਚੰਡੀਗੜ੍ਹ ਸ਼ੋਅ ਨੂੰ ਇਸ ਆਧਾਰ ’ਤੇ ਰੱਦ ਕਰਨ ਦੀ ਮੰਗ ਕੀਤੀ ਸੀ ਕਿ ਇਸ ਨਾਲ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋਵੇਗੀ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਕਈ ਸੜਕਾਂ ’ਤੇ ਆਵਾਜਾਈ ਰੋਕ ਦਿੱਤੀ ਹੈ। ਲੋਕਾਂ ਨੂੰ ਸੈਕਟਰ 33-34, ਪਿਕਾਡਲੀ ਚੌਕ ਤੇ ਲੇਬਰ ਚੌਕ (ਸੈਕਟਰ 20/21-33/34 ਚੌਕ) ਆਦਿ ਸੜਕਾਂ ਵੱਲ ਨਾ ਆਉਣ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਪ੍ਰੋਗਰਾਮ ਨੂੰ ਕੁਝ ਸ਼ਰਤਾਂ ਤਹਿਤ ਮਨਜ਼ੂਰੀ ਦਿੱਤੀ ਸੀ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਕਸ਼ੇਤਰਪਾਲ ਦੇ ਡਿਵੀਜ਼ਨ ਬੈਂਚ ਨੇ ਨਿਰਦੇਸ਼ ਜਾਰੀ ਕੀਤੇ ਕਿ ਸੈਕਟਰ-34 ਵਿੱਚ ਹੋਣ ਵਾਲੇ ਇਸ ਸ਼ੋਅ ਦੌਰਾਨ ਆਵਾਜ਼ 75 ਡੈਸੀਬਲ ਤੋਂ ਉੱਪਰ ਨਹੀਂ ਜਾਣੀ ਚਾਹੀਦੀ ਹੈ। ਬੈਂਚ ਨੇ ਕਿਹਾ ਕਿ ਮਨਜ਼ੂਰਸ਼ੁਦਾ ਹੱਦ ਤੋਂ ਉੱਪਰ ਆਵਾਜ਼ ਜਾਣ ’ਤੇ ਕਾਰਵਾਈ ਕੀਤੀ ਜਾਵੇਗੀ।