Diljit Dosanjh: ਬਾਲ ਕਮਿਸ਼ਨ ਵੱਲੋਂ ਦਿਲਜੀਤ ਦੋਸਾਂਝ ਨੂੰ ਸ਼ਰਾਬ ਤੇ ਹਿੰਸਾ ਵਾਲੇ ਗੀਤ ਨਾ ਗਾਉਣ ਦੀ ਚਿਤਾਵਨੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਦਸੰਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ਰਾਬ ਤੇ ਹਿੰਸਾ ਵਾਲੇ ਗੀਤਾਂ ਨੂੰ ਲੈ ਕੇ ਚੰਡੀਗੜ੍ਹ ਦੇ ਬਾਲ ਕਮਿਸ਼ਨ ਨੇ ਸਖਤੀ ਕੀਤੀ ਹੈ। ਦਿਲਜੀਤ ਇਨ੍ਹੀਂ ਦਿਨੀਂ ਆਪਣੇ ਦਿਲ ਲੁਮਿਨਾਟੀ ਟੂਰ ’ਤੇ ਹੈ ਤੇ ਉਨ੍ਹਾਂ ਦਾ 14 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਚ ਸ਼ੋਅ ਹੈ ਜਿਸ ਨੂੰ ਲੈ ਕੇ ਚੰਡੀਗੜ੍ਹ ਕਮਿਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸ਼ੋਅ ਸਬੰਧੀ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਦਿਲਜੀਤ ਦੇ ਗੀਤਾਂ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ ਤੇ ਬੱਚੇ ਗੀਤ ‘ਪਟਿਆਲਾ ਪੈੱਗ’ ਤੋਂ ਪ੍ਰਭਾਵਿਤ ਹੋ ਰਹੇ ਹਨ ਜਿਸ ਨਾਲ ਸ਼ਰਾਬ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਇਸ ਸ਼ੋਅ ਦੌਰਾਨ ਦਿਲਜੀਤ ‘ਪਟਿਆਲਾ ਪੈੱਗ’, ‘ਪੰਜ ਤਾਰਾ’ ਤੇ ‘ਕੇਸ’ ਗੀਤ ਨਾ ਗਾਉਣ ਤੇ ਨਾ ਹੀ ਸਟੇਜ ’ਤੇ ਕਿਸੇ ਬੱਚੇ ਨੂੰ ਸੱਦਣ।