For the best experience, open
https://m.punjabitribuneonline.com
on your mobile browser.
Advertisement

ਖਸਤਾ ਹਾਲ ਸੜਕਾਂ ਬਣੀਆਂ ਜਾਨ ਦਾ ਖੌਅ

07:40 AM Feb 26, 2024 IST
ਖਸਤਾ ਹਾਲ ਸੜਕਾਂ ਬਣੀਆਂ ਜਾਨ ਦਾ ਖੌਅ
ਲੁਧਿਆਣਾ ਸ਼ਹਿਰ ਦੇ ਇੱਕ ਇਲਾਕੇ ਦੀ ਖਸਤਾ ਹਾਲ ਸੜਕ। -ਫੋਟੋ: ਅਸ਼ਵਨੀ ਧੀਮਾਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 25 ਫਰਵਰੀ
ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ’ਤੇ ਥਾਂ-ਥਾਂ ਟੋਏ ਪੈਣ ਕਾਰਨ ਹਾਲਾਤ ਇਹ ਹਨ ਕਿ ਸਮਾਰਟ ਸਿਟੀ ਦੀ ਕੋਈ ਸੜਕ ਅਜਿਹੀ ਨਹੀਂ ਜਿਥੇ ਸੜਕਾਂ ’ਤੇ ਟੋਏ ਨਾ ਪਏ ਹੋਣ। ਬਹੁਤ ਸਾਰੀਆਂ ਸੜਕਾਂ ਦਾ ਮਾੜਾ ਹਾਲ ਹੈ, ਜਿਥੋਂ ਟੋਇਆਂ ਕਾਰਨ ਲੋਕਾਂ ਨੂੰ ਆਪਣੇ ਵਾਹਨ ਹੌਲੀ ਕਰਨੇ ਪੈਂਦੇ ਹਨ। ਸੜਕਾਂ ਦੇ ਇਨ੍ਹਾਂ ਹਾਲਾਤਾਂ ਦਾ ਮੁੱਖ ਕਾਰਨ ਪਿਛਲੇ ਸਮੇਂ ਦੌਰਾਨ ਵਰ੍ਹੇ ਮੀਂਹ ਨੂੰ ਮੰਨਿਆ ਜਾ ਰਿਹਾ ਹੈ। ਹਾਲੇ ਮੌਸਮ ਪੂਰੀ ਤਰ੍ਹਾਂ ਨਾ ਖੁਲ੍ਹਿਆ ਹੋਣ ਕਾਰਨ ਹਾਲੇ ਨਗਰ ਨਿਗਮ ਨੇ ਹੋਟ ਮਿਕਸ ਪਲਾਂਟ ਚਾਲੂ ਨਹੀਂ ਕੀਤਾ ਹੈ, ਇਸ ਕਰ ਕੇ ਲੋਕਾਂ ਨੂੰ ਹਾਲੇ ਸੜਕਾਂ ’ਤੇ ਪਈ ਇਸ ਮੁਸੀਬਤ ਨੂੰ ਕੁੱਝ ਹੋਰ ਦਿਨ ਸਾਹਿਣਾ ਪਵੇਗਾ। ਹੋਟ ਮਿਕਸ ਪਲਾਂਟ ਆਉਣ ਵਾਲੇ ਦਿਨਾਂ ਵਿੱਚ ਚਾਲੂ ਹੋਵੇਗਾ ਤੇ ਉਸ ਤੋਂ ਬਾਅਦ ਹੀ ਨਗਰ ਨਿਗਮ ਵੱਲੋਂ ਸੜਕਾਂ ’ਤੇ ਪਏ ਟੋਇਆਂ ’ਤੇ ਪੈਚਵਰਕ ਕਰਵਾਇਆ ਜਾਵੇਗਾ। ਸਨਅਤੀ ਸ਼ਹਿਰ ਦੀਆਂ ਸੜਕਾਂ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਸ ਕਾਰਨ ਲੋਕਾਂ ਨੂੰ ਤਾਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ। ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਹੈ, ਜਿੱਥੇ ਸੜਕਾਂ ਠੀਕ ਹੋਣ। ਕਈ ਇਲਾਕੇ ਤਾਂ ਅਜਿਹੇ ਹਨ, ਜਿੱਥੇ ਸੜਕਾਂ ’ਤੇ ਪੈਚਵਰਕ ਨਾਲ ਕੰਮ ਨਹੀਂ ਚਲਣਾ ਸਗੋਂ ਉਥੇ ਨਵੀਂਆਂ ਸੜਕਾਂ ਹੀ ਬਣਾਉਣੀਆਂ ਪੈਣਗੀਆਂ। ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ, ਦੁੱਗਰੀ 100 ਫੁਟਾ ਰੋਡ, ਪੱਖੋਵਾਲ ਰੋਡ, ਸ਼ਿਵਪੁਰੀ, ਬਸਤੀ ਜੋਧੇਵਾਲ, ਬਾਲ ਸਿੰਘ ਨਗਰ, ਰਾਹੋਂ ਰੋਡ, ਰਾਹੋਂ ਰੋਡ ਚੁੰਗੀ, ਸੁਭਾਸ਼ ਨਗਰ, ਸ਼ਕਤੀ ਨਗਰ, ਟਿੱਬਾ ਰੋਡ, ਤਾਜਪੁਰ ਰੋਡ, ਚੰਡੀਗੜ੍ਹ ਰੋਡ ਦਾ ਕੁੱਝ ਹਿੱਸਾ, ਜਮਾਲਪੁਰ, ਚੀਮਾ ਚੌਕ, ਗਿੱਲ ਰੋਡ, ਜਨਤਾ ਨਗਰ, ਅਰੋੜਾ ਪੈਲੇਸ, ਦੁਗਰੀ ਦੇ ਕੁੱਝ ਇਲਾਕੇ ਅਜਿਹਾ ਹਨ, ਜਿੱਥੇ ਸੜਕਾਂ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਨ੍ਹਾਂ ਵਿੱਚ ਕਈ ਇਲਾਕੇ ਅਜਿਹੇ ਹਨ, ਜਿੱਥੇ ਸੜਕਾਂ ਨੂੰ ਪੈਚਵਰਕ ਦੀ ਬਹੁਤ ਸਖ਼ਤ ਜ਼ਰੂਰਤ ਹੈ।
ਹਮੇਸ਼ਾ ਹੀ ਸਰਦੀ ਦੇ ਮੌਸਮ ਵਿੱਚ ਨਗਰ ਨਿਗਮ ਨੂੰ ਤਾਪਮਾਨ ਘਟਣ ਕਾਰਨ ਹੋਟ ਮਿਕਸ ਪਲਾਂਟ ਬੰਦ ਕਰਨਾ ਪੈਂਦਾ ਸੀ। ਇਸ ਕਰਕੇ ਨਗਰ ਨਿਗਮ ਨੇ ਇੱਕ ਆਲ ਵੈਦਰ ਵਿੱਚ ਪੈਚਵਰਕ ਕਰਨ ਦੇ ਲਈ ਇੱਕ ਆਟੋਮੈਟਿਕ ਰੋਡ ਡਾਕਟਰ ਨਾਂ ਦੀ ਮਸ਼ੀਨ ਖਰੀਦੀ ਹੈ, ਜਿਸਦੇ ਜ਼ਰੀਏ ਨਗਰ ਨਿਗਮ ਨੇ ਸਰਦੀ ਵਿੱਚ ਵੀ ਸੜਕਾਂ ’ਤੇ ਪੈਚਵਰਕ ਲਗਾਏ ਹਨ। ਪਰ ਇਸ ਮਸ਼ੀਨ ਦੀ ਸਪੀਡ ਕਾਫ਼ੀ ਹੌਲੀ ਹੈ, ਇਸ ਕਰਕੇ ਇੰਨੇ ਵੱਡੇ ਸ਼ਹਿਰ ਵਿੱਚ ਇਸ ਇੱਕ ਮਸ਼ੀਨ ਦੇ ਨਾਲ ਸਾਰੀਆਂ ਸੜਕਾਂ ’ਤੇ ਪੈਚਵਰਕ ਕਰਨਾ ਆਸਾਨ ਕੰਮ ਨਹੀਂ ਹੈ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ ਜਿੱਥੇ ਸੜਕਾਂ ’ਤੇ ਪੈਚਵਰਕ ਦਾ ਕੰਮ ਹੋਣ ਵਾਲਾ ਹੈ, ਉੱਥੇ ਸੜਕਾਂ ਦੀ ਮੁਰੰਮਤ ਦੇ ਕੰਮ ਨੂੰ ਜਲਦ ਸ਼ੁਰੂ ਕਰਨ ਦੀ ਤਿਆਰੀ ਕਰ ਦਿੱਤੀ ਹੈ। ਨਾਲ ਹੀ ਨਵੀਆਂ ਸੜਕਾਂ ਬਣਾਉਣ ਦੇ ਵੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।

Advertisement

ਟਰੈਫਿਕ ਕਾਰਨ ਸਿੱਧਵਾਂ ਨਹਿਰ ’ਤੇ ਸੜਕ ਬਣਾਉਣ ਦੇ ਕੰਮ ਦੀ ਰਫਤਾਰ ਮੱਠੀ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਿੱਧਵਾਂ ਨਹਿਰ ’ਤੇ ਬਣੇ ਦੱਖਣੀ ਬਾਈਪਾਸ ’ਤੇ ਵੀ ਪੀਡਬਲਯੂਡੀ ਵਿਭਾਗ ਵੱਲੋਂ ਵੇਰਕਾ ਚੌਕ ਤੋਂ ਬਾਅਦ ਜਵੱਦੀ ਤੱਕ ਪੁਲ ’ਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਏ ਨੂੰ 15 ਦਿਨ ਬੀਤ ਗਏ ਹਨ ਪਰ ਹਾਲੇ ਵੀ ਇਹ ਕੰਮ ਅੱਧਾ ਹੀ ਪੂਰਾ ਹੋ ਸਕਿਆ ਹੈ, ਜਦਕਿ ਇਸ ਦੀ ਸ਼ੁਰੂਆਤ ਕਰਦੇ ਹੋਏ ਵਿਭਾਗ ਨੇ 20 ਦਿਨਾਂ ਲਈ ਇਥੋਂ ਟਰੈਫਿਕ ਬੰਦ ਕਰਨ ਤੇ ਬਦਲਵੇਂ ਰੂਟ ’ਤੇ ਪਾਉਣ ਲਈ ਕਿਹਾ ਸੀ। 2 ਹਫ਼ਤਿਆਂ ਦੌਰਾਨ ਹਾਲੇ ਤੱਕ ਪੁਲ ਦਾ ਇੱਕ ਪਾਸੇ ਹੀ ਅੱਧੀ ਮਾਸਟਿਕ ਲੇਅਰ ਪਾਈ ਗਈ ਹੈ, ਜਦੋਂ ਕਿ ਪੂਰਾ ਕੰਮ ਹੋਣ ਵਿੱਚ 20 ਦਿਨਾਂ ਦਾ ਹੋਰ ਸਮਾਂ ਲੱਗਣ ਵਾਲਾ ਹੈ। ਦੱਖਣੀ ਬਾਈਪਾਸ ’ਤੇ ਹਮੇਸ਼ਾ ਹੀ ਟਰੈਫਿਕ ਦਾ ਲੋਡ ਕਾਫ਼ੀ ਜ਼ਿਆਦਾ ਰਹਿੰਦਾ ਹੈ। ਇਸ ਕਰਕੇ ਇਸ ਥਾਂ ’ਤੇ ਸੜਕ ਬਣਾਉਣ ਦੇ ਕੰਮ ਵਿੱਚ ਕਾਫ਼ੀ ਪਰੇਸ਼ਾਨੀ ਆ ਰਹੀ ਹੈ। ਸੜਕ ਦੀ ਉਸਾਰੀ ਕਾਰਨ ਦਿਨ ਵੇਲੇ ਤਾਂ ਹਮੇਸ਼ਾ ਹੀ ਇਸ ਥਾਂ ’ਤੇ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ, ਜਿਸ ਕਰ ਕੇ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਇਸ ਹੌਲੀ ਰਫ਼ਤਾਰ ਨਾਲ ਚੱਲ ਰਹੇ ਕੰਮ ਦੇ ਬਾਰੇ ’ਚ ਜਦੋਂ ਐਕਸੀਅਨ ਪ੍ਰਦੀਪ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਟਰੈਫਿਕ ਦੀ ਸਮੱਸਿਆ ਕਾਰਨ ਸਹੀ ਤਰੀਕੇ ਨਾਲ ਕੰਮ ਕਰਨ ’ਚ ਬਹੁਤ ਪ੍ਰੇਸ਼ਾਨੀ ਆ ਰਹੀ ਹੈ, ਕਿਉਂਕਿ ਮਾਸਿਟਕ ਲੇਅਰ ਦਾ ਕੰਮ ਮੈਨੂਅਲ ਹੁੰਦਾ ਹੈ, ਜਦੋਂ ਕਿ ਟਰੈਫਿਕ ਵੀ ਕਾਫ਼ੀ ਜ਼ਿਆਦਾ ਹੋ ਚੁੱਕਿਆ ਹੈ। ਉਧਰ, ਕਈ ਵਾਰ ਤਾਂ ਇਹ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਵਾਹਨ ਚਾਲਕ ਸੁਰੱਖਿਆ ਰੇਲਿੰਗ ਤੋੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵੇਰਕਾ ਚੌਕ ਤੋਂ ਜਵੱਦੀ ਪੁਲ ਵੱਲ ਜਾਣ ਵਾਲੇ ਹਿੱਸੇ ’ਚ ਤਾਂ ਇੱਕ ਪਾਸੇ ਦਾ ਟਰੈਫਿਕ ਬੰਦ ਹੈ, ਪਰ ਕੁਝ ਲੋਕ ਬੰਦ ਹੋਣ ਦੇ ਬਾਵਜੂਦ ਜਬਰੀ ਐਂਟਰੀ ਕਰ ਰਹੇ ਹਨ। ਜਿਸ ਨਾਲ ਪੁੱਲ ’ਤੇ ਜਾਮ ਵਰਗੇ ਹਾਲਾਤ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੁਲ ਦੀ ਉਸਾਰੀ ਪੂਰੀ ਹੋਣ ਤੱਕ ਇਸ ਰਸਤੇ ਦੀ ਵਰਤੋਂ ਨਾ ਹੀ ਕਰਨ ਤਾਂ ਵਧੀਆ ਹੈ ਤਾਂ ਕਿ ਮਾਸਟਿਕ ਲੇਅਰ ਪਾਉਣ ਦਾ ਕੰਮ ਜਲਦੀ ਪੂਰਾ ਕੀਤਾ ਜਾ ਸਕੇ। ਉਧਰ, ਦੂਸਰੇ ਪਾਸੇ ਦੋਰਾਹਾ ਤੋਂ ਲੁਧਿਆਣਾ ਵੱਲ ਆਉਣ ਵਾਲੀ ਸੜਕ ਦੀ ਉਸਾਰੀ ਠੰਢ ਦੇ ਸੀਜ਼ਨ ਦੇ ਚੱਲਦੇ ਲੁੱਕ ਵਾਲੀ ਸੜਕ ਦਾ ਕੰਮ ਰੋਕ ਦਿੱਤਾ ਗਿਆ ਸੀ, ਉਸਦੀ ਸ਼ੁਰੂਆਤ ਹੁਣ ਆਗਾਮੀ ਹਫ਼ਤੇ ’ਚ ਸ਼ੁਰੂ ਹੋਣ ਜਾ ਰਹੀ ਹੈ। ਪੀਡਬਲਯੂਡੀ ਵਿਭਾਗ ਦੇ ਐਕਸੀਅਨ ਪ੍ਰਦੀਪ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੀਂਹ ਦੇ ਸੀਜ਼ਨ ਤੋਂ ਪਹਿਲਾਂ ਦੱਖਣੀ ਬਾਈਪਾਸ ਦਾ 26 ਕਿਲੋਮੀਟਰ ਹਿੱਸਾ ਪੂਰੀ ਤਰ੍ਹਾਂ ਨਵਾਂ ਬਣਾ ਦਿੱਤਾ ਜਾਵੇਗਾ ਤਾਂ ਕਿ ਮੀਂਹ ਸੀਜ਼ਨ ’ਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।

Advertisement
Author Image

Advertisement
Advertisement
×