ਖਸਤਾ ਹਾਲ ਪੁਲ ਰਾਹਗੀਰਾਂ ਲਈ ਬਣਿਆ ਜਾਨ ਦਾ ਖੌਅ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 29 ਜੁਲਾਈ
ਪਿੰਡ ਬਹਿਲੋਲਪੁਰ ਨੇੜੇ ਪਟਿਆਲਾ ਕੀ ਰਾਓ ਚੋਅ ਦਾ ਖਸਤਾ ਹਾਲ ਪੁਲ ਰਾਹਗੀਰਾਂ ਦੀ ਜਾਨ ਲਈ ਖਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਪਿਛਲੇ ਸਾਲ ਬਰਸਾਤਾਂ ਦੇ ਸਮੇਂ ਚੋਅ ’ਤੇ ਬਣੇ ਪੁਲ ਦੀਆਂ ਕੰਧਾਂ ਬੈਠਣ ਕਰ ਕੇ ਇਹ ਪੁਲ ਰਾਹਗੀਰਾਂ ਲਈ ਅਣਸੁਰੱਖਿਅਤ ਹੋ ਚੁੱਕਾ ਹੈ। ਇਲਾਕਾ ਵਾਸੀਆਂ ਵੱਲੋਂ ਇੱਕ ਸਾਲ ਤੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਏ ਜਾਣ ਦੇ ਬਾਵਜੂਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਇਲਾਕੇ ਦੇ ਲੋਕ ਅੱਜ ਵੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਪੁਲ ਉੱਪਰੋਂ ਲੰਘਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਪ੍ਰਸ਼ਾਸਨ ਇਸ ਪੁਲ ਨੂੰ ਨਾ ਬਣਾ ਕੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਡਿੱਗਣ ਕਾਰਨ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬਹਿਲੋਲਪੁਰ, ਗੁਰਮੀਤ ਸਿੰਘ ਬਹਿਲੋਲਪੁਰ, ਸੁਰਜੀਤ ਸਿੰਘ ਬਹਿਲੋਲਪੁਰ ਆਦਿ ਹਾਜ਼ਰ ਸਨ।