ਮਸਨੂਈ ਬੌਧਿਕਤਾ ਦੇ ਦੌਰ ’ਚ ਭਾਸ਼ਾ ਤੇ ਸਾਹਿਤ ਦਾ ਡਿਜੀਟਲਾਈਜ਼ੇਸ਼ਨ ਅਹਿਮ ਮੁੱਦਾ: ਪ੍ਰਗਤੀਸ਼ੀਲ ਲੇਖਕ ਸੰਘ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਫਰਵਰੀ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਵਿਸ਼ਵ ਭਰ ਦੇ ਲੋਕਾਂ ਨੂੰ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜੇ ਸਬੰਧੀ ਕਿਹਾ ਕਿ ਇਕ ਪਾਸੇ ਭਾਸ਼ਾ ਦੇ ਨਾਂ ’ਤੇ ਹੋਣ ਵਾਲੀ ਸਿਆਸਤ ਨੇ ਖੇਤਰੀ ਭਾਸ਼ਾਵਾਂ ਦੇ ਵਿਕਾਸ ਅੱਗੇ ਕਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ, ਦੂਜੇ ਪਾਸੇ ਹੁਣ ਮਸਨੂਈ ਬੌਧਿਕਤਾ ਦੇ ਦੌਰ ਵਿਚ ਦੁਨੀਆ ਦੀ ਹਰ ਭਾਸ਼ਾ ਮੂਹਰੇ ਵੱਖਰੀ ਕਿਸਮ ਦੀਆਂ ਚੁਣੌਤੀਆਂ ਆਈਆਂ ਹਨ। ਪੰਜਾਬੀ ਵੀ ਇਨ੍ਹਾਂ ਚੁਣੌਤੀਆਂ ਵਿੱਚੋਂ ਲੰਘ ਰਹੀ ਹੈ।
ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਰਾਸ਼ਟਰੀ ਕਾਰਕਾਰਨੀ ਦੇ ਮੈਂਬਰ ਡਾ. ਸਰਬਜੀਤ ਸਿੰਘ, ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਅਤੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਮਸਨੂਈ ਬੌਧਿਕਤਾ ਦੇ ਭਾਸ਼ਾਈ ਪ੍ਰਸੰਗ ਨੂੰ ਸਮਝਦਿਆਂ ਪ੍ਰੋ. ਅਮਰਜੀਤ ਸਿੰਘ ਗਰੇਵਾਲ, ਡਾ. ਸੀਪੀ ਕੰਬੋਜ ਅਤੇ ਹੋਰ ਮਾਹਿਰ ਵਿਦਵਾਨਾਂ ਨੇ ‘ਬੋਰਡ ਭਾਸ਼ਾ ਮਾਡਲ’ ਵਿੱਚ ਪੰਜਾਬੀ ਭਾਸ਼ਾ ਦੇ ਮਨਫ਼ੀ ਹੋਣ ਦੇ ਪ੍ਰਸੰਗ ਨੂੰ ਜ਼ੋਰ ਸ਼ੋਰ ਨਾਲ ਉਭਾਰਿਆ ਹੈ ਅਤੇ ਪੰਜਾਬ ਸਰਕਾਰ ਅਤੇ ਪੰਜਾਬੀ ਨਾਲ ਸਬੰਧਤ ਅਦਾਰਿਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਇਸ ਮੁੱਦੇ ਨੂੰ ਛੇਤੀ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਵਰਗੇ ਵੱਡੇ ਅਦਾਰੇ ਵਿਚ ਅਤਿ-ਆਧੁਨਿਕ ਸੈੱਲ ਕਾਇਮ ਕੀਤਾ ਜਾਣਾ ਚਾਹੀਦਾ ਹੈ ਤੇ ਭਾਸ਼ਾ ਨਾਲ ਜੁੜੇ ਸਾਰੇ ਅਦਾਰਿਆਂ ਦੀ ਸਾਂਝੀ ਤਾਲਮੇਲ ਕਮੇਟੀ ਬਣਾ ਕੇ ਪੰਜਾਬੀ ਗਿਆਨ ਅਤੇ ਸਾਹਿਤ ਨੂੰ ਆਨਲਾਈਨ ਪਲੇਟਫਾਰਮਾਂ ’ਤੇ ਅੱਪਲੋਡ ਕਰਵਾਇਆ ਜਾਣਾ ਚਾਹੀਦਾ ਹੈ। ਇਸ ਨਵੀਂ ਤਕਨੀਕ ਨੂੰ ਕਾਰਪੋਰੇਟ ਘਰਾਣਿਆਂ ਤੋਂ ਵੀ ਬਚਾਇਆ ਜਾਣਾ ਚਾਹੀਦਾ ਹੈ।