ਡਿਜੀਟਲ ਮੀਡੀਆ ਐਸੋਸੀਏਸ਼ਨ ਵੱਲੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਦੇ ਬਾਈਕਾਟ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਅਗਸਤ
ਪੰਜਾਬ ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਵੱਲੋਂ ਪੱਤਰਕਾਰ ਗਗਨ ਲਿਖਾਰੀ ਦੀ ਇੱਕ ਖ਼ਬਰ ਦੇ ਸਿਲਸਿਲੇ ਵਿਚ ਆਪਣੇ ਦਫਤਰ ਬੁਲਾ ਕੇ ਕਥਿਤ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਐਸੋਸੀਏਸ਼ਨ ਵਲੋਂ ਸਖ਼ਤ ਨਿਖੇਧੀ ਕੀਤੀ ਗਈ। ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਥਲੀ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਵਿਚ ਚਰਚਾ ਕੀਤੀ ਗਈ ਕਿ ਜੇਕਰ ਪੱਤਰਕਾਰ ਦੀ ਖ਼ਬਰ ’ਤੇ ਵਿਧਾਇਕ ਨੂੰ ਕੋਈ ਇਤਰਾਜ਼ ਸੀ ਤਾਂ ਪਹਿਲਾਂ ਉਸ ਨੂੰ ਤੁਰੰਤ ਸੋਸ਼ਲ ਮੀਡੀਆ ਤੋਂ ਰੱਦ ਕਰਨ ਲਈ ਆਖਦੇ, ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਦਾ ਤਾਂ ਸਬੰਧਤ ਪੱਤਰਕਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਕੁੱਟਮਾਰ ਕਰਨ ਦੇ ਦੋਸ਼ ਨਕਾਰ ਚੁੱਕੇ ਹਨ ਪਰ ਮੀਡੀਆ ਵੱਲੋਂ ਮੰਗੀਆਂ ਜਾ ਰਹੀਆਂ ਸੀਸੀਟੀਵੀ ਤਸਵੀਰਾਂ ਵਿਧਾਇਕ ਵੱਲੋਂ ਨਾ ਦੇਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੱਤਰਕਾਰ ਨਾਲ ਕੁੱਟਮਾਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਫੈਸਲਾ ਹੈ ਕਿ ਵਿਧਾਇਕ ਜਦ ਤੱਕ ਪੀੜਤ ਪੱਤਰਕਾਰ ਕੋਲੋਂ ਮੁਆਫ਼ੀ ਨਹੀਂ ਮੰਗਦੇ ਤਦ ਤੱਕ ਬਾਈਕਾਟ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦਾ ਵਫ਼ਦ ਜਲਦੀ ਹੀ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਐਸਐਸਪੀ ਮੋਗਾ ਨੂੰ ਮਿਲੇਗਾ।