ਡਿਜੀਟਲ ਆਨੰਦ
ਇਹ ਆਮ ਕਿਹਾ ਜਾਂਦਾ ਹੈ ਕਿ ਅਸੀਂ ਡਿਜੀਟਲ ਭਾਵ ਇੰਟਰਨੈੱਟ ਦੇ ਸਮਿਆਂ ਵਿਚ ਜੀਅ ਰਹੇ ਹਾਂ। ਇਸ ਸਮੇਂ ਅਰਥਚਾਰਾ ਡਿਜੀਟਲ/ਇੰਟਰਨੈੱਟ ਸਾਧਨਾਂ ‘ਤੇ ਨਿਰਭਰ ਹੈ; ਵਿੱਦਿਆ, ਵਿਗਿਆਨ, ਸੰਚਾਰ, ਆਵਾਜਾਈ, ਸੱਭਿਆਚਾਰ, ਹਰ ਖੇਤਰ ਵਿਚ ਇੰਟਰਨੈੱਟ ਸਿਰਫ਼ ਮੌਜੂਦ ਹੀ ਨਹੀਂ ਸਗੋਂ ਕਈ ਖੇਤਰਾਂ ਵਿਚ ਇਹ ਭਾਰੂ ਤੇ ਫ਼ੈਸਲਾਕੁਨ ਸ਼ਕਤੀ ਹੈ ਅਤੇ ਕਈ ਖੇਤਰਾਂ ਵਿਚ ਫ਼ੈਸਲਾਕੁਨ ਸ਼ਕਤੀ ਬਣ ਰਿਹਾ ਹੈ। ਮਸਨੂਈ ਬੁੱਧੀ (Artificial Intelligence) ਗਿਆਨ ਦੇ ਨਵੇਂ ਦਿਸਹੱਦਿਆਂ ‘ਤੇ ਦਸਤਕ ਦੇ ਰਹੀ ਹੈ। ਇੰਟਰਨੈੱਟ ਨੇ ਸਾਡੇ ਮਾਨਸਿਕ ਸੰਸਾਰ ਵਿਚ ਵੀ ਵੱਡੀ ਪੱਧਰ ‘ਤੇ ਆਪਣੇ ਪੈਰ ਪਸਾਰੇ ਹਨ। ਜਿੱਥੇ ਇੰਟਰਨੈੱਟ ਗਿਆਨ ਤੇ ਸੰਚਾਰ ਦਾ ਸਰੋਤ ਤੇ ਵਸੀਲਾ ਹੈ, ਉੱਥੇ ਇਸ ਦਾ ਇਕ ਵੱਡਾ ਨਕਾਰਾਤਮਕ ਪੱਖ ਹੈ, ਇਸ ‘ਤੇ ਮਨੁੱਖੀ ਤੰਤੂਆਂ ਨੂੰ ਉਤੇਜਿਤ ਕਰਨ ਵਾਲੀ ਸਤਹੀ ਸਮੱਗਰੀ ਦੀ ਲਗਾਤਾਰ ਮੌਜੂਦਗੀ। ਸਾਡੇ ਵਿਚੋਂ ਵੱਡੀ ਗਿਣਤੀ ਅਤੇ ਨੌਜਵਾਨਾਂ ਵਿਚੋਂ ਬਹੁਤ ਵੱਡੀ ਗਿਣਤੀ ਮਾਨਸਿਕ ਤੌਰ ‘ਤੇ ਇੰਟਰਨੈੱਟ ਤੋਂ ਮਿਲ ਰਹੀ ਸਤਹੀ ਮਨੋਰੰਜਨ ਅਤੇ ਉਤੇਜਨਾ ਪੈਦਾ ਕਰਨ ਵਾਲੀ ਸਮੱਗਰੀ ‘ਤੇ ਨਿਰਭਰ ਹੋ ਗਈ ਹੈ। ਇੰਟਰਨੈੱਟ ‘ਤੇ ਵਧੀਆ ਮਨੋਰੰਜਨ ਸਮੱਗਰੀ ਵੀ ਮੌਜੂਦ ਹੈ ਪਰ ਭਰਮਾਰ ਸਤਹੀ ਤੇ ਉਕਸਾਊ ਸਮੱਗਰੀ ਦੀ ਹੈ ਜਿਸ ਪਿੱਛੇ ਨੌਜਵਾਨ ਦੀਵਾਨੇ ਹਨ। ਨੌਜਵਾਨ ਪੀੜ੍ਹੀ ਦੀ ਵੱਡੀ ਗਿਣਤੀ ਦਾ ਡਿਜੀਟਲ ਸੰਸਾਰ/ਇੰਟਰਨੈੱਟ ਤੋਂ ਕੁਝ ਪਲਾਂ ਲਈ ਵਿਛੜਨਾ ਉਨ੍ਹਾਂ ਲਈ ਮਾਨਸਿਕ ਕਲੇਸ਼ ਦਾ ਕਾਰਨ ਬਣ ਜਾਂਦਾ ਹੈ; ਉਹ ਇੰਟਰਨੈੱਟ ਤੋਂ ਮਿਲਦੇ ਵਕਤੀ ਮਨੋਰੰਜਨ ਵਿਚ ਮਸਤ ਹਨ, ਇਸ ਡਿਜੀਟਲ ਆਨੰਦ ਦੇ ਸਰੂਰ ਵਿਚ ਭਰੇ ਹੋਏ ਹਨ।
ਇਹ ਡਿਜੀਟਲ ਆਨੰਦ ਉਨ੍ਹਾਂ ਨੂੰ ਵਕਤੀ ਸੁਖ ਦਿੰਦਾ ਤੇ ਆਪਣੇ ਆਪ ‘ਤੇ ਨਿਰਭਰ ਬਣਾਉਂਦਾ ਹੈ; ਇਸ ਵਿਚ ਅਜੀਬ ਤਰ੍ਹਾਂ ਦਾ ਸੰਮੋਹਨ ਹੈ। ਇੰਟਰਨੈੱਟ ‘ਤੇ ਆਉਣ ਵਾਲੇ ਬਹੁਤੇ ਪ੍ਰੋਗਰਾਮਾਂ ਦੀ ਖਿੱਚ ਵਕਤੀ ਹੈ ਪਰ ਇੰਟਰਨੈੱਟ ਦੀ ਖਿੱਚ ਲਗਾਤਾਰ ਬਣੀ ਰਹਿੰਦੀ ਹੈ। ਇੰਟਰਨੈੱਟ ‘ਤੇ ਸੁਣਦੀਆਂ ਬਹੁਤੀਆਂ ਕੂਕਾਂ ਵਿਚਲੀ ਉਤੇਜਨਾ ਝੱਟ ਮੱਠੀ ਪੈ ਜਾਂਦੀ ਹੈ ਤੇ ਸੁਣਨ ਵਾਲੇ ਨਵੀਆਂ ਕੂਕਾਂ ਦੀ ਭਾਲ ਵਿਚ ਲੱਗ ਜਾਂਦੇ ਹਨ। ਇੰਟਰਨੈੱਟ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਦਾ; ਕਿਤੇ ਨਾ ਕਿਤੇ ਉਤੇਜਨਾ ਨੂੰ ਨਵੀਂ ਸਿਖਰ ‘ਤੇ ਲੈ ਜਾਣ ਵਾਲੀਆਂ ਕੂਕਾਂ ਫਿਰ ਜਨਮਦੀਆਂ ਤੇ ਮੱਧਮ ਪੈ ਜਾਂਦੀਆਂ ਹਨ ਤੇ ਫਿਰ ਹੋਰ ਨਵੀਆਂ ਕੂਕਾਂ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ। ਇਹ ਤਲਾਸ਼ ਵੀ ਆਪਣੇ ਆਪ ਵਿਚ ਆਨੰਦਮਈ ਹੈ। ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਡਿਜੀਟਲ ਮਨੋਰੰਜਨ ਦਾ ਲਗਾਤਾਰ ਖ਼ਪਤਕਾਰ ਹੈ; ਉਹ ਸਵੇਰੇ, ਸ਼ਾਮ, ਦੁਪਹਿਰੇ, ਰਾਤ-ਬਰਾਤੇ, ਹਰ ਵੇਲੇ ਇਸ ਮਨੋਰੰਜਨ ਦਾ ਤਲਬਗਾਰ ਹੈ। ਨੌਜਵਾਨਾਂ ਨੂੰ ਲੱਗਦਾ ਹੈ ਕਿ ਉਹ ਇਸ ਡਿਜੀਟਲ ਆਨੰਦ ਬਗ਼ੈਰ ਅਧੂਰੇ ਹਨ।
ਸਤਹੀ ਡਿਜੀਟਲ ਮਨੋਰੰਜਨ ਇਸ ਯੁੱਗ ਦਾ ਮੁੱਖ ਨਸ਼ਾ ਹੈ ਜੋ ਸਾਡੇ ਬੱਚੇ ਸਾਡੇ ਸਾਹਮਣੇ ਬਹਿ ਕੇ ਵਰਤ ਰਹੇ ਹਨ ਪਰ ਅਸੀਂ ਇਸ ਬਾਰੇ ਕੁਝ ਕਰ ਸਕਣ ਦੀ ਸਥਿਤੀ ਵਿਚ ਨਹੀਂ। ਅਸੀਂ ਕੀ ਕਰਦੇ ਹਾਂ? ਬਹੁਤੀ ਵਾਰ ਅਸੀਂ ਵੀ ਇਸ ਮਨੋਰੰਜਨ ਦਾ ਸਵਾਦ ਚੱਖਣ ਲੱਗ ਪੈਂਦੇ ਹਾਂ। ਮਾਰਕ ਫਿਸ਼ਰ ਆਪਣੀ ਕਿਤਾਬ ‘ਸਰਮਾਏਦਾਰੀ ਯਥਾਰਥਵਾਦ’ (Capitalist Realism) ਵਿਚ ਲਿਖਦਾ ਹੈ, ”ਮਾਪਿਆਂ ਦੀ ਖ਼ੁਦ ਸੁਖਮਈ ਜ਼ਿੰਦਗੀ ਜਿਊਣ ਦੀ ਲਾਲਸਾ ਉਨ੍ਹਾਂ ਨੂੰ ਬੱਚਿਆਂ ਦੀ ਹਰ ਗੱਲ ਮੰਨ ਲੈਣ ਲਈ ਰਜ਼ਾਮੰਦ ਕਰ ਲੈਂਦੀ ਹੈ।” ਇਹੀ ਨਹੀਂ, ਕਈ ਵਾਰ ਮਾਤਾ ਤੇ ਪਿਤਾ ਦੋਵਾਂ ਦੇ ਕੰਮ ‘ਤੇ ਜਾਣ ਕਾਰਨ ਉਹ ਬੱਚਿਆਂ ਨੂੰ ਬਹੁਤ ਘੱਟ ਸਮਾਂ ਦੇ ਸਕਦੇ ਹਨ ਅਤੇ ਇਸ ਦੇ ਇਵਜ਼ ਵਿਚ ਬੱਚਿਆਂ ਨੂੰ ਮੋਬਾਈਲ ਫੋਨਾਂ, ਕੰਪਿਊਟਰਾਂ, ਟੈਲੀਵਿਜ਼ਨਾਂ ਆਦਿ ‘ਤੇ ਪ੍ਰਾਪਤ ਮਨੋਰੰਜਨ ਸਮੱਗਰੀ ਮਨਚਾਹੇ ਢੰਗ ਨਾਲ ਵਰਤਣ ਦੀ ਛੋਟ ਦਿੱਤੀ ਜਾਂਦੀ ਹੈ।
ਡਿਜੀਟਲ ਆਨੰਦ/ਮਨੋਰੰਜਨ ਸਨਅਤ ਆਪਣੇ ਆਪ ਵਿਚ ਫੈਲਦਾ ਇਕ ਅਜਿਹਾ ਵਰਤਾਰਾ ਹੈ ਜਿਸ ਕੋਲ ਉਤੇਜਨਾ, ਉਕਸਾਹਟ, ਡਰ, ਖ਼ੌਫ਼ ਆਦਿ ਪੈਦਾ ਕਰਨ ਵਾਲੀਆਂ ਅਨੰਤ ਤਰਬਾਂ ਮੌਜੂਦ ਹਨ; ਇਨ੍ਹਾਂ ਵਿਚੋਂ ਬਹੁਤੀਆਂ ਤਰਬਾਂ ਸਤਹੀ ਹਨ; ਇਹ ਨੌਜਵਾਨਾਂ ਨੂੰ ਹਕੀਕੀ ਸੰਸਾਰ ਦੀ ਅਸਲੀਅਤ ਵਿਚ ਜਾਣ ਤੋਂ ਰੋਕਦੀਆਂ ਹਨ; ਇਹ ਤਰਬਾਂ ਨੌਜਵਾਨਾਂ ਤੇ ਕਿਤਾਬਾਂ ਦੀ ਦੁਨੀਆ ਵਿਚ ਵੱਡੀਆਂ ਕੰਧਾਂ ਉਸਾਰ ਰਹੀਆਂ ਹਨ; ਨੌਜਵਾਨ ਪੀੜ੍ਹੀ ਵੱਡੀ ਪੱਧਰ ‘ਤੇ ਪੜ੍ਹੀ-ਲਿਖੀ ਅਨਪੜ੍ਹ ਪੀੜ੍ਹੀ ਬਣ ਰਹੀ ਹੈ। ਇੰਟਰਨੈੱਟ ਸਨਅਤ ਨਸਲੀ, ਧਾਰਮਿਕ ਤੇ ਜਾਤੀਵਾਦੀ ਨਫ਼ਰਤ ਦਾ ਕਾਰੋਬਾਰ ਵੀ ਕਰਦੀ ਹੈ; ਨੌਜਵਾਨ ਪੀੜ੍ਹੀ ਨੂੰ ਉਲਝਾਈ ਰੱਖਣਾ ਇਸ ਦਾ ਮੁੱਖ ਮਕਸਦ ਹੈ। ਇਹ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੀ ਹੈ ਪਰ ਅਸਲ ਵਿਚ ਇਹ ਨੌਜਵਾਨਾਂ ਨੂੰ ਉਨ੍ਹਾਂ ਦੇ ਨਿੱਜ, ਰਿਸ਼ਤਿਆਂ, ਸਮਾਜ ਤੇ ਪਰਿਵਾਰ ਤੋਂ ਬੇਗ਼ਾਨਿਆਂ ਕਰਨ ਵਿਚ ਵੱਡਾ ਹਿੱਸਾ ਪਾਉਂਦੀ ਹੈ।
ਕੀ ਡਿਜੀਟਲ ਆਨੰਦ ਭੋਗ ਰਹੀ ਨੌਜਵਾਨ ਪੀੜ੍ਹੀ ਸੱਚਮੁਚ ਸੁਖੀ ਹੈ ਜਾਂ ਇਹ ਕੁਝ ਹੋਰ ਹੈ? ਮਾਰਕ ਫਿਸ਼ਰ ਨੇ ਇਸ ਨੂੰ ‘ਅਤਿਅੰਤ ਨਿਰਾਸ਼ਾ ਵਿਚ ਦੱਬਣ ਵਾਲੀ ਖ਼ੁਸ਼ੀ/ਆਨੰਦ (Depressive Hedonia)’ ਕਿਹਾ ਹੈ; ਇਹ ਦੋਵੇਂ ਸ਼ਬਦ ਆਪਾ-ਵਿਰੋਧੀ ਹਨ : ਅੰਗਰੇਜ਼ੀ ਸ਼ਬਦ Depressive ਦੇ ਅਰਥ ਹਨ ਮਨੁੱਖ ਨੂੰ ਘੋਰ ਨਿਰਾਸ਼ਾ ਵੱਲ ਧੱਕਣ ਵਾਲਾ ਮਾਨਸਿਕ ਰੋਗ ਅਤੇ Hedonia ਦੇ ਅਰਥ ਅਜਿਹੀ ਖ਼ੁਸ਼ੀ ਹੈ ਜਿਸ ਵਿਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ, ਭਾਵ ਨੌਜਵਾਨ ਪੀੜ੍ਹੀ ਡਿਜੀਟਲ ਆਨੰਦ ਦੇ ਰੋਗ ‘ਚੋਂ ਖ਼ੁਸ਼ੀ ਲੱਭ ਰਹੀ ਤੇ ਇਸ ‘ਤੇ ਨਿਰਭਰ ਹੋ ਰਹੀ ਹੈ।
ਇੰਟਰਨੈੱਟ ਮਨੋਰੰਜਨ ਦਾ ਲਗਾਤਾਰ ਦਖ਼ਲ ਮਨੁੱਖ ਦੇ ਸਮੇਂ ਦੀ ਲਗਾਤਾਰਤਾ ਨੂੰ ਤੋੜਦਾ ਹੈ; ਇਹ ਸਮੇਂ ਨੂੰ ਨਿੱਕੇ ਨਿੱਕੇ ਹਿੱਸਿਆਂ ਵਿਚ ਵੰਡ ਦਿੰਦਾ ਹੈ; ਕੁਝ ਸਮੇਂ ਲਈ ਇਹ ਉਸ ਦਾ ਧਿਆਨ ਇਕ ਪਾਸੇ ਖਿੱਚਦਾ ਹੈ ਅਤੇ ਦੂਸਰੇ ਪਲ ਦੂਸਰੇ ਪਾਸੇ। ਕਦੇ ਮਨੁੱਖ ਉਤੇਜਨਾ ਵੱਲ ਜਾਂਦਾ ਹੈ ਤੇ ਕਦੇ ਨਿਰਾਸ਼ਾ ਵੱਲ; ਉਸ ਦੇ ਸਮੇਂ ਦਾ ਵੱਡਾ ਹਿੱਸਾ ਉਤੇਜਨਾ-ਨਿਰਾਸ਼ਾ ਦੇ ਚੱਕਰਵਿਊ ਵਿਚ ਖ਼ਰਚ ਹੁੰਦਾ ਹੈ। ਇਹ ਵਰਤਾਰਾ ਮਨੁੱਖ ਨੂੰ ਆਪਣਾ ਧਿਆਨ ਇਕ ਵਿਸ਼ੇ ਬਾਰੇ ਕੇਂਦਰਿਤ ਨਹੀਂ ਕਰਨ ਦਿੰਦਾ; ਇਹ ਉਸ ਦੀ ਮਾਨਸਿਕਤਾ ਦੇ ਟੋਟੇ ਟੋਟੇ ਕਰਨਾ ਲੋਚਦਾ ਹੈ। ਵੰਡੀ ਹੋਈ ਮਾਨਸਿਕਤਾ ਵਾਲੇ ਮਨੁੱਖ ਕੋਲ ਆਪਣੇ ਆਲੇ-ਦੁਆਲੇ ਉਸਾਰੇ ਗਏ ਸੰਸਾਰ ਨੂੰ ਸਵੀਕਾਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੁੰਦਾ; ਉਹ ਇਸ ਸੰਸਾਰ ਨੂੰ ਬਦਲਣ ਦੀ ਲੋਚਾ ਤੋਂ ਬੇਗ਼ਾਨਾ ਹੀ ਨਹੀਂ ਹੋ ਜਾਂਦਾ ਸਗੋਂ ਇਸ ਸੰਸਾਰ ਦੁਆਰਾ ਕਿਸੇ ਵੀ ਰੂਪ ਵਿਚ ਸਵੀਕਾਰੇ ਜਾਣ ਨੂੰ ਹੀ ਆਪਣੀ ਸਫ਼ਲਤਾ ਸਮਝਣ ਲੱਗ ਪੈਂਦਾ ਹੈ।
ਇਹ ਨਹੀਂ ਕਿ ਇੰਟਰਨੈੱਟ ‘ਤੇ ਸਿਹਤਮੰਦ ਤੇ ਤਬਦੀਲੀ ਵਾਲੀਆਂ ਆਵਾਜ਼ਾਂ ਦੀ ਘਾਟ ਹੈ; ਉਹ ਵੀ ਉੱਥੇ ਮੌਜੂਦ ਹਨ ਪਰ ਨੌਜਵਾਨ ਪੀੜ੍ਹੀ ਉਨ੍ਹਾਂ ਵੱਲ ਬਹੁਤ ਘੱਟ ਧਿਆਨ ਦਿੰਦੀ ਹੈ। ਇੰਟਰਨੈੱਟ ਵਿਚ ਬੱਚਿਆਂ ਦੇ ‘ਮਾਪਿਆਂ’ ਦੀ ਭੂਮਿਕਾ ਨਿਭਾਉਣ ਦੀ ਸਮਰੱਥਾ ਵੀ ਹੈ; ਇੰਟਰਨੈੱਟ ਸੰਸਾਰ ਅਜਿਹੀਆਂ ਸਲਾਹਾਂ ਨਾਲ ਭਰਿਆ ਪਿਆ ਹੈ ਕਿ ਤੁਸੀਂ ਆਪਣਾ ਭਾਰ ਕਿਵੇਂ ਘਟਾ ਸਕਦੇ ਹੋ ਜਾਂ ਤੁਹਾਨੂੰ ਕਿਵੇਂ ਬਣਨਾ-ਸੰਵਰਨਾ ਚਾਹੀਦਾ ਹੈ; ਤੁਹਾਨੂੰ ਇਹ ਲੱਗੇਗਾ ਕਿ ਜਿਵੇਂ ਤੁਹਾਡੇ ‘ਮਾਪੇ’ ਤੁਹਾਨੂੰ ਚੰਗੀ ਸਿੱਖਿਆ ਦੇ ਰਹੇ ਹੋਣ; ਇਸ ‘ਸਿੱਖਿਆ’ ਦੇ ਅੰਦਰ ਨਿਰੋਲ ਵਪਾਰ ਪਿਆ ਹੁੰਦਾ ਹੈ। ਇਹ ਤੰਤਰ ਫੇਸਬੁੱਕ, ਯੂ-ਟਿਊਬ, ਵੱਟਸਐਪ ਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਸੋਖ ਲੈਂਦਾ ਹੈ; ਫਿਲਮਸਾਜ਼ ਐਡਮ ਕਰਟਿਸ ਦੇ ਸ਼ਬਦਾਂ ਵਿਚ ਲੋਕ ਆਪਣੇ ਆਪ ਵਿਚ ਫਸ ਜਾਂਦੇ ਹਨ; ਉਹ ‘ਆਪਣੀਆਂ ਭਾਵਨਾਵਾਂ ਤੇ ਕਲਪਨਾ ਦੇ ਨਿੱਜੀ ਸੰਸਾਰ’ ਵਿਚ ਜਕੜੇ ਜਾਂਦੇ ਹਨ। ਇੰਟਰਨੈੱਟ ਮਨੁੱਖ ਨਾਲ ਆਪਣੇ ਮਾਧਿਅਮਾਂ/ਪਲੇਟਫਾਰਮਾਂ ‘ਤੇ ਉਸ ਦੇ ਨਿੱਜ ਦਾ ਸਾਮਰਾਜ ਬਣਾਉਣ ਦੇ ਵਾਅਦੇ ਕਰਦਾ ਹੈ; ਫੇਸਬੁੱਕ, ਵੱਟਸਐਪ ਤੇ ਹੋਰ ਪਲੇਟਫਾਰਮਾਂ ‘ਤੇ ਉੱਸਰਦੇ ਨਿੱਜ ਦੇ ਇਨ੍ਹਾਂ ਸਾਮਰਾਜਾਂ ਦੀ ਨਾ ਤਾਂ ਕੋਈ ਬੁਨਿਆਦ ਹੁੰਦੀ ਅਤੇ ਨਾ ਹੀ ਲੰਮੀ ਉਮਰ।
ਕੀ ਇਸ ਤੋਂ ਇਹ ਸਿੱਟਾ ਕੱਢਿਆ ਜਾਵੇ ਕਿ ਡਿਜੀਟਲ ਆਨੰਦ ਵਿਚ ਫਸੀ ਨੌਜਵਾਨ ਪੀੜ੍ਹੀ ਤੋਂ ਕੋਈ ਉਮੀਦ ਨਹੀਂ ਹੋਣੀ ਚਾਹੀਦੀ? ਇਹੋ ਜਿਹਾ ਸਿੱਟਾ ਕੱਢਣਾ ਘਾਤਕ ਹੋਵੇਗਾ। ਮਨੁੱਖ ਨਿਰਜਿੰਦ ਹਾਲਾਤ ਵਿਚ ਜਿਊਂਦਾ ਹੋਇਆ ਵੀ ਜਿਊਣ ਦੇ ਨਵੇਂ ਸਾਧਨ ਅਤੇ ਵਸੀਲੇ ਸਿਰਜਣ ਦੇ ਕਾਬਲ ਹੁੰਦਾ ਹੈ। ਦੋ ਸਾਲ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੇ ਕਿਸਾਨ ਅੰਦੋਲਨ ਵਿਚ ਸ਼ਾਨਦਾਰ ਭੂਮਿਕਾ ਨਿਭਾਈ। ਉਹ ਡਿਜੀਟਲ ਆਨੰਦ ਦੇ ਸੰਸਾਰ ਨੂੰ ਤਿਆਗ ਕੇ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਕਿਸਾਨ ਅੰਦੋਲਨ ਵਿਚ ਨਿੱਤਰੇ ਅਤੇ ਉਨ੍ਹਾਂ ਦੀ ਸ਼ਮੂਲੀਅਤ ਨੇ ਅੰਦੋਲਨ ਨੂੰ ਵੇਗਮਈ ਊਰਜਾ ਦਿੱਤੀ। ਇਹੀ ਨਹੀਂ, ਉਨ੍ਹਾਂ ਨੇ ਇੰਟਰਨੈੱਟ ਨੂੰ ਵਰਤ ਕੇ ਅੰਦੋਲਨ ਵਿਚ ਜੋਸ਼ ਤੇ ਉਤਸ਼ਾਹ ਵੀ ਪੈਦਾ ਕੀਤਾ।
ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਨਿਕਲਣ ਦਾ ਰਾਹ ਖ਼ੁਦ ਤਲਾਸ਼ ਕਰਨਾ ਪੈਣਾ ਹੈ। ਕਈ ਵਾਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇੰਟਰਨੈੱਟ ‘ਤੇ ਵੀ ਉਹ ਸਰੋਤ ਮੌਜੂਦ ਹਨ ਜੋ ਨੌਜਵਾਨਾਂ ਨੂੰ ਇਸ ਨੀਂਦਰ ਵਿਚੋਂ ਜਗਾਉਣ ਦੀ ਸਮਰੱਥਾ ਰੱਖਦੇ ਹਨ। ਅਜਿਹੇ ਸਰੋਤ ਤਾਂ ਮੌਜੂਦ ਹਨ ਪਰ ਮੁੱਖ ਲੋੜ ਇਹ ਹੈ ਕਿ ਲੋਕ ਹਕੀਕੀ ਸੰਸਾਰ ਵਿਚ ਹੋ ਰਹੇ ਦਮਨ ਤੇ ਜਬਰ ਦੇ ਵਿਰੋਧ ਵਿਚ ਉੱਠਣ। ਅਜਿਹਾ ਜਬਰ ਨੌਜਵਾਨਾਂ ਨਾਲ ਵੀ ਹੋ ਰਿਹਾ ਹੈ; ਇਕ ਪਾਸੇ ਬੇਰੁਜ਼ਗਾਰੀ ਹੈ ਅਤੇ ਦੂਸਰੇ ਪਾਸੇ ਕੁਝ ਸਮਾਂ ਰੁਜ਼ਗਾਰ ਮਿਲਣ ਤੇ ਕੁਝ ਸਮਾਂ ਬੇਰੁਜ਼ਗਾਰ ਰਹਿਣ ਦਾ ਵਿਕਲਪ ਜਾਂ ਬਹੁਤ ਘੱਟ ਉਜਰਤ ‘ਤੇ ਕੰਮ ਕਰਨ ਦਾ ਵਿਕਲਪ। ਉਨ੍ਹਾਂ ਦੇ ਵਿਰੋਧ ਨੂੰ ਗੂੰਗਾ ਬਣਾਈ ਰੱਖਣ ਲਈ ਇੰਟਰਨੈੱਟ ਮਨੋਰੰਜਨ ਸਨਅਤ ਨੂੰ ਵੱਡੀ ਪੱਧਰ ‘ਤੇ ਵਰਤਿਆ ਜਾ ਰਿਹਾ ਹੈ।
ਨੌਜਵਾਨਾਂ ਨੂੰ ਮਨੋਰੰਜਨ ਸਨਅਤ ਅਤੇ ਇੰਟਰਨੈੱਟ ਦੇ ਇਸ ਜਮੂਦ ਨੂੰ ਤੋੜਨਾ ਪੈਣਾ ਹੈ। ਇਹ ਸਨਅਤ ਸਰਮਾਏਦਾਰੀ ਦਾ ਉਹ ਮਜ਼ਬੂਤ ਹਿੱਸਾ ਹੈ ਜਿਹੜਾ ਮਨੁੱਖੀ ਮਨ ਨੂੰ ਡਿਜੀਟਲ ਗ਼ੁਲਾਮੀ ਵੱਲ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਨੁੱਖ ਹਰ ਤਰ੍ਹਾਂ ਦੀ ਗ਼ੁਲਾਮੀ ਵਿਰੁੱਧ ਲੜਦਾ ਆਇਆ ਹੈ; ਹੁਣ ਦੇ ਸਮੇਂ ਵਿਚ ਨੌਜਵਾਨਾਂ ‘ਤੇ ਸੂਖ਼ਮ ਤਰੀਕੇ ਨਾਲ ਥੋਪੀ ਜਾ ਰਹੀ ਇਹ ਗ਼ੁਲਾਮੀ ਹਨੇਰਿਆਂ ਨਾਲ ਭਰੀ ਹੋਈ ਹੈ; ਨੌਜਵਾਨਾਂ ਨੂੰ ਇਸ ਦਮਨ ਨਾਲ ਲੋਹਾ ਲੈਣ ਲਈ ਮਜ਼ਬੂਤ ਇੱਛਾ-ਸ਼ਕਤੀ ਦਿਖਾਉਣੀ ਪੈਣੀ ਹੈ। ਸਿੱਖਿਆ ਦੇ ਖੇਤਰ ਵਿਚ ਹੋ ਰਿਹਾ ਵਪਾਰੀਕਰਨ, ਗ਼ੈਰ-ਮਿਆਰੀ ਸਿੱਖਿਆ ਤੇ ਬੇਰੁਜ਼ਗਾਰੀ ਨੌਜਵਾਨਾਂ ਦੇ ਮੁੱਦੇ ਹਨ। ਇਨ੍ਹਾਂ ਮੁੱਦਿਆਂ ‘ਤੇ ਆਵਾਜ਼ ਉਠਾਉਣਾ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ। ਨਫ਼ਰਤ ਤੇ ਖੋਖਲੀ ਉਤੇਜਨਾ ਪੈਦਾ ਕਰਨ ਵਾਲਿਆਂ ਨੂੰ ਪਛਾਨਣਾ ਅਤੇ ਉਨ੍ਹਾਂ ਨੂੰ ਹਰਾਉਣਾ ਵੀ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ। ਇਹ ਲੜਾਈ ਇੰਟਰਨੈੱਟ ਦੇ ਬਾਹਰ ਹਕੀਕੀ ਰੂਪ ਵਿਚ ਹੋਣੀ ਹੈ ਅਤੇ ਇੰਟਰਨੈੱਟ ਦੇ ਅੰਦਰ ਵੀ, ਇੰਟਰਨੈੱਟ ਦੇ ਪਲੇਟਫਾਰਮਾਂ ਨੂੰ ਵਰਤਦੇ ਹੋਏ ਵਰਚੂਅਲ (Virtual) ਰੂਪ ਵਿਚ ਵੀ।
– ਸਵਰਾਜਬੀਰ