For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

07:33 PM Jun 23, 2023 IST
ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ  ਭਗਵੰਤ ਮਾਨ
Advertisement

ਪਵਨ ਵਰਮਾ/ਹਰਦੀਪ ਸੋਢੀ

Advertisement

ਧੂਰੀ, 9 ਜੂਨ

ਮੁੱਖ ਅੰਸ਼

  • ਸੌ ਕਰੋੜ ਦੀ ਲਾਗਤ ਨਾਲ 50 ਏਕੜ ‘ਚ ਬਣੇਗੀ ਜੇਲ੍ਹ
  • ਲੱਡਾ ਕੋਠੀ ਪੁਲੀਸ ਟਰੇਨਿੰਗ ਸੈਂਟਰ ਲਈ 8 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੁਧਿਆਣਾ ਨੇੜੇ 50 ਏਕੜ ਰਕਬੇ ਵਿੱਚ ਅਤਿ-ਸੁਰੱਖਿਅਤ ਡਿਜੀਟਲ ਜੇਲ੍ਹ ਬਣਾਈ ਜਾਵੇਗੀ। ਇਹ ਜੇਲ੍ਹ ਸਥਾਪਿਤ ਕਰਨ ਲਈ ਭਾਰਤ ਸਰਕਾਰ ਨੇ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਥੇ ਸੂਬੇ ਵਿੱਚ ਖਤਰਨਾਕ ਅਪਰਾਧੀਆਂ ਨਾਲ ਸਬੰਧਤ ਮਾਮਲਿਆਂ ਦੀ ਅਦਾਲਤੀ ਸੁਣਵਾਈ ਹੋਇਆ ਕਰੇਗੀ। ਮੁੱਖ ਮੰਤਰੀ ਇੱਥੇ ਨੇੜਲੇ ਪੁਲੀਸ ਸਿਖਲਾਈ ਕੇਂਦਰ ਲੱਡਾ ਕੋਠੀ ਵਿੱਚ ਜੇਲ੍ਹ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਵਾਰਡਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਲਈ ਖਤਰਾ ਬਣੇ ਅਜਿਹੇ ਖੌਫਨਾਕ ਅਪਰਾਧੀਆਂ ਦੀ ਵਿਸ਼ੇਸ਼ ਸੁਣਵਾਈ ਲਈ ਜੇਲ੍ਹ ਵਿੱਚ ਹੀ ਜੱਜਾਂ ਦੇ ਵੱਖਰੇ ਕੈਬਿਨ ਬਣਾਏ ਜਾਣਗੇ ਤਾਂ ਜੋ ਇਸ ਮੰਤਵ ਲਈ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਾ ਲਿਜਾਣਾ ਪਵੇ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਛੇਤੀ ਹੀ ਮੁਹਾਲੀ ਵਿੱਚ ਆਪਣਾ ਅਤਿ-ਆਧੁਨਿਕ ਦਫ਼ਤਰ ਬਣਾਇਆ ਜਾਵੇਗਾ, ਜਿਸ ਲਈ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਹੱਦ ਪਾਰੋਂ ਡਰੋਨਾਂ ਰਾਹੀਂ ਹੋ ਰਹੀ ਘੁਸਪੈਠ ਨੂੰ ਰੋਕਣ ਲਈ ਪੰਜਾਬ ਪੁਲੀਸ ਵਿੱਚ ਐਂਟੀ-ਡਰੋਨ ਤਕਨੀਕ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਲਈ ਵਿਸ਼ੇਸ਼ ਸੜਕ ਸੁਰੱਖਿਆ ਫੋਰਸ ਬਣਾਈ ਜਾਵੇਗੀ ਤਾਂ ਜੋ ਸੜਕ ਹਾਦਸਿਆਂ ‘ਚ ਲੋਕਾਂ ਦੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੱਡਾ ਕੋਠੀ ਵਿੱਚ ਪੁਲੀਸ ਸਿਖਲਾਈ ਕੇਂਦਰ ਦੇ ਕੈਂਪਸ ਵਿੱਚ ਸਿੰਥੈਟਿਕ ਟਰੈਕ ਵਿਛਾਉਣ ਲਈ 4.5 ਕਰੋੜ ਰੁਪਏ ਦਿੱਤੇ ਜਾਣਗੇ, ਕੈਂਪਸ ਦੇ ਅੰਦਰ 3 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਹੋਸਟਲ ਬਣਾਇਆ ਜਾਵੇਗਾ ਅਤੇ 25 ਲੱਖ ਰੁਪਏ ਖਰਚ ਕੇ ਫਾਇਰਿੰਗ ਰੇਂਜ ਸਥਾਪਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕੈਂਪਸ ਵਿੱਚ ਸੜਕਾਂ ਦੇ ਨਿਰਮਾਣ ਲਈ ਵੀ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਕੈਦੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਲਈ ਵਰਤਿਆ ਜਾਂਦਾ ਕੱਚਾ ਮਾਲ ਮੁਹੱਈਆ ਕਰਵਾਉਣ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸੂਬੇ ਵਿੱਚ ਵਿਸ਼ੇਸ਼ ਮਹਿਲਾ ਜੇਲ੍ਹ ਦੀ ਉਸਾਰੀ ਕਰਨ ਤੋਂ ਇਲਾਵਾ ਜੇਲ੍ਹ ਵਿਭਾਗ ਵਿੱਚ 351 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਇਸ ਮੌਕੇ ਮੁੱਖ ਮੰਤਰੀ ਨੇ ਨਵੇਂ ਭਰਤੀ ਵਾਰਡਰਜ਼ ਨੂੰ ਸਿਖਲਾਈ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਰੇਡ ਕਮਾਂਡਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ, ਏਡੀਜੀਪੀ (ਜੇਲ੍ਹਾਂ) ਅਰੁਣਪਾਲ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਹਾਜ਼ਰ ਸਨ।

ਪੁਲੀਸ ਨੂੰ ਆਧੁਨਿਕ ਲੀਹਾਂ ‘ਤੇ ਤੋਰਨ ਲਈ ਗੂਗਲ ਨਾਲ ਹੱਥ ਮਿਲਾਇਆ ਜਾਵੇਗਾ

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਛੇਤੀ ਹੀ ਸੂਬੇ ਦੀ ਪੁਲੀਸ ਨੂੰ ਆਧੁਨਿਕ ਲੀਹਾਂ ‘ਤੇ ਤੋਰਨ ਲਈ ਬਹੁ-ਰਾਸ਼ਟਰੀ ਕੰਪਨੀ ਗੂਗਲ ਨਾਲ ਹੱਥ ਮਿਲਾਏਗਾ। ਇਸ ਬਾਰੇ ਵਿਆਪਕ ਖਾਕਾ ਤਿਆਰ ਕੀਤਾ ਜਾ ਚੁੱਕਿਆ ਹੈ ਅਤੇ ਜਲਦ ਹੀ ਰਸਮੀ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾਣਗੇ।

Advertisement
Advertisement
Advertisement
×