ਪੰਜਾਬ ਯੂਨੀਵਰਸਿਟੀ ਵਿੱਚ ਡਿਜੀਟਲ ਜਨਸੰਖਿਆ ਘੜੀ ਸਥਾਪਤ
ਕੁਲਦੀਪ ਸਿੰਘ
ਚੰਡੀਗੜ੍ਹ, 20 ਜੁਲਾਈ
ਜਨਸੰਖਿਆ ਖੋਜ ਕੇਂਦਰ (ਪੀ.ਆਰ.ਸੀ.) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕੈਂਪਸ ਵਿੱਚ ਯੂਸੋਲ ਇਮਾਰਤ ਦੇ ਨੇੜੇ ਟੀ-ਪੁਆਇੰਟ ’ਤੇ ਇੱਕ ਡਿਜੀਟਲ ਜਨਸੰਖਿਆ ਘੜੀ ਸਥਾਪਿਤ ਕੀਤੀ ਗਈ ਹੈ। ਇਸ ਘੜੀ ਦਾ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਅਤੇ ਐੱਸ.ਆਰ. ਮੀਨਾ ਡਾਇਰੈਕਟਰ ਜਨਰਲ (ਅੰਕੜਾ) ਦੀ ਹਾਜ਼ਰੀ ਵਿੱਚ ਕੀਤਾ ਗਿਆ।
ਪੀ.ਯੂ. ਦੇ ਬੁਲਾਰੇ ਨੇ ਦੱਸਿਆ ਕਿ ਇਹ ਘੜੀ ਦੋਹਰੇ ਅੰਕੜੇ ਡਿਸਪਲੇਅ ਕਰੇਗੀ, ਭਾਵ ਇਹ ਦੇਸ਼ ਦੀ ਅਬਾਦੀ ਦੇ ਅੰਕੜਿਆਂ ਦੇ ਨਾਲ-ਨਾਲ ਚੰਡੀਗੜ੍ਹ ਦੀ ਆਬਾਦੀ ਦਾ ਅੰਕੜਾ ਵੀ ਪ੍ਰਦਰਸ਼ਿਤ ਕਰੇਗੀ। ਉਦਘਾਟਨ ਕਰਨ ਉਪਰੰਤ ਆਈ.ਸੀ.ਐੱਸ.ਐੱਸ.ਆਰ. ਦੇ ਸੈਮੀਨਾਰ ਹਾਲ ਵਿੱਚ ਸੰਬੋਧਨ ਕਰਦਿਆਂ ਰਾਜਪਾਲ ਨੇ ਇਸ ਜਨਸੰਖਿਆ ਡਿਸਪਲੇਅ ਘੜੀ ਦੀਆਂ ਵਿਸ਼ੇਸ਼ਤਾਵਾਂ ਅਤੇ ਨੌਜਵਾਨ ਪੀੜ੍ਹੀ ਲਈ ਇਸ ਦੇ ਲਾਭਾਂ ਬਾਰੇ ਚਰਚਾ ਕੀਤੀ। ਐਸ.ਆਰ. ਮੀਨਾ ਡਾਇਰੈਕਟਰ ਜਨਰਲ (ਅੰਕੜਾ) ਨੇ ਆਬਾਦੀ ਘੜੀ ਦੀ ਸਾਰਥਕਤਾ ’ਤੇ ਵੀ ਚਾਨਣਾ ਪਾਇਆ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਆਪਣੀ ਟਿੱਪਣੀ ਵਿੱਚ ਆਬਾਦੀ ਦੀ ਘੜੀ ਦੀ ਸਥਾਪਨਾ, ਆਬਾਦੀ ਵਾਧੇ ਦੇ ਮੁੱਦਿਆਂ, ਛੋਟੇ ਪਰਿਵਾਰ ਦੇ ਨਿਯਮਾਂ ਦੀਆਂ ਸਮੱਸਿਆਵਾਂ ਅਤੇ ਘਟਦੇ ਲਿੰਗ ਅਨੁਪਾਤ ਬਾਰੇ ਚਰਚਾ ਕੀਤੀ ਅਤੇ ਇਸ ਪ੍ਰਾਪਤੀ ਲਈ ਜਨਸੰਖਿਆ ਖੋਜ ਕੇਂਦਰ ਨੂੰ ਵਧਾਈ ਦਿੱਤੀ। ਪ੍ਰੋ. ਕੁਮੂਲ ਅਭੀ ਡਾਇਰੈਕਟਰ ਪੀ.ਆਰ.ਸੀ. ਨੇ ਦੱਸਿਆ ਕਿ ਜਨਸੰਖਿਆ ਘੜੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ।
ਇਹ ਡਿਜ਼ੀਟਲ ਜਨਸੰਖਿਆ ਘੜੀ ਇੱਕ ਜ਼ਰੂਰੀ ਜਨਸੰਖਿਆ ਡਾਟਾ ਟੂਲ ਹੈ ਜੋ ਜਨਮ, ਮੌਤ ਅਤੇ ਸ਼ੁੱਧ ਪ੍ਰਵਾਸ ਦਰਾਂ ਬਾਰੇ ਵਿਗਿਆਨਕ ਧਾਰਨਾਵਾਂ ਦੇ ਆਧਾਰ ਤੇ ਇੱਕ ਭੂਗੋਲਿਕ/ਪ੍ਰਸ਼ਾਸਕੀ ਖੇਤਰ ਦੀ ਅਸਲ ਸਮੇਂ ਦੀ ਆਬਾਦੀ ਦੇ ਆਕਾਰ ਦਾ ਅਨੁਮਾਨ ਲਗਾਉਣ ਲਈ ਵਰਤਿਆ ਜਾਂਦਾ ਹੈ। ਇਹ ਘੜੀ ਖੋਜਕਰਤਾਵਾਂ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ, ਨੌਜਵਾਨ ਪੀੜ੍ਹੀਆਂ ਅਤੇ ਵੱਡੇ ਪੱਧਰ ’ਤੇ ਭਾਈਚਾਰੇ ਵਿੱਚ ਉਪਜਾਊ ਸ਼ਕਤੀ, ਮੌਤ ਦਰ ਅਤੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਮਾਪਦੰਡਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਬਹੁਤ ਮਦਦਗਾਰ ਹੋਵੇਗੀ। ਇਸ ਤੋਂ ਇਲਾਵਾ ਇਹ ਘੜੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਅਤੇ ਬਾਹਰ ਆਬਾਦੀ ਖੋਜ ਕੇਂਦਰ ਦੀ ਦਿੱਖ ਨੂੰ ਵਧਾਉਣ ਵਿੱਚ ਮਦਦ ਕਰੇਗੀ।