ਡੀਆਈਜੀ ਵੱਲੋਂ ਥਾਣਿਆਂ ਦਾ ਦੌਰਾ
ਪੱਤਰ ਪ੍ਰੇਰਕ
ਜਲੰਧਰ, 18 ਜਨਵਰੀ
ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ (ਆਈਪੀਐੱਸ) ਅੱਧੀ ਰਾਤ ਨੂੰ ਜਲੰਧਰ ਦੇਹਾਤ ਥਾਣਿਆਂ ਦੀ ਅਚਨਚੇਤ ਨਿਰੀਖਣ ਲਈ ਪਹੁੰਚੇ ਅਤੇ ਥਾਣਿਆਂ ਦੀਆਂ ਫਾਈਲਾਂ ਦੀ ਜਾਂਚ ਕੀਤੀ। ਉਨ੍ਹਾਂ ਥਾਣਿਆਂ ਦੇ ਸੀਸੀਟੀਵੀ ਕੈਮਰੇ ਅਤੇ ਹੋਰ ਦਸਤਾਵੇਜ਼ ਵੀ ਚੈੱਕ ਕੀਤੇ। ਇਸ ਦੌਰਾਨ ਡੀਆਈਜੀ ਨੇ ਦੇਰ ਰਾਤ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਡੀਆਈਜੀ ਦੇ ਨਾਲ ਜਲੰਧਰ ਦੇਹਾਤ ਪੁਲੀਸ ਦੇ ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਥਾਣੇ ਵਿੱਚ ਮੌਜੂਦ ਪੁਲੀਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਥਾਣੇ ਅੰਦਰ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਡੀਆਈਜੀ ਸਿੰਗਲਾ ਨੇ ਥਾਣੇ ਵਿੱਚ ਮੌਜੂਦ ਅਧਿਕਾਰੀਆਂ ਨੂੰ ਕਾਰਵਾਈ ਵਿੱਚ ਕੋਈ ਢਿੱਲ ਨਾ ਵਰਤਣ ਦੇ ਆਦੇਸ਼ ਦਿੱਤੇ। ਜਾਣਕਾਰੀ ਅਨੁਸਾਰ ਰਾਤ ਦੀ ਪੁਲੀਸ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਅਤੇ ਐੱਸਐੱਸਪੀ ਖੱਖ ਨੇ ਸਬ ਡਿਵੀਜ਼ਨ ਆਦਮਪੁਰ ਅਤੇ ਕਰਤਾਰਪੁਰ ਵਿੱਚ ਇਹ ਚੈਕਿੰਗ ਕੀਤੀ। ਨਾਈਟ ਡੋਮੀਨੇਸ਼ਨ ਦੌਰਾਨ ਨਾਕਾ ਅਪਰੇਸ਼ਨਾਂ, ਪੁਲੀਸ ਸਟੇਸ਼ਨਾਂ ਅਤੇ ਹੋਰ ਜਨਤਕ ਸੁਰੱਖਿਆ ਉਪਾਵਾਂ ਦਾ ਨਿਰੀਖਣ ਕੀਤਾ ਗਿਆ। ਡੀਆਈਜੀ ਨੇ ਕਿਹਾ ਕਿ ਉਨ੍ਹਾਂ ਦੀ ਫੋਰਸ ਹਰ ਸਮੇਂ ਸੁਰੱਖਿਆ ਲਈ ਵਚਨਬੱਧ ਹੈ।