ਪਾਕਿਸਤਾਨ ਤੋਂ ਹੈਰੋਇਨ ਫੜਨ ਵਾਲੀ ਟੀਮ ਨੂੰ ਡੀਆਈਜੀ ਨੇ ਸਨਮਾਨਿਤ ਕੀਤਾ
ਪੱਤਰ ਪ੍ਰੇਰਕ
ਜਲੰਧਰ, 11 ਸਤੰਬਰ
ਪਾਕਿਸਤਾਨ ਤੋਂ ਹੈਰੋਇਨ ਫੜਨ ਵਾਲੀ ਟੀਮ ਨੂੰ ਡੀਆਈਜੀ ਸਵਪਨ ਸ਼ਰਮਾ ਨੇ ਸਨਮਾਨਿਤ ਕੀਤਾ। ਡੀਆਈਜੀ ਸਵਪਨ ਸ਼ਰਮਾ ਨੇ ਜਲੰਧਰ ਦਿਹਾਤ ਦੇ ਪੁਲੀਸ ਮੁਲਾਜ਼ਮਾਂ ਨੂੰ ਡੀਜੀਪੀ ਡਿਸਕ, ਤਰੱਕੀ ਅਤੇ ਨਗਦ ਰਾਸ਼ੀ ਦੇ ਕੇ ਹੌਸਲਾ ਅਫਜਾਈ ਕੀਤੀ। ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਸੂਬੇ ਵਿੱਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿਛਲੇ ਚਾਰ ਹਫ਼ਤਿਆਂ ਦੌਰਾਨ 36 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਡੀਆਈਜੀ ਸਵਪਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਚਾਰ ਹਫ਼ਤਿਆਂ ਤੋਂ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਸੀ, ਜਿਸ ਤਹਿਤ ਜਲੰਧਰ ਦਿਹਾਤੀ ਪੁਲੀਸ ਨੇ ਵੱਖ-ਵੱਖ ਅਪਰੇਸ਼ਨਾਂ ਵਿੱਚ 36 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇੰਨਾ ਹੀ ਨਹੀਂ ਤਰਨ ਤਾਰਨ, ਫਾਜ਼ਿਲਕਾ ਅਤੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ’ਚੋਂ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ 7 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਿਆਂ ਦੇ ਇੰਨੇ ਵੱਡੇ ਗਠਜੋੜ ਨੂੰ ਤੋੜਨ ਲਈ ਉਨ੍ਹਾਂ ਨੂੰ ਡੀਜੀਪੀ ਗੌਰਵ ਯਾਦਵ ਵੱਲੋਂ ਇਨਾਮ ਦਿੱਤਾ ਗਿਆ ਹੈ, ਤਾਂ ਜੋ ਉਨ੍ਹਾਂ ਦੇ ਹੌਸਲੇ ਹੋਰ ਵੀ ਵਧੇ। ਨਸ਼ਿਆਂ ਵਿਰੁੱਧ ਪੁਲੀਸ ਦੀ ਮੁਹਿੰਮ ਜਾਰੀ ਰਹੇਗੀ। ਪਾਕਿਸਤਾਨ ਤੋਂ ਆ ਰਹੀ ਹੈਰੋਇਨ ਬਾਰੇ ਉਨ੍ਹਾਂ ਕਿਹਾ ਕਿ ਉਸ ਕੇਸ ਦੇ 2-3 ਮੁਲਜ਼ਮ ਅਜੇ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।