For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਲਈ ਮੁਸ਼ਕਿਲਾਂ

06:26 AM Dec 08, 2023 IST
‘ਇੰਡੀਆ’ ਗੱਠਜੋੜ ਲਈ ਮੁਸ਼ਕਿਲਾਂ
Advertisement

ਵਿਰੋਧੀ ਪਾਰਟੀਆਂ ਵੱਲੋਂ ਕੁਝ ਮਹੀਨੇ ਪਹਿਲਾਂ ਕਾਇਮ ਕੀਤਾ ਗਿਆ ਗੱਠਜੋੜ ‘ਇੰਡੀਆ’ ਅੱਜ ਆਪਣੇ ਆਪ ਨੂੰ ਚੌਰਾਹੇ ’ਤੇ ਖੜ੍ਹਾ ਮਹਿਸੂਸ ਕਰ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਗੱਠਜੋੜ ਦੀ ਬੁੱਧਵਾਰ ਨੂੰ ਰੱਖੀ ਮੀਟਿੰਗ ਇਸ ਕਾਰਨ ਮੁਲਤਵੀ ਕਰਨੀ ਪਈ ਕਿਉਂਕਿ ਗੱਠਜੋੜ ਦੇ ਮੁੱਖ ਆਗੂਆਂ ਜਿਵੇਂ ਤਿੰਨ ਮੁੱਖ ਮੰਤਰੀਆਂ- ਨਿਤੀਸ਼ ਕੁਮਾਰ, ਮਮਤਾ ਬੈਨਰਜੀ ਤੇ ਐਮਕੇ ਸਟਾਲਿਨ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਕੁਮਾਰ ਨੇ ਮੀਟਿੰਗ ਵਿਚ ਸ਼ਾਮਲ ਹੋਣ ’ਚ ਅਸਮਰੱਥਾ ਜ਼ਾਹਿਰ ਕੀਤੀ ਸੀ। ਵਿਰੋਧੀ ਪਾਰਟੀਆਂ ਦਰਮਿਆਨ ਕਿਸੇ ਤਰ੍ਹਾਂ ਦੀ ਅਣਬਣ ਤੋਂ ਇਨਕਾਰ ਕਰਦਿਆਂ ਸ਼ਿਵ ਸੈਨਾ (ਊਧਵ ਠਾਕਰੇ ਧੜਾ) ਦੇ ਆਗੂ ਸੰਜੇ ਰਾਊਤ ਨੇ ਕਿਹਾ: ‘‘ਅਸੀਂ ਇਕਮੁੱਠ ਹਾਂ ਅਤੇ ਇਸ ਦੇ ਨਤੀਜੇ ਤੁਹਾਨੂੰ 2024 ਵਿਚ ਦਿਖਾਈ ਦੇਣਗੇ’’ ਪਰ ਜ਼ਮੀਨੀ ਹਾਲਾਤ ਇਹ ਸੰਕੇਤ ਦਿੰਦੇ ਹਨ ਕਿ ‘ਇੰਡੀਆ’ ਗੱਠਜੋੜ ਵਿਚ ਸਭ ਅੱਛਾ ਨਹੀਂ ਹੈ।
ਹਿੰਦੀ ਪੱਟੀ ਦੇ ਸੂਬਿਆਂ ਵਿਚ ਹੋਈਆਂ ਹਾਲੀਆ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਿਰਫ਼ ਕਾਂਗਰਸ ਲਈ ਹੀ ਜ਼ੋਰਦਾਰ ਝਟਕਾ ਨਹੀਂ ਹਨ ਸਗੋਂ ਇਹ 28 ਪਾਰਟੀਆਂ ਦੇ ਇਸ ਗੱਠਜੋੜ ਲਈ ਵੀ ਨਿਰਾਸ਼ਾਜਨਕ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚੋਂ ਹੋਏ ਸਫ਼ਾਏ ਨੇ ‘ਇੰਡੀਆ’ ਵਿਚ ਇਸ ਦੇ ਮੋਹਰੀ ਰੁਤਬੇ ਨੂੰ ਭਾਰੀ ਢਾਹ ਲਾਈ ਹੈ। ‘ਇੰਡੀਆ’ ਗੱਠਜੋੜ ਦੀਆਂ ਹੋਰ ਪਾਰਟੀਆਂ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ, ਦੀ ਕਾਰਗੁਜ਼ਾਰੀ ਵੀ ਚੰਗੀ ਨਹੀਂ ਰਹੀ। ਕਾਂਗਰਸ ਨੂੰ ਇਨ੍ਹਾਂ ਚੋਣਾਂ ਦੌਰਾਨ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨਾਲ ਸਹਿਯੋਗ ਕਰਨ ਦੀ ਜ਼ਮੀਨ ਤਿਆਰ ਕਰਨੀ ਚਾਹੀਦੀ ਸੀ ਪਰ ਉਹ ਇਹ ਕਰਨ ਵਿਚ ਅਸਫਲ ਰਹੀ। ਤ੍ਰਿਣਮੂਲ ਕਾਂਗਰਸ ਨੇ ਪਾਰਟੀ ਦੀ ਇਸ ਹਾਰ ਨੂੰ ‘ਭਾਜਪਾ ਦੀ ਜਿੱਤ ਨਾਲੋਂ ਕਾਂਗਰਸ ਦੀ ਨਾਕਾਮੀ ਜ਼ਿਆਦਾ’ ਕਰਾਰ ਦਿੱਤਾ ਹੈ। ਚੋਣਾਂ ਦੇ ਅਮਲ ਦੌਰਾਨ ਕਾਂਗਰਸ ਦੇ ਦਿਖਾਈ ਦੇ ਰਹੇ ਹੱਦੋਂ ਵੱਧ ਭਰੋਸੇ ਅਤੇ ‘ਇੰਡੀਆ’ ਦੇ ਹੋਰਨਾਂ ਭਾਈਵਾਲਾਂ ਪ੍ਰਤੀ ਉਸ ਦੇ ਰੁੱਖੇ ਰਵੱਈਏ ਉੱਤੇ ਵੀ ਸਵਾਲ ਉਠਾਏ ਜਾ ਰਹੇ ਹਨ।
ਗੱਠਜੋੜ ਵਿਚ ਉਦੋਂ ਹੀ ਤਰੇੜਾਂ ਦਿਖਾਈ ਦਿੱਤੀਆਂ ਸਨ ਜਦੋਂ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਕਾਂਗਰਸ ਦੁਆਰਾ ਸੀਟਾਂ ਦੀ ਵੰਡ ਲਈ ਹਾਮੀ ਨਾ ਭਰਨ ਕਾਰਨ ਸਮਾਜਵਾਦੀ ਪਾਰਟੀ ਨੇ ਉਸ ਉੱਤੇ ਦਗ਼ਾਬਾਜ਼ੀ ਦਾ ਦੋਸ਼ ਲਾਇਆ ਸੀ। ਇਸ ਸਬੰਧ ਵਿਚ ਮੱਧ ਪ੍ਰਦੇਸ਼ ਵਿਚ ਕਾਂਗਰਸ ਦੇ ਆਗੂ ਕਮਲ ਨਾਥ ਸਵਾਲਾਂ ਦੇ ਘੇਰੇ ਵਿਚ ਹਨ ਅਤੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਹਾਈ ਕਮਾਨ ਨੇ ਵੇਲੇ ਸਿਰ ਦਖ਼ਲ ਦੇ ਕੇ ਸਮਾਜਵਾਦੀ ਪਾਰਟੀ ਨਾਲ ਸਹਿਯੋਗ ਕਿਉਂ ਨਹੀਂ ਕੀਤਾ। ਇਸ ਸਭ ਕੁਝ ਦੇ ਬਾਵਜੂਦ ਸਾਰਾ ਦੋਸ਼ ਕਾਂਗਰਸ ਦੇ ਸਿਰ ਨਹੀਂ ਥੱਪਿਆ ਜਾ ਸਕਦਾ ਕਿਉਂਕਿ ਗੱਠਜੋੜ ਨੂੰ ਬਣਾ ਕੇ ਰੱਖਣਾ ਸਭਨਾਂ ਪਾਰਟੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਹੁਣ ਵਿਰੋਧੀ ਧਿਰ ਨੂੰ 2024 ਦੀਆਂ ਆਮ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਸਹਿਮਤੀ ਬਣਾਉਣ ਦੀ ਸਖ਼ਤ ਚੁਣੌਤੀ ਦਰਪੇਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੱਕਰ ਲੈ ਸਕਣ ਵਾਲੇ ਸਮਰੱਥ ਕੱਦਾਵਰ ਅਤੇ ਭਰੋਸੇਮੰਦ ਆਗੂ ਦੀ ਅਣਹੋਂਦ ‘ਇੰਡੀਆ’ ਗੱਠਜੋੜ ਦੀਆਂ ਆਪਣੇ ਆਪ ਨੂੰ ਭਾਜਪਾ ਦੇ ਸਮਰੱਥ ਬਦਲ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਖੋਰਾ ਲਾ ਰਹੀ ਹੈ। ਦੇਸ਼ ਵਾਸੀਆਂ ਅੱਗੇ ਇਕਮੁੱਠ ਮੋਰਚਾ ਪੇਸ਼ ਕਰਨਾ ਇਸ ਕਾਰਨ ਵੀ ਆਸਾਨ ਨਹੀਂ ਹੋਵੇਗਾ ਕਿਉਂਕਿ ਵੱਖੋ-ਵੱਖ ਪਾਰਟੀਆਂ ਲਾਜ਼ਮੀ ਤੌਰ ’ਤੇ ਆਪੋ ਆਪਣੇ ਹਿੱਤਾਂ ਨੂੰ ਤਰਜੀਹ ਦੇਣਗੀਆਂ। ਡੀਐਮਕੇ ਦੇ ਸੰਸਦ ਮੈਂਬਰ ਸੇਂਥਿਲਕੁਮਾਰ ਵਰਗੇ ਆਗੂ ਦੀ ਹਿੰਦੀ ਬੋਲਣ ਵਾਲੇ ਸੂਬਿਆਂ ਵਿਰੁੱਧ ਕੀਤੀ ਗਈ ਗ਼ੈਰ-ਜ਼ਿੰਮੇਵਾਰਾਨਾ ਟਿੱਪਣੀ ਅਤੇ ਅਜਿਹੇ ਹੋਰ ਬਿਆਨ ਵੀ ‘ਇੰਡੀਆ’ ਗੱਠਜੋੜ ਨੂੰ ਨੁਕਸਾਨ ਪਹੁੰਚਾ ਰਹੇ ਹਨ। ਲੋਕਾਂ ਵਿਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਇਹ ਗੱਠਜੋੜ ਭਾਜਪਾ ਸਾਹਮਣੇ ਟਿਕਣ ਵਾਲਾ ਨਹੀਂ। ‘ਇੰਡੀਆ’ ਗੱਠਜੋੜ ‘ਕਰੋ ਜਾਂ ਮਰੋ’ ਦੀ ਹਾਲਤ ਵਾਲੀਆਂ ਆਗਾਮੀ ਲੋਕ ਸਭਾ ਚੋਣਾਂ ਵਿਚ ਇਕਜੁੱਟਤਾ ਨਾਲ ਕਾਰਵਾਈ ਕਰਨ ਦੇ ਪੱਖ ਤੋਂ ਪਛੜ ਰਿਹਾ ਹੈ। ਇਨ੍ਹਾਂ ਪਾਰਟੀਆਂ ਦੀ ਸਮੇਂ ਸਿਰ ਸਹਿਮਤੀ ਨਾ ਬਣਾ ਸਕਣ ਵਾਲੀ ਪਹੁੰਚ ਇਨ੍ਹਾਂ (ਪਾਰਟੀਆਂ) ਵਾਸਤੇ ਆਤਮਘਾਤੀ ਹੋ ਸਕਦੀ ਹੈ।

Advertisement

Advertisement
Author Image

Advertisement
Advertisement
×