ਭਾਜਪਾ ਦਾ ਮੁੜ ਸੱਤਾ ਵਿੱਚ ਆਉਣਾ ਮੁਸ਼ਕਲ: ਮਾਇਆਵਤੀ
ਸਹਾਰਨਪੁਰ, 14 ਅਪਰੈਲ
ਬਸਪਾ ਦੀ ਸੁਪਰੀਮੋ ਮਾਇਆਵਤੀ ਨੇ ਅੱਜ ਦਾਅਵਾ ਕੀਤਾ ਕਿ ਮੌਜੂਦਾ ਸੱਤਾਧਾਰੀ ਪਾਰਟੀ ਭਾਜਪਾ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੋਣ ਕਾਰਨ ਉਸ ਲਈ ਮੁੜ ਸੱਤਾ ਵਿੱਚ ਆਉਣਾ ਸੌਖਾ ਨਹੀਂ ਹੋਵੇਗਾ। ਸਹਾਰਨਪੁਰ ਤੋਂ ਪੱਛਮੀ ਉੱਤਰ ਪ੍ਰਦੇਸ਼ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮਾਇਆਵਤੀ ਨੇ ਭਾਜਪਾ ’ਤੇ ਲੋਕਾਂ ਨਾਲ ਝੂਠ ਬੋਲਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ, ‘‘ਪਿਛਲੇ ਕੁਝ ਸਾਲਾਂ ਤੋਂ ਭਾਜਪਾ ਅਤੇ ਉਸ ਦੇ ਸਹਿਯੋਗੀ ਕੇਂਦਰ ਤੇ ਜ਼ਿਆਦਾਤਰ ਸੂਬਿਆਂ ਵਿੱਚ ਸੱਤਾ ਵਿੱਚ ਹਨ। ਉਨ੍ਹਾਂ ਦੀ ਕੰਮ ਕਰਨ ਦੀ ਸ਼ੈਲੀ, ਕਹਿਣੀ ਤੇ ਕਰਨੀ ਵਿੱਚ ਫਰਕ ਅਤੇ ਜਾਤੀਵਾਦੀ, ਪੂੰਜੀਵਾਦੀ, ਸੌੜੀ ਅਤੇ ਬਦਲਾਖੋਰੀ ਦੀਆਂ ਨੀਤੀਆਂ ਕਾਰਨ ਉਨ੍ਹਾਂ ਲਈ ਮੁੜ ਸੱਤਾ ਵਿੱਚ ਆਉਣਾ ਸੌਖਾ ਨਹੀਂ ਹੋਵੇਗਾ, ਬਸ਼ਰਤੇ ਇਹ ਚੋਣਾਂ ਨਿਰਪੱਖ ਹੋਣ।’’ ਉਨ੍ਹਾਂ ਭਾਜਪਾ ’ਤੇ ਜਾਂਚ ਏਜੰਸੀਆਂ ਦੇ ‘ਸਿਆਸੀਕਰਨ’ ਦਾ ਦੋਸ਼ ਵੀ ਲਾਇਆ। ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਦੀ ਬਜਾਏ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜ ਰਹੀ ਹੈ ਅਤੇ ਜਿੱਥੋਂ ਤੱਕ ਟਿਕਟਾਂ ਦੀ ਵੰਡ ਦਾ ਸਵਾਲ ਹੈ, ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਬਣਦਾ ਹਿੱਸਾ ਦਿੱਤਾ ਹੈ। ਇਸ ਤੋਂ ਪਹਿਲਾਂ ਮਾਇਆਵਤੀ ਨੇ ਬਾਕੀ ਪਾਰਟੀਆਂ ’ਤੇ ਵੀ ਡਾ. ਅੰਬੇਡਕਰ ਨੂੰ ‘ਦਿਖਾਵਟੀ’ ਸਤਿਕਾਰ ਦੇਣ ਦਾ ਦੋਸ਼ ਲਾਇਆ। ਮਾਇਆਵਤੀ ਨੇ ਇਕ ਬਿਆਨ ਵਿੱਚ ਕਿਹਾ, ‘‘ਸੋੜੇ ਚੋਣ ਹਿੱਤਾਂ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਦਿਖਾਵਟੀ ਸਤਿਕਾਰ ਕਰਨਾ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਨਜ਼ਰਅੰਦਾਜ਼ ਕਰਨਾ ‘ਮੂੰਹ ਮੇਂ ਰਾਮ, ਬਗਲ ਮੇਂ ਛੁਰੀ’ ਵਾਲੀ ਕਹਾਵਤ ਦੀ ਮਿਸਾਲ ਹੈ।’’
ਇਸੇ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਆਖਿਆ ਕਿ ਜੇਕਰ ਵੋਟਾਂ ਮਗਰੋਂ ਉਨ੍ਹਾਂ ਦੀ ਪਾਰਟੀ ਕੇਂਦਰ ਦੀ ਸੱਤਾ ’ਚ ਆਉਂਦੀ ਹੈ ਤਾਂ ਪੱਛਮੀ ਉੱਤਰ ਪ੍ਰਦੇਸ਼ ਨੂੰ ਇੱਕ ਵੱਖਰਾ ਸੂਬਾ ਬਣਾਉਣ ਲਈ ਠੋਸ ਕਦਮ ਚੁੱਕੇਗੀ। ਮੁਜ਼ੱਫਰਪੁਰ ਹਲਕੇ ਤੋਂ ਬਸਪਾ ਉਮੀਦਵਾਰ ਦਾਰਾ ਸਿੰਘ ਪਰਜਾਪਤੀ ਦੇ ਹੱਕ ’ਚ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਦੇ ਮੁੜ ਸੱਤਾ ’ਚ ਆਉਣ ਦੀ ਉਮੀਦ ਬਹੁਤ ਘੱਟ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਆਖਿਆ, ‘‘ਤੁਸੀਂ ਚਾਹੁੰਦੇ ਹੋ ਕਿ ਪੱਛਮੀ ਉੱਤਰ ਪ੍ਰਦੇਸ਼ ਨੂੰ ਇੱਕ ਵੱਖਰਾ ਸੂਬਾ ਬਣੇ। ਜੇਕਰ ਕੇਂਦਰ ’ਚ ਸਾਡੀ ਸਰਕਾਰ ਸੱਤਾ ਹਾਸਲ ਕਰਦੀ ਹੈ ਤਾਂ ਇਸ ਸਬੰਧੀ ਠੋਸ ਕਦਮ ਚੁੱਕੇ ਜਾਣਗੇ। ਬਸਪਾ ਮੁਖੀ ਨੇ ਕਿਹਾ ਕਿ ਜੇਕਰ ਨਿਰਪੱਖ ਚੋਣਾਂ ਹੁੰਦੀਆਂ ਹਨ ਅਤੇ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੁੰਦੀ ਤਾਂ ਭਾਜਪਾ ਇਸ ਵਾਰ ਮੁੜ ਸੱਤਾ ਵਿੱਚ ਨਹੀਂ ਆਵੇਗੀ। - -ਪੀਟੀਆਈ