ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋਆਬੇ ਤੇ ਮਾਲਵੇ ਦਾ ਫ਼ਰਕ

06:13 AM Jul 11, 2023 IST

ਰਣਜੀਤ ਲਹਿਰਾ

ਗੱਲ 1980ਵਿਆਂ ਦੇ ਪਹਿਲੜੇ ਸਾਲਾਂ ਦੀ ਹੈ। ਸਾਡਾ ਇੱਕ ਕਾਮਰੇਡ ਸੀ ਦੇਸ ਰਾਜ ਉਮਰਪੁਰਾ ਜਿਹਨੂੰ ਨੇਤਾ ਜੀ ਦੇ ਨਾਂ ਨਾਲ ਸੱਦਿਆ ਜਾਂਦਾ ਸੀ। ਵਿੰਗ ਨਾ ਵਲ਼, ਰੱਬ ਦੇ ਭਗਤ ਵਰਗਾ ਸਿੱਧਾ-ਸਾਦਾ ਬੰਦਾ। ਦੋਆਬੇ ਦੇ ਪਿੰਡ ਉਮਰਪੁਰ ਕਲਾਂ ਦੇ ਕਿਸੇ ਕਿਰਤੀ-ਕਾਮੇ ਦੇ ਘਰ ਦਾ ਜੰਮਿਆ-ਜਾਇਆ। ਉਨ੍ਹਾਂ ਦਨਿਾਂ ਵਿਚ ਜਥੇਬੰਦੀ ਦੀਆਂ ਆਗੂ ਸਫਾਂ ਵਿਚ ਸ਼ੁਮਾਰ ਹੋਣ ਦੇ ਬਾਵਜੂਦ ‘ਜੱਟਾਂ ਦੇ ਸਿਰਾਂ ਨੂੰ ਚੜ੍ਹੀ ਹਿੰਡ’ ਤੋਂ ਬੇਲਾਗ ਬੰਦਾ ਸੀ ਉਹ।
... ਤੇ ਉਸ ਨੇਤਾ ਜੀ ਨੇ ਇੱਕ ਦਨਿ ਜਥੇਬੰਦੀ ਦੀ ਕਿਸੇ ਮੀਟਿੰਗ ਲਈ ਪਿੰਡ ਰੰਘੜਿਆਲ (ਬਰੇਟਾ ਮੰਡੀ ਨੇੜਲਾ ਪਿੰਡ) ਪਹੁੰਚਣਾ ਸੀ। ਦੋਆਬੇ ਤੋਂ ਰੰਘੜਿਆਲ, ਮਤਲਬ ਰੱਬ ਦੀਆਂ ਜੜ੍ਹਾਂ ਨੂੰ ਹੱਥ ਲਾਉਣ ਜਿੰਨੀ ਦੂਰ। ਕਿੱਥੇ ਅੰਬੀਆਂ ਵਾਲਾ ਦੇਸ਼ ਦੋਆਬਾ ਅਤੇ ਕਿੱਥੇ ਟਿੱਬਿਆਂ ਦੀ ਉੱਡਦੀ ਕੱਕੀ ਰੇਤ ਵਾਲਾ, ਹਰਿਆਣੇ ਦੀਆਂ ਜੜ੍ਹਾਂ ’ਚ ਵੱਸਦਾ ਰੰਘੜਿਆਲ? ਦੋਆਬੇ ਤੋਂ ਰੰਘੜਿਆਲ ਪਹੁੰਚਣ ਨੂੰ ਵਰ੍ਹੇ ਲੱਗ ਜਾਣ! ਸਵਾਲ ਸਿਰਫ਼ ਦੋਆਬੇ ਤੋਂ ਰੰਘੜਿਆਲ ਦੀ ਕਿਲੋਮੀਟਰਾਂ ਵਿਚ ਨਾਪੀ ਜਾਣ ਵਾਲੀ ਦੂਰੀ ਦਾ ਹੀ ਨਹੀਂ ਸੀ, ਉੱਚੇ ਟਿੱਬਿਆਂ ਤੇ ਸੇਮ ਮਾਰੀਆਂ ਝੋਤਾਂ ਵਾਲੇ ਵਿੰਗ-ਤੜਿੰਗੇ ਰਾਹਾਂ ਅਤੇ ਉਨ੍ਹਾਂ ਰਾਹਾਂ ’ਤੇ ਭੁੱਲੇ-ਭਟਕੇ ਚੱਲਦੀਆਂ ਬੱਸਾਂ ਦਾ ਵੀ ਸੀ। ਰੰਘੜਿਆਲ ਦਾ ਅੱਡਾ ਲਹਿਰਾ-ਬੁਢਲਾਡਾ ਰੋਡ ’ਤੇ ਪਿੰਡ ਡਸਕੇ ਤੇ ਰੱਲੀ ਦੇ ਵਿਚਕਾਰ ਜਿਹੇ ਝੋਤਾਂ ਵਿਚ ਪਿੰਡ ਤੋਂ ਕੋਈ ਮੀਲ ਭਰ ਦੂਰਸੀ ਜਿਹਨੂੰ ਬੱਸਾਂ ਵਾਲੇ ਮਖੌਲ ਨਾਲ ਚੰਡੀਗੜ੍ਹ ਦਾ ਅੱਡਾ ਕਹਿੰਦੇ ਸਨ। ਇਸ ਸੂਰਤ ਵਿਚ ਰੰਘੜਿਆਲ ਪਹੁੰਚਣਾ, ਉਹ ਵੀ ਦੋਆਬੇ ਤੋਂ, ਖਾਲਾ ਜੀ ਦਾ ਵਾੜਾ ਨਹੀਂ ਸੀ। ਨੇਤਾ ਜੀ ਨੂੰ ਇਸ ਸਭ ਦਾ ਇਲਮ ਨਹੀਂ ਸੀ। ਉਹ ਦੋਆਬੇ ਦੇ ਹਿਸਾਬ ਨਾਲ ਚੱਲ ਪਿਆ, ਜਿਵੇਂ ਸਾਰਾ ਸਫ਼ਰ ਜੀਟੀ ਰੋਡ ’ਤੇ ਫਰਰ ਕਰਦੇ ਜਾਣਾ ਹੋਵੇ।
ਮਈ-ਜੂਨ ਦੇ ਦਨਿ ਸਨ, ਟਿੱਬਿਆਂ ਦੇ ਫੱਕ ਫੱਕ ਉੱਡਦੇ ਰੇਤ ਅਤੇ ਕਾਲ਼ੀਆਂ-ਬੋਲ਼ੀਆਂ ਹਨੇਰੀਆਂ ਵਾਲੇ। ਨੇਤਾ ਜੀ ਨੂੰ ਸੁਨਾਮ ਤੋਂ ਬੁਢਲਾਡੇ ਵਾਲੀ ਆਖ਼ਰੀ ਬੱਸ ਮਿਲੀ। ਇੱਕ ਇੱਕ ਪਿੰਡ ਦੇ ਦੋ ਦੋ, ਤਿੰਨ ਤਿੰਨ ਅੱਡਿਆਂ ’ਤੇ ਰੁਕਦੀ ਬੱਸ ਦੇ ਬੁਢਲਾਡੇ ਪਹੁੰਚਣ ਤੋਂ ਹਨੇਰਾ ਉੱਤਰ ਪਿਆ। ਜਦੋਂ ਨੂੰ ਬੱਸ ਬੁਢਲਾਡੇ ਦੀ ਜੂਹ ’ਚ ਵੜੀ, ਕਿੱਧਰੋਂ ਕਾਲ਼ੀ-ਬੋਲ਼ੀ ਹਨੇਰੀ ਆਣ ਚੜ੍ਹੀ। ਬੱਸ ਦੇ ਟੁੱਟੇ-ਫੁੱਟੇ ਸ਼ੀਸ਼ਿਆਂ ਤੇ ਬਾਰੀਆਂ ਰਾਹੀਂ ਰੇਤ ਦੀਆਂ ਬੁੱਕਾਂ ਸਵਾਰੀਆਂ ਦੇ ਮੂੰਹਾਂ ’ਤੇ ਪੈਣ ਲੱਗੀਆਂ। ਝਾਫੇ ਵਰਗੀ ਸੰਘਣੀ ਦਾਹੜੀ ਵਾਲੇ ਨੇਤਾ ਜੀ ਦੇ ਚਿਹਰੇ ਦਾ ਹੁਲੀਆ ਹਨੇਰੀ ਨੇ ਵਿਗਾੜ ਦਿੱਤਾ। ਰੇਤੇ ਨਾਲ ਭਰੇ ਮੂੰਹ-ਸਿਰ ਨਾਲ ਹਨੇਰੇ ’ਚ ਖੜ੍ਹਾ ਨੇਤਾ ਜੀ ਦੇਖੇ, ਹੁਣ ਜਾਵਾਂ ਤਾਂ ਜਾਵਾਂ ਕਿੱਧਰ ਨੂੰ?
ਨਾ ਤਾਂ ਨੇਤਾ ਜੀ ਬੁਢਲਾਡੇ ਕਿਸੇ ਨੂੰ ਜਾਣਦਾ ਸੀ ਅਤੇ ਨਾ ਹੀ ਰੰਘੜਿਆਲ ਪਿੰਡ ਦਾ ਥਹੁ-ਪਤਾ ਸੀ ਕਿ ਕਿਹੜਾ ਰਾਹ ਜਾਣਾ ਹੈ। ਉਹ ਤਾਂ ਬਸ ਮੀਟਿੰਗ ਦੇ ਸੁਨੇਹੇ ’ਤੇ ਚੱਲ ਪਿਆ ਸੀ। ਆਹ ਬਿਪਤਾ ਆਣ ਪਊ, ਇਹਦਾ ਚਿੱਤ-ਚੇਤਾ ਨਹੀਂ ਸੀ। ਅੰਤ ਨੇਤਾ ਜੀ ਨੇ ਕਿਸੇ ਨੂੰ ਪੁੱਛ ਲਿਆ ਕਿ ਰੰਘੜਿਆਲ ਜਾਣੈ। ਨੇਤਾ ਜੀ ਲਈ ਰਾਹ ਦਰਸੇਵਾ ਬਣ ਕੇ ਬਹੁੜੇ ਉਸ ਸੱਜਣ ਨੇ ਹੱਥ ਦੇ ਇਸ਼ਾਰਿਆਂ ਨਾਲ ਰਾਹ ਸਮਝਾਉਂਦਿਆਂ ਕਿਹਾ, “ਲੈ ਆਹ ਖੜ੍ਹਾ ਰੰਘੜਿਆਲ, ਤੁਰਦੇ ਨੂੰ ਕੀ ਲੱਗਦੈ।” ਆਹ ਖੜ੍ਹਾ ਰੰਘੜਿਆਲ ਸੁਣ ਕੇ ਨੇਤਾ ਜੀ ਨੇ ਹੌਸਲਾ ਫੜ ਲਿਆ।
ਬਜ਼ੁਰਗਾਂ ਦੇ ਬਾਤ ਸੁਣਾਉਣ ਵਾਂਗ ਚਲੋ-ਚਾਲ, ਚਲੋ-ਚਾਲ ਨੇਤਾ ਜੀ ਤੁਰਦੇ ਤੁਰਦੇ ਇੱਕ ਪਿੰਡ (ਦਾਤੇਵਾਸ) ਦੀ ਜੂਹ ’ਚ ਜਾ ਵੜੇ ਅਤੇ ਕਿਸੇ ਮਨੁੱਖੀ ਜੀਵ ਨੂੰ ਲੱਭ ਕੇ ਪੁੱਛਿਆ- “ਭਾਈ ਇਹ ਰੰਘੜਿਆਲ ਐ?” ਅੱਗਿਓਂ ਉਹਨੇ ਕਿਹਾ- “ਨਹੀਂ ਭਾਈ, ਇਹ ਤਾਂ ਦਾਤੇਵਾਸ ਐ, ਰੰਘੜਿਆਲ ਤਾਂ ਅੱਗੇ ਆ।” ਉਹਨੇ ਵੀ ਨੇਤਾ ਜੀ ਨੂੰ ਰੰਘੜਿਆਲ ਦਾ ਰਾਹ ਸਮਝਾਉਂਦਿਆਂ ਸੁਭਾਗੀ ਆਖ ਦਿੱਤਾ, “ਰੰਘੜਿਆਲ ਕਿਹੜਾ ਦੂਰ ਐ ਭਾਈ, ਅਗਲਾ ਈ ਪਿੰਡ ਆ। ਹੁਣੇ ਜਾ ਵੜੇਂਗਾ।” ਮੁੜ ਤੋਂ ‘ਕਿਹੜਾ ਦੂਰ ਐ’ ਸੁਣ ਕੇ ਨੇਤਾ ਜੀ ਦੇ ਸੀਨੇ ’ਚੋਂ ਲਾਟ ਜਿਹੀ ਨਿੱਕਲੀ। ਪਹਿਲੇ ਸੱਜਣ ਦੀ ਚੁੱਕ ’ਚ ਆ ਕੇ ਤੁਰੇ ਨੇਤਾ ਜੀ ਨੂੰ ਮਸਾਂ ਕੋਈ ਪਿੰਡ ਦਿਸਿਆ ਸੀ ਤੇ ਰੰਘੜਿਆਲ ਆ ਜਾਣ ਦੀ ਆਸ ਬੱਝੀ ਸੀ, ਹੁਣ ਨੇਤਾ ਜੀ ਨੂੰ ਲੱਗਿਆ- ਅੱਜ ਦੀ ਰਾਤ ਤਾਂ ਤੁਰਦੇ ਦੀ ਹੀ ਲੰਘੂ। ਫਸੀ ਨੂੰ ਫਟਕਣ ਕੀ? ਨੇਤਾ ਜੀ ਟੁੱਟੇ ਜਿਹੇ ਦਿਲ ਨਾਲ ਫਿਰ ਤੁਰ ਪਿਆ। ਚਾਰ-ਪੰਜ ਕਿਲੋਮੀਟਰ ਹੋਰ ਤੁਰਨ ਤੋਂ ਬਾਅਦ ਨੇਤਾ ਜੀ ਨੂੰ ਪਿੰਡ ਦਿਖਾਈ ਦਿੱਤਾ। ਜਦੋਂ ਪਤਾ ਲੱਗਿਆ ਕਿ ਇਹੀ ਪਿੰਡ ਰੰਘੜਿਆਲ ਹੈ ਤਾਂ ਨੇਤਾ ਜੀ ਦੀ ਜਾਨ ’ਚ ਜਾਨ ਆ ਗਈ ਪਰ ਉਦੋਂ ਨੂੰ ਰਾਤ ਅੱਧਿਓਂ ਵੱਧ ਬੀਤ ਕੇ ਪਿਛਲੇ ਪਹਿਰ ਵਿਚ ਦਾਖਲ ਹੋ ਚੁੱਕੀ ਸੀ; ਰਾਤ ਜਿਹੜੀ ਨੇਤਾ ਜੀ ਨੂੰ ਕਦੇ ਨਹੀਂ ਸੀ ਭੁੱਲਣੀ।
ਇਹ ਹੋਈ-ਬੀਤੀ ਸੁਣਾਉਂਦਿਆਂ ਇੱਕ ਵਾਰ ਨੇਤਾ ਜੀ ਨੇ ਉਲਾਂਭੇ ਵਾਂਗ ਕਿਹਾ ਸੀ, “ਤੁਹਾਡੇ ਮਾਲਵੇ ਆਲ਼ੇ ਤਾਂ ਬੜੇ ਖਰਾਬ ਬੰਦੇ ਨੇ। ਮੈਨੂੰ ‘ਆਹ ਖੜ੍ਹਾ, ਆਹ ਖੜ੍ਹਾ’ ਕਹਿ ਕੇ ਸਾਰੀ ਰਾਤ ਤੋਰੀ ਰੱਖਿਆ। ਮੇਰੀਆਂ ਤਾਂ ਲੱਤਾਂ ਈ ਰਹਿ ਗਈਆਂ।” ਅਸਲ ’ਚ ਉਹਨੂੰ ਦੋਆਬੇ ਤੇ ਮਾਲਵੇ ਦੀ ਭੂਗੋਲਿਕ ਬਣਤਰ ਅਤੇ ਬੋਲੀ-ਸ਼ੈਲੀ ਦੇ ਫਰਕ ਦਾ ਪਤਾ ਨਹੀਂ ਸੀ। ਦੋਆਬੇ ’ਚ ਪਿੰਡ ਜਿੰਨੇ ਛੋਟੇ ਨੇ, ਓਨੇ ਹੀ ਇੱਕ-ਦੂਜੇ ਦੇ ਨੇੜੇ ਨੇੜੇ ਨੇ; ਮਾਲਵੇ ’ਚ ਉਲਟਾ ਹੈ। ਪਿੰਡ ਜਿੰਨੇ ਵੱਡੇ ਹਨ, ਓਨੇ ਹੀ ਇੱਕ-ਦੂਜੇ ਤੋਂ ਦੂਰ ਦੂਰ ਹਨ। ਇਸੇ ਲਈ ਉਹ ਮਲਵਈਆਂ ਦੀ ਲੰਮੀ ਵਾਟ ਨੂੰ ਛੋਟੀ ਕਰ ਕੇ ਦੱਸਣ ਵਾਲੀ ਬੋਲੀ-ਸ਼ੈਲੀ ਤੋਂ ਅਭਿੱਜ ਸੀ। ਰਾਹਗੀਰ ਨੂੰ ਤੁਰੇ ਜਾਣ ਦਾ ਹੌਸਲਾ ਦੇਣ ਲਈ ਮਲਵਈ ਬਜ਼ੁਰਗ ਆਖ ਦਿੰਦੇ ਸਨ- ‘ਲੈ ਪਿੰਡ ਤਾਂ ਆਹ ਖੜ੍ਹਾ, ਤੂੰ ਕੇਰਾਂ ਪੈਰ ਤਾਂ ਪੁੱਟ!’ ਜਨਿ੍ਹਾਂ ਲੋਕਾਂ ਨੂੰ ਨੇਤਾ ਜੀ ‘ਬੜੇ ਖਰਾਬ ਬੰਦੇ’ ਦੱਸ ਰਿਹਾ ਸੀ, ਦਰਅਸਲ ਉਹ ਤਾਂ ਚਿਣਗ-ਚੁਆਤੀ ਲਾਉਣ ਵਾਲੇ ਮਨੁੱਖ ਸਨ। ਊਬੜ-ਖਾਬੜ ਰਾਹਾਂ ਦੇ ਪਾਂਧੀਆਂ ਨੂੰ ਮੰਜਿ਼ਲਾਂ ਦਾ ਰਾਹ ਦਿਖਾਉਣ ਤੇ ਮੰਜਿ਼ਲਾਂ ’ਤੇ ਪਹੁੰਚਣ ਦਾ ਹੌਸਲਾ ਬਖਸ਼ਣ ਵਾਲੇ ਲੋਕ ਸਨ।
ਨੇਤਾ ਜੀ ਸ਼ਾਇਦ ਭੁੱਲ ਗਏ ਸਨ ਕਿ ਜੇ 70ਵਿਆਂ ਦੇ ਪਹਿਲੜੇ ਦਨਿਾਂ ’ਚ ਕੁਤਬੇਵਾਲ ਵਾਲੇ ਬਾਬਾ ਠਾਕਰ ਦਾਸ ਨੇ “ਇਨਕਲਾਬ ਤਾਂ ਦੇਸ਼ ਦੀਆਂ ਬਰੂਹਾਂ ’ਤੇ ਖੜ੍ਹਾ” ਕਹਿ ਕੇ ਉਹਦੇ ਦਿਲ ਵਿਚ ਇਨਕਲਾਬ ਦੀ ਚਿਣਗ ਨਾ ਬਾਲ਼ੀ ਹੁੰਦੀ ਤਾਂ 1972 ਵਿਚ ਉਮਰਪੁਰੇ ਵਾਲੇ ਦੇਸ ਰਾਜ ਨੇ ਨਾ ਨੇਤਾ ਜੀ ਬਣਨਾ ਸੀ ਅਤੇ ਨਾ ਹੀ ਘਰ-ਬਾਰ ਛੱਡ ਰਮਤਾ ਯੋਗੀ ਬਣ ਕੇ ਇਨਕਲਾਬ ਦੇ ਲੰਮੇ ਤੇ ਬਿੱਖੜੇ ਪੈਂਡਿਆਂ ’ਤੇ ਚੱਲਦਿਆਂ ਰੰਘੜਿਆਲ ਵਰਗੇ ਅਨਜਾਣੇ ਰਾਹਾਂ ਦੀ ਧੂੜ ਫੱਕਣੀ ਸੀ। ਉਹ ਤਾਉਮਰ ਸਮਾਜਿਕ ਸਰੋਕਾਰਾਂ ਨਾਲ ਵਾਬਾਸਤਾ ਰਿਹਾ।
ਨੇਤਾ ਜੀ ਹੁਣ ਇਸ ਦੁਨੀਆ ’ਤੇ ਨਹੀਂ ਹਨ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਉਹਨੂੰ 11 ਜੁਲਾਈ, 2020 ਨੂੰ ਸਾਡੇ ਨਾਲੋਂ ਜੁਦਾ ਕਰ ਦਿੱਤਾ ਸੀ ਪਰ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਉਹ ਆਪਣੇ ਹਮਰਾਹੀਆਂ ਤੇ ਮਿੱਤਰ ਪਿਆਰਿਆਂ ਨੂੰ ਸਦਾ ਯਾਦ ਆਉਂਦਾ ਰਹੇਗਾ।
ਸੰਪਰਕ: 94175-88616

Advertisement

Advertisement
Tags :
ਦੋਆਬੇਫ਼ਰਕਮਾਲਵੇ