ਕੀ ਪੰਜਾਬੀਆਂ ਨੇ ਮੁਸੀਬਤਾਂ ਖ਼ੁਦ ਨਹੀਂ ਸਹੇੜੀਆਂ?
ਪ੍ਰਿੰਸੀਪਲ ਵਿਜੈ ਕੁਮਾਰ
ਅੱਜਕੱਲ੍ਹ ਪਰਵਾਸੀਆਂ ਵੱਲੋਂ ਕੈਨੇਡਾ ਸਰਕਾਰ ਵਿਰੁੱਧ ਸੜਕਾਂ ’ਤੇ ਇਹ ਕਹਿ ਕੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਕਿ ਇਸ ਮੁਲਕ ਦੀ ਸਰਕਾਰ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਮੁਲਕ ਵਿੱਚੋਂ ਕੱਢਣ ਦੀ ਤਿਆਰੀ ਕਰ ਰਹੀ ਹੈ। ਇੱਥੇ ਵਸਦੇ ਪਰਵਾਸੀ ਲੋਕਾਂ ਨੂੰ ਇਸ
ਮੁਲਕ ਦੀਆਂ ਸਰਕਾਰਾਂ ’ਤੇ ਕੋਈ ਵੀ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ। ਜਿਹੜੇ ਪਰਵਾਸੀ ਲੋਕ ਇਸ ਮੁਲਕ ਵਿੱਚ ਇਮਾਨਦਾਰੀ ਨਾਲ ਆਪਣੀ ਨੌਕਰੀ, ਕਾਰੋਬਾਰ, ਮਜ਼ਦੂਰੀ, ਪੜ੍ਹਾਈ, ਖੇਤੀਬਾੜੀ ਅਤੇ ਹੋਰ ਕਿੱਤੇ ਕਰ ਰਹੇ ਹਨ, ਕਾਨੂੰਨ ਦਾ ਪਾਲਣ ਕਰ ਰਹੇ ਹਨ, ਉਨ੍ਹਾਂ ਲੋਕਾਂ ਦੇ ਵਿਰੁੱਧ ਸਰਕਾਰਾਂ ਕੁਝ ਨਹੀਂ ਕਰ ਰਹੀਆਂ।
ਇਸ ਮੁਲਕ ਵਿੱਚ ਲੱਖਾਂ ਪਰਵਾਸੀ ਲੋਕ ਉੱਚੇ ਅਹੁਦਿਆਂ ’ਤੇ ਕੰਮ ਕਰ ਰਹੇ ਹਨ। ਬਹੁਤ ਵਧੀਆ ਕਾਰੋਬਾਰ ਕਰ ਰਹੇ ਹਨ। ਇੱਥੋਂ ਦੀਆਂ ਸਰਕਾਰਾਂ ਵਿੱਚ ਸਿਆਸੀ ਤੌਰ ’ਤੇ ਵੀ ਸ਼ਾਮਲ ਹਨ। ਕੈਨੇਡਾ ਦੀਆਂ ਸਰਕਾਰਾਂ ਦਾ ਵਿਰੋਧ ਕਰਨ ਤੋਂ ਪਹਿਲਾਂ ਇੱਥੇ ਵਸਦੇ ਉਨ੍ਹਾਂ ਪਰਵਾਸੀ ਲੋਕਾਂ ਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਹਨ ਕਿ ਇਸ ਮੁਲਕ ਦੀ ਆਰਥਿਕਤਾ ਨੂੰ ਖੋਰਾ ਕੌਣ ਲਗਾ ਰਿਹਾ ਹੈ? ਟੈਕਸਾਂ ਦੀ ਚੋਰੀ ਕੌਣ ਕਰ ਰਿਹਾ ਹੈ? ਇਮੀਗ੍ਰੇਸ਼ਨ ਏਜੰਟਾਂ ਨਾਲ ਮਿਲ ਕੇ ਕਾਲਜਾਂ ਵਿੱਚ ਜਾਅਲੀ ਦਾਖਲੇ ਕੌਣ ਕਰਾ ਰਿਹਾ ਹੈ? ਭੋਲੇ, ਮਾਸੂਮ ਅਤੇ ਮਜਬੂਰ ਮੁੰਡੇ-ਕੁੜੀਆਂ ਦਾ ਆਰਥਿਕ ਸ਼ੋਸ਼ਣ ਕੌਣ ਕਰ ਰਿਹਾ ਹੈ?
ਵਿਜ਼ਿਟਰ ਵੀਜ਼ੇ ਉੱਤੇ ਕੈਨੇਡਾ ਘੁੰਮਣ ਆਏ ਲੋਕਾਂ ਤੋਂ ਚੋਰੀ ਛਿਪੇ ਕੰਮ ਕਰਵਾ ਕੇ, ਨੌਜਵਾਨ ਮੁੰਡੇ-ਕੁੜੀਆਂ ਤੋਂ ਰੁਜ਼ਗਾਰ ਦੇ ਮੌਕੇ ਕੌਣ ਖੋਹ ਰਿਹਾ ਹੈ ਅਤੇ ਟੈਕਸ ਦੀ ਚੋਰੀ ਕੌਣ ਕਰ ਰਿਹਾ ਹੈ? ਪਲਾਜ਼ਿਆਂ ਅੱਗੇ, ਸੜਕਾਂ ’ਤੇ ਅਤੇ ਜਨਤਕ ਥਾਵਾਂ ’ਤੇ ਸ਼ਰਾਬ ਪੀ ਕੇ, ਗੱਡੀਆਂ ’ਤੇ ਚੜ੍ਹ ਕੇ ਭੰਗੜੇ ਕੌਣ ਪਾ ਰਿਹਾ ਹੈ? ਲੜਾਈਆਂ ਝਗੜੇ ਕੌਣ ਕਰ ਰਿਹਾ ਹੈ? ਦੁਕਾਨਾਂ ਲੁੱਟਣ, ਕਾਰਾਂ ਚੋਰੀ ਕਰਨ, ਨਸ਼ਿਆਂ ਦੀ ਸਮਗਲਿੰਗ ਕਰਨ, ਘਰਾਂ ਦੇ ਕਿਰਾਏ ਨਾ ਦੇਣ, ਘਰਾਂ ਦੇ ਮਾਲਕਾਂ ਨਾਲ ਲੜਾਈ ਝਗੜੇ ਕਰਨ ਤੇ ਉਨ੍ਹਾਂ ਦੇ ਮਕਾਨ ਖਾਲੀ ਨਾ ਕਰਨ ਲਈ ਕੌਣ ਜ਼ਿੰਮੇਵਾਰ ਹੈ? ਪੁਲੀਸ ਨਾਲ ਲੜਾਈ ਝਗੜੇ ਕੌਣ ਕਰਦਾ ਹੈ? ਹੇਰਾਫੇਰੀਆਂ, ਫਿਰੌਤੀਆਂ, ਲੁੱਟਮਾਰ, ਹੁੜਦੰਗ ਮਚਾਉਣ, ਗੰਦਗੀ ਫੈਲਾਉਣ, ਹੇਰਾਫੇਰੀ ਨਾਲ ਬੀਮੇ ਦੇ ਕਲੇਮ ਲੈਣ, ਪਲਾਜ਼ਿਆਂ ਵਿੱਚ ਬਿਨਾਂ ਅਦਾਇਗੀ ਤੋਂ ਚੀਜ਼ਾਂ ਲਿਆਉਣ, ਸੜਕਾਂ ਉੱਤੇ ਗੱਡੀਆਂ ਚਲਾਉਣ ਦੇ ਨਿਯਮ ਤੋੜ ਕੇ ਹਾਦਸੇ ਕਰਨ ਅਤੇ ਜੁਰਮ ਦੀਆਂ ਘਟਨਾਵਾਂ ਵਿੱਚ ਵਾਧਾ ਕਰਨ ਲਈ ਕੌਣ ਜ਼ਿੰਮੇਵਾਰ ਹੈ? ਇਮੀਗ੍ਰੇਸ਼ਨ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਕਾਨੂੰਨ ਤੋੜ ਕੇ ਕੈਨੇਡਾ ਕੌਣ ਆ ਰਿਹਾ ਹੈ? ਕੈਨੇਡਾ ਦੀਆਂ ਪਾਰਕਾਂ ਵਿੱਚ ਬੈਠੇ ਲੋਕਾਂ ਦੇ ਮੂੰਹਾਂ ਤੋਂ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਹੁਣ ਇਹ ਪਹਿਲਾਂ ਵਰਗਾ ਕੈਨੇਡਾ ਨਹੀਂ ਰਿਹਾ। ਉਹ ਇਸ ਮੁਲਕ
ਦਾ ਮਾਹੌਲ ਖ਼ਰਾਬ ਕਰਨ ਵਾਲੇ ਪਰਵਾਸੀ ਲੋਕਾਂ ਦੀ ਆਲੋਚਨਾ ਕਰਦੇ ਸੁਣੇ ਜਾਂਦੇ ਹਨ। ਉਨ੍ਹਾਂ ਨੂੰ ਇਹ ਕਹਿੰਦੇ ਵੀ ਸੁਣਿਆ ਜਾਂਦਾ ਹੈ ਕਿ ਪਰਵਾਸੀ ਲੋਕਾਂ ਨੇ ਗੋਰਿਆਂ ਦੀਆਂ ਆਦਤਾਂ ਵੀ ਵਿਗਾੜ ਦਿੱਤੀਆਂ ਹਨ।
ਡਰਾਈਵਿੰਗ ਲਾਇਸੈਂਸ ਬਣਾਉਣ ਜਾਂ ਇਮੀਗ੍ਰੇਸ਼ਨ ਦੇ ਕਾਰਜਾਂ ਵਿੱਚ ਰਿਸ਼ਵਤ ਲੈਣ ਦੇਣ ਦਾ ਸਿਲਸਿਲਾ ਪਰਵਾਸੀ ਲੋਕਾਂ ਤੋਂ ਹੀ ਸ਼ੁਰੂ ਹੋਇਆ ਹੈ। ਇੱਕ ਬਹੁਤ ਹੀ ਚੰਗੇ ਸੁਭਾਅ ਵਾਲੇ ਪਰਵਾਸੀ ਸੱਜਣ ਨੇ ਦੱਸਿਆ ਕਿ, ‘‘ਪੱਚੀ ਸਾਲ ਪਹਿਲਾਂ ਅਸੀਂ ਕਦੇ ਵੀ ਆਪਣੇ ਮਕਾਨ ਨੂੰ ਜੰਦਰਾ ਲਗਾ ਕੇ ਨਹੀਂ ਗਏ ਸੀ। ਅਸੀਂ ਆਪਣਾ ਮਕਾਨ ਇੱਕ ਦੂਜੇ ਦੇ ਹਵਾਲੇ ਕਰਕੇ ਚਲੇ ਜਾਂਦੇ ਸੀ। ਸਾਡੀ ਗਲੀ ਵਿੱਚ ਸਾਰੇ ਅੰਗਰੇਜ਼ਾਂ ਦੇ ਹੀ ਘਰ ਹੁੰਦੇ ਸਨ, ਪਰ ਉਹ ਪਰਵਾਸੀ ਲੋਕਾਂ ਦੀਆਂ ਮਾੜੀਆਂ ਹਰਕਤਾਂ ਤੋਂ ਤੰਗ ਆ ਕੇ ਆਪਣੇ ਮਕਾਨ ਵੇਚ ਕੇ ਇੱਥੋਂ ਚਲੇ ਗਏ।’’ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਇਸ ਮੁਲਕ ਵਿੱਚ ਵਸਦੇ ਪਰਵਾਸੀ ਲੋਕਾਂ ਦੀਆਂ ਭੈੜੀਆਂ ਹਰਕਤਾਂ ਦੀਆਂ ਵਾਇਰਲ ਹੋ ਰਹੀਆਂ ਵੀਡਿਓਜ਼ ਅਤੇ ਨਸ਼ਰ ਹੋ ਰਹੀਆਂ ਖ਼ਬਰਾਂ ਵੇਖ ਕੇ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕੈਨੇਡਾ ਵਿੱਚ ਇਨ੍ਹਾਂ ਪਰਵਾਸੀ ਲੋਕਾਂ ਦਾ ਭਵਿੱਖ ਕੀ ਹੋਵੇਗਾ?
ਇੱਕ ਸਿਨੇਮਾ ਹਾਲ ਵਿੱਚ ਫਿਲਮ ਵੇਖ ਰਹੇ ਸ਼ਰਾਬੀ ਮੁੰਡਿਆਂ ਨੇ ਹਾਲ ਵਿੱਚ ਬੈਠੇ ਲੋਕਾਂ ਨੂੰ ਐਨਾ ਤੰਗ ਕੀਤਾ ਕਿ ਸਿਨੇਮਾ ਮਾਲਕਾਂ ਨੂੰ ਪੁਲੀਸ ਬੁਲਾਉਣੀ ਪਈ। ਇੱਕ ਲਾਇਬ੍ਰੇਰੀ ਵਿੱਚ ਮੈਂ ਪੰਜਾਬੀ ਦੀ ਇੱਕ ਹਫ਼ਤਾ ਪੁਰਾਣੀ ਅਖ਼ਬਾਰ ਲੱਭ ਰਿਹਾ ਸੀ, ਪਰ ਉਹ ਅਖ਼ਬਾਰ ਸ਼ੈਲਫ਼ ਵਿੱਚੋਂ ਗਾਇਬ ਸੀ। ਲਾਇਬ੍ਰੇਰੀਅਨ ਨੂੰ ਪੁੱਛਣ ਤੋਂ ਜਵਾਬ ਮਿਲਿਆ ਕਿ ਕਈ ਲੋਕ ਚੁੱਕ ਕੇ ਲੈ ਜਾਂਦੇ ਹਨ। ਮੈਂ ਅੱਗੋਂ ਕਿਹਾ ਕਿ ਤੁਸੀਂ ਲੋਕਾਂ ਉੱਤੇ ਨਜ਼ਰ ਨਹੀਂ ਰੱਖਦੇ? ਉਸ ਅੰਗਰੇਜ਼ ਲਾਇਬ੍ਰੇਰੀਅਨ ਵੱਲੋਂ ਦਿੱਤਾ ਜਵਾਬ ਸੁਣਨ ਵਾਲਾ ਸੀ। ਉਸ ਦਾ ਜਵਾਬ ਸੀ, ‘‘ਸਰ, ਇਹ ਮੁਲਕ ਨੈਤਿਕ ਕਦਰਾਂ ਕੀਮਤਾਂ ਦੇ ਸਹਾਰੇ ਚੱਲਦਾ ਹੈ। ਅਸੀਂ ਸਭ ਉੱਤੇ ਭਰੋਸਾ ਰੱਖ ਕੇ ਚੱਲਦੇ ਹਾਂ।’’
ਕੈਨੇਡਾ ਵਿੱਚ ਵਸਦੇ ਸਾਰੇ ਪਰਵਾਸੀ ਲੋਕ ਮਾੜੇ ਨਹੀਂ ਹਨ। ਬਹੁਤ ਲੋਕ ਚੰਗੇ ਵੀ ਹਨ ਤੇ ਬਹੁਤ ਮਾੜੇ ਵੀ ਹਨ, ਪਰ ਆਟੇ ਨਾਲ ਘੁਣ ਵੀ ਪਿਸਦਾ ਹੈ। ਮਾੜਿਆਂ ਨਾਲ ਚੰਗੇ ਵੀ ਬਦਨਾਮ ਹੁੰਦੇ ਹਨ। ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿੱਥੇ ਕਾਨੂੰਨਾਂ ਨਾਲੋਂ ਨੈਤਿਕ ਕਦਰਾਂ ਕੀਮਤਾਂ ਦਾ ਜ਼ਿਆਦਾ ਮਹੱਤਵ ਸਮਝਿਆ ਜਾਂਦਾ ਹੈ। ਕਿਹੜੇ ਮੁਲਕ ਦੀ ਸਰਕਾਰ ਹੋਵੇਗੀ ਜੋ ਆਪਣੇ ਮੁਲਕ ਦੇ ਵਿਗੜੇ ਹਾਲਾਤ ਉੱਤੇ ਕਾਬੂ ਪਾਉਣ ਲਈ ਸਖ਼ਤੀ ਨਹੀਂ ਕਰੇਗੀ ਜਾਂ ਸਖ਼ਤ ਕਾਨੂੰਨ ਨਹੀਂ ਬਣਾਏਗੀ? ਪਰਵਾਸੀ ਲੋਕਾਂ ਨੇ ਜੇਕਰ ਇਸ ਮੁਲਕ ਵਿੱਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਇਸ ਮੁਲਕ ਦੇ ਕਾਨੂੰਨਾਂ ਦਾ ਪਾਲਣ ਕਰਦੇ ਹੋਏ ਇਮਾਨਦਾਰੀ ਨਾਲ ਆਪਣੀ ਰੋਟੀ ਰੋਜ਼ੀ ਕਮਾਉਣੀ ਪਵੇਗੀ।
ਈਮੇਲ: vijaykumarbehki@gmail.com