ਕੀ ਅਸੀਂ ਕਾਰਗਿਲ ਜੰਗ ਤੋਂ ਸਬਕ ਸਿੱਖਿਆ?
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਕਾਰਗਿਲ ਸੰਘਰਸ਼ ਵਿੱਚ ਭਾਰਤੀ ਜੰਗਜੂਆਂ ਦੀ ਬਹਾਦਰੀ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜੰਗ ਦੀਆਂ ਯਾਦਾਂ ਤਾਜ਼ਾ ਕਰਨ ਨਾਲ ਇਸ ਤੋਂ ਬਾਅਦ ਵਾਲੇ ਹਾਲਾਤ ਨੂੰ ਦੇਖਣਾ ਅਤੇ ਭਵਿੱਖ ਲਈ ਸਹੀ ਸਬਕ ਸਿੱਖਣਾ ਮਹੱਤਵਪੂਰਨ ਹੈ। ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਮੌਕੇ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਉਹੀ ਗ਼ਲਤੀਆਂ ਨਹੀਂ ਦੁਹਰਾਉਣੀਆਂ ਚਾਹੀਦੀਆਂ; ਸਾਡੇ ਫ਼ੌਜੀਆਂ ਦੀਆਂ ਕੁਰਬਾਨੀਆਂ ਲੋਕਧਾਰਾ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ; ਬਹਾਦਰੀ, ਦ੍ਰਿੜਤਾ ਤੇ ਹਿੰਮਤ ਦੀ ਕਹਾਣੀ ਆਉਣ ਵਾਲੀ ਪੀੜ੍ਹੀ ਦੇ ਨੌਜਵਾਨਾਂ ਦੇ ਨਾਲ-ਨਾਲ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਵਾਲੇ ਫੌਜੀਆਂ ਨੂੰ ਵੀ ਪ੍ਰੇਰਦੀ ਰਹੇਗੀ।
ਹੁਣ ਵੱਡਾ ਸਵਾਲ ਹੈ: ਕੀ ਅਸੀਂ ਕਾਰਗਿਲ ਲੜਾਈ ਤੋਂ ਕੋਈ ਸਬਕ ਸਿੱਖਿਆ? ਕਿਸੇ ਠੋਸ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਅਪਰੇਸ਼ਨ ਵਿਜੈ ’ਤੇ ਸਰਸਰੀ ਝਾਤ ਲਾਜ਼ਮੀ ਹੈ।
1971 ਵਾਲੀ ਜੰਗ ਦੀ ਹਾਰ ਦਾ ਬਦਲਾ ਲੈਣ ਦੀ ਭਾਵਨਾ ਨਾਲ ਪਾਕਿਸਤਾਨ ਫ਼ੌਜ ਦੇ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼ (ਬਾਅਦ ’ਚ ਰਾਸ਼ਟਰਪਤੀ) ਨੇ ਕਾਰਗਿਲ ਖੇਤਰ ਵਾਲੀ ਚੁਣੌਤੀਆਂ ਭਰਪੂਰ ਲਾਈਨ ਆਫ ਕੰਟਰੋਲ (ਐੱਲਓਸੀ) ਪਾਰ ਕਰ ਕੇ ਜੰਗ ਲੜਨ ਦਾ ਮਨ ਬਣਾ ਲਿਆ। ਅਪਰੇਸ਼ਨ ਬਦਰ ਦਾ ਮੁੱਖ ਉਦੇਸ਼ ਸੀ ਕਿ ਸਿ਼ਮਲਾ ਸਮਝੌਤੇ ਨੂੰ ਖੋਖਲਾ ਕਰਨ ਖ਼ਾਤਿਰ 740 ਕਿਲੋਮੀਟਰ ਵਾਲੀ ਕੰਟਰੋਲ ਰੇਖਾ ’ਚ ਤਬਦੀਲੀ ਲਿਆ ਕੇ ਸ੍ਰੀਨਗਰ ਕਾਰਗਿਲ ਲੇਹ ਸੜਕ ਉਪਰ ਆਪਣੀ ਧਾਂਕ ਜਮਾਈ ਜਾਵੇ ਤਾਂ ਕਿ ਸਿਆਚਿਨ ਨੂੰ ਭਾਰਤ ਦੇ ਬਾਕੀ ਹਿੱਸੇ ਨਾਲੋਂ ਕੱਟਿਆ ਜਾ ਸਕੇ ਤੇ ਅਤਿਵਾਦ ਨੂੰ ਜੰਮੂ ਕਸ਼ਮੀਰ ’ਚ ਮੁੜ ਸੁਰਜੀਤ ਕੀਤਾ ਜਾਵੇ।
ਦਰਅਸਲ, ਅਪਰੇਸ਼ਨ ਵਿਜੈ ਤੋਂ ਪਹਿਲਾਂ ਵੀ ਜੂਨ 1987 ’ਚ ਭਾਰਤੀ ਫੌਜ ਨੇ ਸਿਆਚਿਨ ’ਚ ਕਮਾਂਡੋ ਮੁਸ਼ੱਰਫ਼ ਦੀ ਆਖਿ਼ਰੀ ਕਠੋਰ ‘ਅਜਿੱਤ ਚੋਟੀ’ ਅਖਵਾਉਣ ਵਾਲੀ 21153 ਫੁੱਟ ਦੀ ਉਚਾਈ ਵਾਲੀ ਕਾਇਦ ਪੋਸਟ ਤੋਂ ਦੁਸ਼ਮਣ ਨੂੰ ਮਲੀਆਮੇਟ ਕਰ ਕੇ ਦੇਸ਼, ਫ਼ੌਜ ਤੇ ਕੌਮ ਦੇ ਮਹਾਨ ਯੋਧੇ ਨਾਇਬ ਸੂਬੇਦਾਰ (ਬਾਅਦ ’ਚ ਕੈਪਟਨ) ਬਾਨਾ ਸਿੰਘ ਪੀਵੀਸੀ ਨੇ ਉਥੇ 26 ਜੂਨ 1987 ਨੂੰ ਤਿਰੰਗਾ ਲਹਿਰਾ ਕੇ ਮੁਸ਼ੱਰਫ਼ ਦੇ ਮਨਸੂਬੇ ਫ਼ਨਾਹ ਕਰ ਦਿੱਤੇ। ਜਨਰਲ ਮੁਸ਼ੱਰਫ਼ ਭੜਕ ਉੱਠਿਆ ਤੇ ਕਾਰਗਿਲ ਵੱਲ ਰੁਖ਼ ਕੀਤਾ। ਕਾਰਗਿਲ ਸੈਕਟਰ ਕਾਓਬਲ ਗਲੀ ਤੋਂ ਚੋਰਬਤ-ਲਾ ਤੱਕ 168 ਕਿਲੋਮੀਟਰ ਵਾਲੀ ਐੱਲਓਸੀ ਵਾਲੇ ਬਰਫ਼ੀਲੇ ਪਥਰੀਲੇ ਪਹਾੜੀ ਇਲਾਕੇ ’ਚ ਫੈਲਿਆ ਹੋਇਆ ਹੈ ਜਿਸ ਦੀ ਉਚਾਈ 16500 ਫੁੱਟ ਤੋਂ 19000 ਫੁੱਟ ਤੱਕ ਹੈ। ਇਸ ਇਲਾਕੇ ’ਚ ਕੋਈ ਬਨਸਪਤੀ ਨਹੀਂ ਅਤੇ ਨਵੰਬਰ ਤੋਂ ਅਪਰੈਲ ਤੱਕ ਸੰਘਣੀ ਬਰਫ਼ ਨਾਲ ਪਹਾੜੀਆਂ ਢਕੀਆਂ ਰਹਿੰਦੀਆਂ ਹਨ ਤੇ ਤੇਜ਼ ਹਵਾਵਾਂ ਚਲਦੀਆਂ ਹਨ। ਸ੍ਰੀਨਗਰ ਲੇਹ ਸੜਕ, ਕੰਟਰੋਲ ਰੇਖਾ ਤੋਂ ਹੇਠਲੀਆਂ ਪਹਾੜੀਆਂ ’ਚੋਂ ਗੁਜ਼ਰਦੀ ਹੈ ਜੋ ਕੁਝ ਪਾਕਿਸਤਾਨੀ ਚੋਟੀਆਂ ਦੇ ਨਿਰੀਖਣ ਹੇਠ ਹੈ। ਘਾਟੀਆਂ ਵਾਲੇ ਇਸ ਸਮੁੱਚੇ ਇਲਾਕੇ ਨੂੰ ਚਾਰ ਮੁੱਖ ਭਾਗਾਂ, ਭਾਵ ਬਟਾਲਿਕ, ਦਰਾਸ ਤੇ ਮਸ਼ਕੋਹ, ਕਕਸਰ, ਚੋਰਬਤ-ਲਾ ਅਤੇ ਇਕ ਛੋਟੇ ਹਿੱਸੇ ਹਨੀਫ਼ (ਤੁਰਤੱਕ) ’ਚ ਵੰਡਿਆ ਹੋਇਆ ਹੈ।
ਅਪਰੈਲ 1999 ’ਚ ਜਨਰਲ ਮੁਸ਼ੱਰਫ਼ ਨੇ 1972 ਵਾਲੇ ਸ਼ਿਮਲਾ ਸਮਝੌਤੇ ਦੀ ਘੋਰ ਉਲੰਘਣਾ ਕਰਦਿਆਂ ਆਪਣੀ ਫੌਜ ਦੀ ਉੱਤਰੀ ਲਾਈਟ ਇਨਫੈਂਟਰੀ (ਐੱਨਐੱਲਆਈ) ਨੂੰ ਸਲਵਾਰ-ਕੁੜਤੇ ਵਾਲਾ ਲੋਕਲ ਲਿਬਾਸ ਪਹਿਨਾ ਕੇ ਕਾਰਗਿਲ ਸੈਕਟਰ ’ਚ ਘੁਸਪੈਠ ਕਰਵਾ ਕੇ ਉੱਚ ਪਰਬਤੀ ਖਾਲੀ ਚੌਂਕੀਆਂ ’ਤੇ ਕਬਜ਼ਾ ਕਰ ਕੇ ਕਿਲ੍ਹਾਬੰਦੀ ਸ਼ੁਰੂ ਕਰ ਦਿੱਤੀ। ਮੁਸ਼ੱਰਫ਼ ਇਤਨਾ ਦੁਸਾਹਸੀ ਹੋ ਚੁੱਕਿਆ ਸੀ ਕਿ ਆਪਣੀ ਫੌਜ ਨੂੰ ਹੱਲਾਸ਼ੇਰੀ ਦੇਣ ਖ਼ਾਤਿਰ ਕੰਟਰੋਲ ਰੇਖਾ ਪਾਰ ਕਰ ਕੇ ਇਕ ਰਾਤ ਵੀ ਭਾਰਤੀ ਖੇਤਰ ’ਚ ਬਿਤਾਈ।
ਇਸ ਤੋਂ ਅਸਚਰਜ ਵਾਲੀ ਅਤੇ ਦੇਸ਼ ਲਈ ਚਿੰਤਾਜਨਕ ਘਟਨਾ ਹੋਰ ਕੀ ਹੋ ਸਕਦੀ ਕਿ ਗੁਆਂਢੀ ਮੁਲਕ ਦੇ ਸੈਨਾ ਮੁਖੀ ਨੇ ਸਾਡੀ ਧਰਤੀ ’ਤੇ ਰਾਤ ਬਿਤਾਈ ਹੋਵੇ ਤੇ ਸਾਡੀ ਖ਼ੁਫ਼ੀਆ ਤੰਤਰ ਪ੍ਰਣਾਲੀ ਨੂੰ ਸੂਹ ਵੀ ਨਹੀਂ ਲੱਗਣ ਦਿੱਤੀ। ਭਾਰਤੀ ਫੌਜ ਨੂੰ ਪਾਕਿਸਤਾਨ ਫੌਜ ਦੀ ਮੌਜੂਦਗੀ ਬਾਰੇ ਪਹਿਲੀ ਖਬ਼ਰ ਗੁੱਜਰ ਬਕਰਵਾਲ ਤੋਂ 3 ਮਈ ਨੂੰ ਮਿਲੀ ਸੀ।
ਅਨੇਕ ਔਕੜਾਂ, ਲੋੜੀਂਦੇ ਸਾਜ਼ੋ-ਸਾਮਾਨ ਤੇ ਅਸ਼ਤਰ-ਸ਼ਸਤਰ ਦੀ ਘਾਟ ਦੇ ਬਾਵਜੂਦ ਭਾਰਤੀ ਫੌਜ ਦੇ ਨਿਧੜਕ ਸੂਰਬੀਰਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ 16000 ਫੁੱਟ ਦੀਆਂ ਬੁਲੰਦੀਆਂ ਵਾਲੇ ਟਾਈਗਰ ਹਿੱਲ ਸਮੂਹ ਤੋਂ ਦੁਸ਼ਮਣ ਨੂੰ ਖਦੇੜਦਿਆਂ 6 ਜੁਲਾਈ ਨੂੰ ਤਿਰੰਗਾ ਝੰਡਾ ਲਹਿਰਾ ਦਿੱਤਾ। 8 ਸਿੱਖ ਬਟਾਲੀਅਨ ਤੇ 18 ਗ੍ਰਿਨੇਡੀਅਰ ਦੀ ਮੁਢਲੀ ਕਾਮਯਾਬੀ ਤੋਂ ਬਾਅਦ ਵੈਰੀਆਂ ਨੂੰ ਕਾਰਗਿਲ ਦੇ ਸਬ-ਸੈਕਟਰ ਮਸ਼ਕੋਹ ਘਾਟੀ, ਦਰਾਸ, ਕਾਕਸਰ ਅਤੇ ਬਟਾਲਿਕ ਦੀਆਂ ਤਿੱਖੀਆਂ ਚੁਣੌਤੀਆਂ ਭਰਪੂਰ ਪਹਾੜੀਆਂ ਤੋਂ ਦੁਸ਼ਮਣ ਦਾ ਸਫ਼ਾਇਆ ਕਰਦਿਆਂ ‘ਵਿਜੈ’ ਦਾ ਡੰਕਾ ਵਜਾਇਆ। ਇਸ ਲੜਾਈ ਦੌਰਾਨ 527 ਅਫਸਰ ਜੇਸੀਓਜ਼ ਤੇ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਅਤੇ 1363 ਜ਼ਖ਼ਮੀ ਹੋਏ। ਭਾਰਤੀ ਫੌਜ ਨੂੰ ਸਰਕਾਰ ਨੇ ਐੱਲਓਸੀ ਪਾਰ ਕਰਨ ਦੀ ਇਜਾਜ਼ਤ ਨਾ ਦਿੱਤੀ।
ਅੱਜ 26 ਜੁਲਾਈ ਨੂੰ 25 ਸਾਲ ਪਹਿਲਾਂ ਵਾਲੀ ਇਸ ਸ਼ਾਨਦਾਰ ਜਿੱਤ ਨੂੰ ਯਾਦ ਕਰਦਿਆਂ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ।
ਫਿਰ ਸਬਕ ਕੀ ਸਿੱਖਿਆ?
ਕਾਰਗਿਲ ਜਾਂਚ ਕਮੇਟੀ ਅਤੇ ‘ਗਰੁੱਪ ਆਫ ਮਨਿਸਟਰਜ਼’ (ਜੀਓਐੱਮ) ਦੀ ਜਾਂਚ ਦੌਰਾਨ ਦੇਸ਼ ਦੀ ਸੁਰੱਖਿਆ ਪੱਖੋਂ ਬਹੁਤ ਸਾਰੀਆਂ ਊਣਤਾਈਆਂ ਸਾਹਮਣੇ ਆਈਆਂ। ਇਹ ਵੀ ਸਿੱਧ ਹੋਇਆ ਕਿ ਰਾਅ (RAW) ਸਮੇਤ ਭਾਰਤ ਦਾ ਸਮੁੱਚਾ ਖ਼ੁਫ਼ੀਆ ਤੰਤਰ ਪਾਕਿਸਤਾਨ ਦੀ ਯੁੱਧ ਕਲਾ ਸਬੰਧੀ ਮਨਸੂਬਿਆਂ ਬਾਰੇ ਕੋਈ ਵੀ ਅਗਾਊਂ ਸੂਹ ਦੇਣ ਵਿਚ ਅਸਮਰੱਥ ਰਿਹਾ। ਇਹ ਮੁੱਦਾ ਵੀ ਉਭਰ ਕੇ ਸਾਹਮਣੇ ਆਇਆ ਕਿ ਕਾਰਗਿਲ ਵਰਗੀ ਹਾਲਤ ਨਾਲ ਨਜਿੱਠਣ ਵਾਸਤੇ ਫ਼ੌਜ ਬਿਲਕੁਲ ਤਿਆਰ ਨਹੀਂ ਸੀ ਤੇ ਫਿਰ ਅਮਲੇ-ਫੈਲੇ ਦੀ ਘਾਟ ਕਾਰਨ ਵੀ ਕਾਰਗਿਲ ਸੈਕਟਰ ਵੱਲ ਕੂਚ ਕਰਦੀਆਂ ਫ਼ੌਜਾਂ ਦੇ ਹਾਲਾਤ ਤਕਰੀਬਨ 1962 ਵਿਚ ਭਾਰਤ ਚੀਨ ਜੰਗ ਵਾਲੇ ਹੀ ਸਨ। ਉੱਚ ਪਰਬਤੀ ਇਲਾਕਿਆਂ ’ਚ ਇਸਤੇਮਾਲ ਹੋਣ ਵਾਲੇ ਸਾਜ਼ੋ-ਸਾਮਾਨ, ਹਥਿਆਰ, ਗੋਲਾ-ਬਾਰੂਦ ਦੀ ਘਾਟ ਦੇ ਨਾਲ-ਨਾਲ ਖਾਸ ਕਿਸਮ ਦੀਆਂ ਵਰਦੀਆਂ ਦੀ ਘਾਟ ਵੀ ਸੀ। ਪਲਟਨਾਂ ਨੂੰ ਬਗੈਰ ਅਨੁਕੂਲ ਵਾਤਾਵਰਨ ਪੈਦਾ ਕੀਤੇ ਕਾਰਗਿਲ ਇਲਾਕੇ ’ਚ ਤੇਜ਼ੀ ਨਾਲ ਭੇਜਿਆ ਗਿਆ।
ਉਸ ਸਮੇਂ ਦੇ ਭਾਰਤੀ ਸੈਨਾ ਮੁਖੀ ਜਨਰਲ ਵੀਪੀ ਮਲਿਕ ਨੇ ਆਪਣੀ ਕਿਤਾਬ ‘ਸਰਪਰਾਈਜ਼ ਟੂ ਵਿਕਟਰੀ’ ਵਿੱਚ ਦਰਜ ਕੀਤਾ ਕਿ ਕਾਰਗਿਲ ਲੜਾਈ ਚੁਣੌਤੀਆਂ ਭਰਪੂਰ ਵਾਤਾਵਰਨ ’ਚ ਲੜੀ ਗਈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਗੋਲਾ ਬਾਰੂਦ, ਉਪਕਰਨ, ਸੰਚਾਰ ਸਾਧਨ, ਸਾਜ਼ੋ-ਸਾਮਾਨ ਦੀ ਅਤਿਅੰਤ ਘਾਟ ਦਾ ਜਿ਼ਕਰ ਕੀਤਾ। ਫਿਰ ਇਹ ਵੀ ਕਿਹਾ ਕਿ ਜੋ ਸਾਡੇ ਪਾਸ ਹੈ, ਅਸੀਂ ਉਸ ਨਾਲ ਹੀ ਲੜਾਂਗੇ, ਲੜ ਕੇ ਦਿਖਾਇਆ ਤੇ ਜਿੱਤ ਹਾਸਲ ਕੀਤੀ।
ਜੀਓਐੱਮ ਦੀਆਂ ਸਿ਼ਫਾਰਸਾਂ ਨੂੰ ਕਿਸੇ ਹੱਦ ਤੱਕ ਲਾਗੂ ਕਰ ਦਿੱਤਾ ਗਿਆ ਹੈ ਜਿਵੇਂ ਇਲਾਕੇ ਦਾ ਬਹੁਪੱਖੀ ਵਿਕਾਸ, ਅਪਰੇਸ਼ਨ ਸਮੇਂ ਕਾਰਗਿਲ ਵਿੱਚ ਇਕ ਬ੍ਰਿਗੇਡ ਦੀ ਕਮੀ ਸੀ ਜਿਸ ਨੂੰ ਇਕ ਡਿਵੀਜ਼ਨ ਤੱਕ ਵਧਾ ਦਿੱਤਾ ਗਿਆ। ਸੀਡੀਐੱਸ ਦੀ ਨਿਯੁਕਤੀ ਤਾਂ 2020 ’ਚ ਹੋਈ ਪਰ ਹਥਿਆਰਬੰਦ ਸੈਨਾਵਾਂ ਦੇ ਏਕੀਕਰਨ ਨਾਲ ਫ਼ੌਜ ਤੇ ਲਾਲ ਫੀਤਾਸ਼ਾਹੀ ਦਰਮਿਆਨ ਗੱਠਜੋੜ ਦੀ ਘਾਟ ਅਜੇ ਵੀ ਮਹਿਸੂਸ ਹੋ ਰਹੀ ਹੈ।
ਚਿੰਤਾਜਨਕ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਕਾਰਗਿਲ ਦੇ ਸਮੇਂ ਵਾਲੀਆਂ ਸੁਰੱਖਿਆ ਕਮਜ਼ੋਰੀਆਂ ਤੋਂ ਸਬਕ ਨਾ ਸਿੱਖਿਆ। ਦਸੰਬਰ 2001 ’ਚ ਪਾਰਲੀਮੈਂਟ ’ਤੇ ਹਮਲਾ, ਫਿਰ 26 ਨਵੰਬਰ 2008 ਨੂੰ ਪਾਕਿਸਤਾਨੀ ਦਹਿਸ਼ਤਗਰਦ ਕਰਾਚੀ ਤੋਂ ਚਲ ਕੇ 300 ਕਿਲੋਮੀਟਰ ਸਮੁੰਦਰੀ ਸਫ਼ਰ ਤੈਅ ਕਰ ਕੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਤਾਜ ਹੋਟਲ ਤੱਕ ਪਹੰੁਚ ਗਏ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ। ਇਹੋ ਕੁਝ ਗਲਵਾਨ ਘਾਟੀ ਸਮੇਂ ਪੀਐੱਲਏ ਪੈਂਗੌਂਗ ਤਸੋ ਝੀਲ ਤੱਕ ਪਹੁੰਚ ਗਏ ਤੇ ਸੂਹ ਫਿਰ ਵੀ ਨਹੀਂ ਮਿਲੀ। ਫੌਜ ਦੀਆਂ ਜਿ਼ੰਮੇਵਾਰੀਆਂ ਵਧ ਰਹੀਆਂ ਹਨ ਤੇ ਨਫ਼ਰੀ ਘਟ ਰਹੀ ਹੈ।
ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਵਾਲੀ ਰਵਾਇਤ ਅਤੇ ਅਤਿਵਾਦੀਆਂ ਨੂੰ ਸਿਖਲਾਈ ਦੇ ਕੇ ਭਾਰਤ ’ਚ ਅਸਥਿਰਤਾ ਵਾਲਾ ਮਾਹੌਲ ਪੈਦਾ ਕਰਨ ਦਾ ਸਿਲਸਿਲਾ ਦੇਸ਼ ਦੀ ਵੰਡ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਿਆ। ਸਮਝੌਤੇ ਤੇ ਇਕਰਾਰਨਾਮੇ ਵੀ ਹੋਏ ਪਰ ਪਾਕਿਸਤਾਨ ਇਕ ਹਜ਼ਾਰ ਕੱਟ ਲਾਉਣ ਵਾਲੀ ਨੀਤੀ ’ਤੇ ਬਰਕਰਾਰ ਹੈ। ਜੰਮੂ ਕਸ਼ਮੀਰ ਵਿਸ਼ੇਸ਼ ਤੌਰ ’ਤੇ ਜੰਮੂ, ਡੋਡਾ, ਰਿਆਸੀ, ਰਾਜੌਰੀ, ਪੁਣਛ ਇਲਾਕੇ ’ਚ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ਪਾਕਿਸਤਾਨ ਦੇ ਨਾਪਾਕ ਇਰਾਦੇ ਸਿੱਧ ਕਰਦੀਆਂ ਹਨ। ਖ਼ਤਰਾ ਤਾਂ ਅੰਦਰੋ-ਅੰਦਰੀ ਹੀ ਹੈ। ਜਦੋਂ ਤੱਕ ਅਤਿਵਾਦੀਆਂ ਨੂੰ ਲੋਕਲ ਇਮਦਾਦ ਨਹੀਂ ਹੋਵੇਗੀ, ਇਹ ਕਾਮਯਾਬ ਹੀ ਨਹੀਂ ਹੋ ਸਕਦੇ। ਸੂਚਨਾ ਪ੍ਰਣਾਲੀ ਦੀ ਅਣਗਹਿਲੀ ਅਤੇ ਕਿਸੇ ਹੱਦ ਤੱਕ ਸ਼ਮੂਲੀਅਤ ਬਾਰੇ ਸ਼ੱਕ ਪੈਦਾ ਹੋ ਰਹੇ ਹਨ।
ਪਾਕਿਸਤਾਨ ਦੇ ਸਿਆਸੀ ਕਲੇਸ਼, ਅਫ਼ਗਾਨਿਸਤਾਨ ਬਾਰਡਰ ’ਤੇ ਫੌਜ ਦੀ ਤਾਇਨਾਤੀ, ਮੰਦੇ ਆਰਥਿਕ ਹਾਲਾਤ ਦੇ ਮੱਦੇਨਜ਼ਰ ਕਾਰਗਿਲ ਵਰਗੀ ਹਾਲਤ ਭਾਵੇਂ ਪੈਦਾ ਹੋਣ ਦੇ ਸੰਕੇਤ ਨਹੀਂ ਪਰ ਸਰਕਾਰ ਨੂੰ ਖ਼ੁਫ਼ੀਆ ਤੰਤਰ ਮਜ਼ਬੂਤ ਕਰ ਕੇ ਫੌਜ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੋਵੇਗੀ।
ਸੰਪਰਕ: 98142-45151