ਕਿਸੇ ਵੀ ਸਰਕਾਰ ਜਾਂ ਸਿਆਸੀ ਪਾਰਟੀ ਤੋਂ ਫੰਡ ਨਹੀਂ ਲਏ: ਸਿੰਘਮ
ਨਵੀਂ ਦਿੱਲੀ, 17 ਅਕਤੂਬਰ
ਅਮਰੀਕੀ ਧਨਾਢ ਨੈਵਿਲੇ ਰੌਏ ਸਿੰਘਮ ਨੇ ਚੀਨ ਤੇ ਚੀਨ ਦੀ ਕਮਿਊਨਿਸਟ ਪਾਰਟੀ ਸਣੇ ਕਿਸੇ ਵੀ ਸਰਕਾਰ ਜਾਂ ਸਿਆਸੀ ਪਾਰਟੀ ਤੋਂ ਫੰਡ ਜਾਂ ਹਦਾਇਤਾਂ ਮਿਲਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਿੰਘਮ ’ਤੇ ਭਾਰਤ ਵਿੱਚ ਚੀਨ ਪੱਖੀ ਪ੍ਰਾਪੇਗੰਡੇ ਦੇ ਪ੍ਰਚਾਰ ਪਾਸਾਰ ਦਾ ਦੋਸ਼ ਹੈ। ਸਿੰਘਮ, ਜੋ ਇਸ ਵੇਲੇ ਸ਼ੰਘਾਈ ਵਿੱਚ ਰਹਿ ਰਿਹਾ ਹੈ, ਨੇ ‘ਦਿ ਹਿੰਦੂ’ ਅਖ਼ਬਾਰ ਨੂੰ ਦਿੱਤੇ ਇਕ ਬਿਆਨ ਵਿੱਚ ਕਿਹਾ ਕਿ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਦਰਜ ਐੱਫਆਈਆਰ ਵਿੱਚ ਵਰਤੀ ਭਾਸ਼ਾ ਦਰਸਾਉਂਦੀ ਹੈ ਕਿ ਇਸ ਵਿਚ ਕੀਤੇ ਦਾਅਵੇ ‘ਦਿ ਨਿਊ ਯਾਰਕ ਟਾਈਮਜ਼’ ਵਿੱਚ ਪ੍ਰਕਾਸ਼ਿਤ ਮਜ਼ਮੂਨ ਦੀ ਗ਼ਲਤ ਜਾਣਕਾਰੀ ਤੋਂ ਪ੍ਰਭਾਵਿਤ ਹਨ। ਸਿੰਘਮ ਨੇ ਕਿਹਾ ਕਿ ਉਸ ਨੇ ਮਜ਼ਮੂਨ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਪਹਿਲਾਂ 22 ਜੁਲਾਈ 2023 ਨੂੰ ਕੁਝ ਤੱਥ ਉਪਲੱਬਧ ਕਰਵਾਏ ਸਨ, ਪਰ ‘ਨਿਊ ਯਾਰਕ ਟਾਈਮਜ਼’ ਨੇ ਗਿਣਮਿੱਥ ਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ। ਸਿੰਘਮ ਨੇ ‘ਕਈ ਐਂਟਿਟੀਜ਼ ਦੇ ਗੁੰਝਲਦਾਰ ਵੈੱਬ’ ਰਾਹੀਂ ਫੰਡਾਂ ਦੇ ਲੈਣ-ਦੇਣ ਦੇ ਦੋਸ਼ਾਂ, ਜਨਿ੍ਹਾਂ ਦਾ ਐੱਫਆਈਆਰ ਤੇ ‘ਨਿਊ ਯਾਰਕ ਟਾਈਮਜ਼’ ਦੇ ਮਜ਼ਮੂਨ ਵਿੱਚ ਜ਼ਿਕਰ ਹੈ, ਨੂੰ ਵੀ ਖਾਰਜ ਕਰ ਦਿੱਤਾ। ਸਿੰਘਮ ਨੇ ਪਾਬੰਦੀਸ਼ੁਦਾ ਜਥੇਬੰਦੀ ਨਾਲ ਕੰਮ ਕਰਕੇ ਭਾਰਤੀ ਜਾਂ ਅਮਰੀਕੀ ਕਾਨੂੰਨ ਤੋੜਨ ਦੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ। ਸਿੰਘਮ ਨੇ ਕਿਹਾ, ‘‘ਮੈਂ ਐੱਫਆਈਆਰ ਵਿੱਚ ਖ਼ੁਦ ਨੂੰ ਚੀਨੀ ਟੈਲੀਕਾਮ ਕੰਪਨੀਆਂ ਸ਼ਿਓਮੀ ਤੇ ਵੀਵੋ ਨਾਲ ਜੋੜੇ ਜਾਣ ਦੀਆਂ ਹਾਸੋਹੀਣੀਆਂ ਕੋਸ਼ਿਸ਼ਾਂ ਤੋਂ ਹੈਰਾਨ ਹਾਂ। ਮੈਨੂੰ ਉਨ੍ਹਾਂ ਦੀਆਂ ਭਾਰਤ ਵਿਚਲੀਆਂ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਂ ਉਨ੍ਹਾਂ ਨਾਲ ਕਦੇ ਕੋਈ ਸੰਪਰਕ ਨਹੀਂ ਕੀਤਾ ਤੇ ਨਾ ਹੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਕੋਈ ਫੰਡ ਹਾਸਲ ਕੀਤੇ ਹਨ।’’ ਦੱਸ ਦੇਈਏ ਕਿ ਨਿਊ ਯਾਰਕ ਟਾਈਮਜ਼ ਦੇ ਮਜ਼ਮੂਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਿਊਜ਼ਕਲਿੱਕ ਉਸ ਆਲਮੀ ਨੈੱਟਵਰਕ ਦਾ ਹਿੱਸਾ ਸੀ, ਜਿਸ ਨੂੰ ਭਾਰਤ ਵਿੱਚ ਚੀਨੀ ਪ੍ਰਾਪੇਗੰਡੇ ਦੇ ਪ੍ਰਚਾਰ ਪਾਸਾਰ ਲਈ ਸਿੰਘਮ ਕੋਲੋਂ ਫੰਡ ਮਿਲੇ ਸਨ। -ਪੀਟੀਆਈ