ਡਾਇਮੰਡ ਲੀਗ ਸੈਸ਼ਨ: ਫਾਈਲ ’ਚ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੇ ਚੋਪੜਾ ਤੇ ਸਾਬਲੇ
ਬਰੱਸਲਜ਼, 12 ਸਤੰਬਰ
ਨੇਜ਼ਾ ਸੁੱਟ ਸਟਾਰ ਨੀਰਜ ਚੋਪੜਾ ਅਤੇ ਸਟੀਪਲਚੇਜ਼ ਖਿਡਾਰੀ ਅਵਿਨਾਸ਼ ਸਾਬਲੇ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਡਾਇਮੰਡ ਲੀਗ ਸੈਸ਼ਨ ਦੇ ਫਾਈਨਲ ਵਿੱਚ ਦੁਨੀਆ ਦੇ ਮਸ਼ਹੂਰ ਖਿਡਾਰੀਆਂ ਸਾਹਮਣੇ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਪਹਿਲੀ ਵਾਰ ਡਾਇਮੰਲ ਲੀਗ ਫਾਈਨਲ ਦੋ ਦਿਨ ਵਿੱਚ ਹੋਵੇਗਾ ਜਿਸ ਵਿੱਚ ਓਲੰਪਿਕ ਤਗ਼ਮਾ ਜੇਤੂਆਂ ਸਣੇ ਦੁਨੀਆ ਦੇ ਚੋਟੀ ਦੇ ਖਿਡਾਰੀ 32 ਮੁਕਾਬਲਿਆਂ ਵਿੱਚ ਭਾਗ ਲੈਣਗੇ। ਪੋਲ ਵਾਲਟ ਰਿਕਾਰਡਧਾਰਮਕ ਅਰਮਾਂਡ ਡੂ ਪਲਾਂਟਿਸ, ਅਮਰੀਕਾ ਦਾ ਸਪਰਿੰਟ ਦੌੜਾਕ ਸ਼ਾ ਕਾਰੀ ਰਿਚਰਡਸਨ ਅਤੇ ਅੜਿੱਕਾ ਦੌੜ ਸਟਾਰ ਸਿਡਨੀ ਮੈਕਲਾਗਲਿਨ ਲੈਵਰੋਨ ਇਸ ਵਿੱਚ ਨਜ਼ਰ ਆਉਣਗੇ। ਕੌਮੀ ਰਿਕਾਰਡਧਾਰਕ 3000 ਮੀਟਰ ਸਟੀਪਲਚੇਜ਼ ਖਿਡਾਰੀ ਸਾਬਲੇ ਪੈਰਿਸ ਓਲੰਪਿਕ ਵਿੱਚ 11ਵੇਂ ਸਥਾਨ ’ਤੇ ਰਿਹਾ ਸੀ। ਉਹ ਪਹਿਲੀ ਵਾਰ ਡਾਇਮੰਡ ਲੀਗ ਸੈਸ਼ਨ ਦੇ ਫਾਈਨਲ ਵਿੱਚ ਹਿੱਸਾ ਲਵੇਗਾ ਅਤੇ ਉਸ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਹੈ।
ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮੇ ਤੋਂ ਬਾਅਦ ਪੈਰਿਸ ਵਿੱਚ ਚਾਂਦੀ ਤਗ਼ਮਾ ਜਿੱਤਣ ਵਾਲਾ ਨੀਰਜ ਚੋਪੜਾ ਸ਼ਨਿਚਰਵਾਰ ਨੂੰ ਮੈਦਾਨ ਵਿੱਚ ਉਤਰੇਗਾ। ਡਾਇਮੰਡ ਲੀਗ ਫਾਈਨਲ ਵਿੱਚ ਪਹਿਲੀ ਵਾਰ ਦੋ ਭਾਰਤੀ ਖਿਡਾਰੀ ਭਾਗ ਲੈਣਗੇ। -ਪੀਟੀਆਈ