ਗੁਆਂਢੀ ਮੁਲਕਾਂ ਨਾਲ ਸੰਵਾਦ ਬੰਦ ਨਹੀਂ ਹੋਣਾ ਚਾਹੀਦਾ: ਮਨੀ ਸ਼ੰਕਰ ਅਈਅਰ
ਚੰਡੀਗੜ੍ਹ, 2 ਦਸੰਬਰ
ਸਾਬਕਾ ਕੇਂਦਰੀ ਮੰਤਰੀ ਤੇ ਆਈਐਫਐੱਸ ਅਧਿਕਾਰੀ ਰਹੇ ਕਾਂਗਰਸੀ ਨੇਤਾ ਮਨੀ ਸ਼ੰਕਰ ਅਈਅਰ ਨੇ ਅੱਜ ਇੱਥੇ ਕਿਹਾ ਕਿ ਸੰਵਾਦ ਨਾਲ ਹਰ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਇਹ ਕਦੇ ਵੀ ਬੰਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਗਲਵਾਨ ਮਸਲੇ ’ਤੇ ਚੀਨੀ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਰੱਖੀ ਜਾ ਸਕਦੀ ਹੈ ਤਾਂ ਪਾਕਿਸਤਾਨ ਨਾਲ ਗੱਲਬਾਤ ਬੰਦ ਰੱਖਣਾ ਗਲਤ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਨੀ ਸ਼ੰਕਰ ਅਈਅਰ ਨੇ ਵੀਡੀਓ ਕਾਨਫਰੰਸਿੰਗ ਰਾਹੀ ਮਿਲਟਰੀ ਲਿਟਰੇਚਰ ਫੈਸਟੀਵਲ ਨੂੰ ਸੰਬੋਧਨ ਕਰਦਿਆਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਹੋਵੇ ਜਾਂ ਚੀਨ ਦੋਵਾਂ ਦੇਸ਼ਾਂ ਨਾਲ ਸਾਡੇ ਕੂਟਨੀਤਕ ਰਿਸ਼ਤੇ ਖਤਮ ਨਹੀਂ ਹੋਣੇ ਚਾਹੀਦੇ ਹਨ। ਇਸ ਲਈ ਪਾਕਿਸਤਾਨ ’ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਅਜੈ ਬਿਸਾਰੀਆ ਨੇ ਕਿਹਾ ਕਿ ਸਾਲ 1988 ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਪੇਈਚਿੰਗ ਦੌਰੇ ’ਤੇ ਗਏ ਸਨ। ਉਸ ਸਮੇਂ ਦੋਵਾਂ ਦੇਸ਼ਾਂ ਵਿਚਕਾਰ ਕਈ ਸਮਝੌਤੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਾਲ 2016 ਤੋਂ ਪਹਿਲਾਂ ਪਾਕਿਸਤਾਨ ਨਾਲ ਲਗਾਤਾਰ ਗੱਲਬਾਤ ਹੁੰਦੀ ਰਹੀ ਹੈ, ਪਰ ਪੁਲਵਾਮਾ, ਬਾਲਾਕੋਟ ਤੇ ਫੇਰ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਗੱਲਬਾਤ ਬਿਲਕੁਲ ਬੰਦ ਹੋ ਗਈ ਹੈ।
ਸਾਬਕਾ ਸੈਨਾ ਅਧਿਕਾਰੀਆਂ ਨੇ ਯੂਕਰੇਨ-ਰੂਸ ਜੰਗ ’ਤੇ ਰੱਖੇ ਵਿਚਾਰ
ਚੰਡੀਗੜ੍ਹ: ਯੂਕਰੇਨ ਤੇ ਰੂਸ ਦੀ ਲੜਾਈ ’ਚ ਭਾਰਤ ਵੱਲੋਂ ਸਿਖੇ ਜਾਣ ਵਾਲੇ ਫੌਜੀ ਤੇ ਰਾਜਨੀਤਕ ਸਬਕਾਂ ਬਾਰੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਕਮਾਂਡੈਂਟ ਲੈਫਟੀਨੈਂਟ ਜਨਰਲ ਪ੍ਰਕਾਸ਼ ਮੇਨਨ ਨੇ ਕਿਹਾ ਕਿ ਅੱਜ ਦੀ ਲੜਾਈ ਵਿੱਚ ਸਿਰਫ਼ ਫੌਜ ਹੀ ਨਹੀਂ ਬਲਕਿ ਸਰਕਾਰ ਵੀ ਸ਼ਾਮਲ ਹੁੰਦੀ ਹੈ। ਇਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਫੌਜ ਦੇ ਅਧਿਕਾਰੀਆਂ ਨੇ ਇਹ ਵਿਸ਼ਵਾਸ ਦਿਵਾਉਣ ਲਈ ਗੁਮਰਾਹ ਕੀਤਾ ਹੋਵੇਗਾ ਕਿ ਇਹ ਲੜਾਈ ਰੂਸ ਲਈ ਆਸਾਨ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਵਿਰੋਧੀਆਂ ਨਾਲ ਵਿਵਾਦਾਂ ਨੂੰ ਸੁਲਝਾਉਣ ਲਈ ਬਲ ਦੀ ਥਾਂ ਗੱਲਬਾਤ ਦੀ ਵਰਤੋਂ ਕਰਨੀ ਚਾਹੀਦੀ ਹੈ। ਬ੍ਰਿਗੇਡੀਅਰ ਦੀਪਕ ਚੌਬੇ ਨੇ ਕਿਹਾ ਕਿ ਹੁਣ ਲੜਾਈ ਦਾ ਰੂਪ ਬਦਲ ਚੁੱਕਾ ਹੈ। ਜੇਕਰ ਹੁਣ ਜੰਗ ਹੁੰਦੀ ਹੈ ਤਾਂ ਉਸ ਵਿੱਚ ਵਰਦੀਧਾਰੀਆਂ ਦੇ ਨਾਲ-ਨਾਲ ਘਰ ਬੈਠੇ ਆਮ ਲੋਕ ਵੀ ਸ਼ਾਮਲ ਹੋਣਗੇ।