ਪੰਜਾਬੀ ਵਿਭਾਗ ਵੱਲੋਂ ‘ਸਾਹਿਤ ਸ਼ਬਦ ਸੰਸਾਰ’ ਪੁਸਤਕ ’ਤੇ ਸੰਵਾਦ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਆਰੰਭੀ ਮਹੀਨਾਵਾਰ ਸਾਹਿਤਕ ਮਿਲਣੀ ‘ਸਾਹਿਤ ਸੰਵਾਦ’ ਦੀ ਲੜੀ ਤਹਿਤ ਦੂਜਾ ਸਮਾਗਮ ਰਾਜੇਸ਼ ਸ਼ਰਮਾ ਦੀ ਕਿਤਾਬ ‘ਸਾਹਿਤ ਸ਼ਬਦ ਸੰਸਾਰ’ ਬਾਰੇ ਕਰਵਾਇਆ ਗਿਆ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ‘ਸਾਹਿਤ ਸੰਵਾਦ’ ਨਾਮੀ ਇਸ ਸਮਾਗਮ ਦਾ ਮਨੋਰਥ ਵਿਭਾਗ ਦੇ ਸਮੂਹ ਵਿਦਿਆਰਥੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ, ਹਰ ਵਾਰ ਕਿਸੇ ਮਿਆਰੀ ਟੈਕਸਟ ਬਾਰੇ ਸੰਜੀਦਾ ਸੰਵਾਦ ਰਚਾਉਣ ਦੀ ਪਿਰਤ ਪੈਦਾ ਕਰਨਾ ਹੈ। ਸਮਾਗਮ ਦੇ ਕੋਆਰਡੀਨੇਟਰ ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਰਾਜੇਸ਼ ਸ਼ਰਮਾ ਦੀ ਕਿਤਾਬ ਸਾਨੂੰ ਟੈਕਸਟ ਨੂੰ ਨਵੇਂ ਸਿਰਿਓਂ ਪੜ੍ਹਨ, ਵਾਚਣ ਦਾ ਤਰੀਕਾ ਵੀ ਦੱਸਦੀ ਹੈ ਤੇ ਨਾਲ ਹੀ ਬਹੁਤੇ ਸਾਰੇ ਪੱਛਮੀ ਸਾਹਿਤ ਸਿਧਾਂਤਾਂ ਨੂੰ ਕਾਟੇ ਹੇਠ ਵੀ ਰੱਖਦੀ ਹੈ।
ਇਸ ਕਿਤਾਬ ’ਤੇ ਤਿੰਨ ਖੋਜਾਰਥੀਆਂ ਕਰਮਜੀਤ ਕੌਰ, ਹਰਮਨਜੋਤ ਕੌਰ ਤੇ ਹਰਕਮਲਪ੍ਰੀਤ ਸਿੰਘ ਨੇ ਖੋਜ-ਪੱਤਰ ਪੜ੍ਹੇ। ਕਰਮਜੀਤ ਕੌਰ ਨੇ ਕਿਹਾ ਕਿ ਇਹ ਕਿਤਾਬ ਫਿਕਰਮੰਦੀ ਜ਼ਾਹਰ ਕਰਦੀ ਹੈ ਕਿ ਸਾਡੀ ਸਮੀਖਿਆ ਨੇ ਭਾਰਤੀ ਕਾਵਿ ਸ਼ਾਸਤਰੀ ਚਿੰਤਨ ਨੂੰ ਅਣਗੌਲਿਆ ਕਰੀ ਰੱਖਿਆ। ਹਰਮਨਜੋਤ ਕੌਰ ਨੇ ਕਿਤਾਬ ਦੇ ਵੱਖ-ਵੱਖ ਖੰਡਾਂ ਵਿਚ ਪੇਸ਼ ਵਿਚਾਰਾਂ ਤੇ ਨੁਕਤਿਆਂ ਨੂੰ ਉਭਾਰਦਿਆਂ ਕਿਹਾ ਕਿ ਰਾਜੇਸ਼ ਸ਼ਰਮਾ ਦੀ ਲਿਖਤ ਅਤੇ ਚਿੰਤਨ ’ਤੇ ਸੱਤਾ ਦੇ ਪ੍ਰਭਾਵ ਬਾਰੇ ਵਾਰ-ਵਾਰ ਚਿੰਤਾ ਜ਼ਾਹਿਰ ਕਰਦੇ ਹਨ। ਤੀਸਰੇ ਬੁਲਾਰੇ ਹਰਕਮਲਪ੍ਰੀਤ ਸਿੰਘ ਨੇ ਕਿਹਾ ਕਿ ਰਾਜੇਸ਼ ਸ਼ਰਮਾ ਨੇ ਟੈਕਸਟ ਨੂੰ ਪੜ੍ਹਨ ਬਾਰੇ ਬਹੁਤ ਸਾਰੇ ਪੱਛਮੀ ਸਾਹਿਤ ਸਿਧਾਤਾਂ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਚਿੰਤਾ ਜਤਾਈ ਹੈ ਕਿ ਸਾਹਿਤ ਸਿਧਾਤਾਂ ਨੇ ਆਲੋਚਨਾ ਨੂੰ ਫਿੱਕੀ ਤੇ ਨੀਰਸ ਬਣਾ ਦਿੱਤਾ ਹੈ।