ਦਿੱਲੀ ਯੂਨੀਵਰਸਿਟੀ ਵਿੱਚ ‘ਕਿਤਾਬਾਂ ਦੀ ਕਿਤਾਬ’ ’ਤੇ ਸੰਵਾਦ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸ਼ੁਰੂ ਕੀਤੀ ਮਹੀਨਾਵਾਰ ਸਾਹਿਤਕ ਮਿਲਣੀ ‘ਸਾਹਿਤ ਸੰਵਾਦ’ ਦੀ ਲੜੀ ਤਹਿਤ ਤੀਸਰਾ ਸਮਾਗਮ ਸੁਭਾਸ਼ ਪਰਿਹਾਰ ਦੀ ਪੁਸਤਕ ‘ਕਿਤਾਬਾਂ ਦੀ ਕਿਤਾਬ’ ਬਾਰੇ ਕਰਵਾਇਆ ਗਿਆ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ, ‘ਅਸੀਂ ਸਿਰਫ ਕਿਸੇ ਇਕ ਭਾਸ਼ਾ ਰਾਹੀਂ ਵਿਕਾਸ ਨਹੀਂ ਕਰ ਸਕਦੇ। ਸਾਨੂੰ ਆਪਣੀ ਭਾਸ਼ਾ ਨੂੰ ਅਮੀਰ ਕਰਨ ਲਈ ਦੂਜੀਆਂ ਭਾਸ਼ਾਵਾਂ ਦੇ ਗਿਆਨ ਨਾਲ ਜੁੜਨ ਦੀ ਲੋੜ ਹੈ।’ ਇਸ ਸਮਾਗਮ ਦੇ ਕੋਆਰਡੀਨੇਟਰ ਡਾ. ਬਲਜਿੰਦਰ ਨਸਰਾਲੀ ਨੇ ਕਿਹਾ ਕਿ ਕੁਝ ਕਿਤਾਬਾਂ ਹੀ ਹਨ, ਜੋ ਇਹ ਦੱਸਦੀਆਂ ਹਨ ਕਿ ਵਧੀਆ ਕਿਤਾਬ ਕਿਹੜੀ ਹੈ।
ਇਸ ਕਿਤਾਬ ਉਪਰ ਦੋ ਖੋਜਾਰਥੀਆਂ ਹਰਮਨਗੀਤ ਕੌਰ ਤੇ ਮਨਪ੍ਰੀਤ ਕੌਰ ਨੇ ਖੋਜ-ਪੱਤਰ ਪੜ੍ਹੇ। ਹਰਮਨਗੀਤ ਕੌਰ ਨੇ ਆਪਣੇ ਖੋਜ-ਪੱਤਰ ਵਿਚ ਸੁਭਾਸ਼ ਪਰਿਹਾਰ ਦੀ ਕਿਤਾਬ ਦੀ ਸੰਰਚਨਾ ਬਾਰੇ ਕਈ ਆਲੋਤਚਨਾਤਕ ਨੁਕਤੇ ਉਠਾਏ। ਹਰਮਨਗੀਤ ਦਾ ਮੱਤ ਸੀ ਇਹ ਕਿਤਾਬ ਸਾਹਿਤ ਤੇ ਇਤਿਹਾਸ ਦੇ ਰਲੇ ਮਿਲੇ ਲੇਖਾਂ ਦੀ ਟੁੱਟਵੀਂ ਵਿਉਂਤ ਹੈ ਅਤੇ ਇਸ ’ਚੋਂ ਕੋਈ ਸਾਂਝੀ ਤੰਦ ਨਹੀਂ ਲੱਭਦੀ। ਹਰਮਨਗੀਤ ਨੇ ਕਿਹਾ ਇਸ ਕਿਤਾਬ ਦੀ ਖ਼ਾਸ ਗੱਲ ਇਹ ਹੈ ਕਿ ਇਹ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਦਾ ਵਿਰੋਧ ਕਰਦੀ ਹੈ। ਮਨਪ੍ਰੀਤ ਕੌਰ ਨੇ ਆਪਣੇ ਖੋਜ-ਪੱਤਰ ਵਿਚ ਕਿਹਾ ਕਿ ਸੁਭਾਸ਼ ਪਰਿਵਾਰ ਦੀ ਕਿਤਾਬ ਦੀ ਸਾਂਝੀ ਤੰਦ ਇਹ ਹੈ ਕਿ ‘ਸੰਸਾਰ ਨੂੰ ਥੋੜ੍ਹਾ ਹੋਰ ਮੋਕਲਾ ਕਰੋ।’ ਮਨਪ੍ਰੀਤ ਨੇ ਮੱਤ ਪੇਸ਼ ਕੀਤਾ ਕਿ ਇਹ ਕਿਤਾਬ ਸਾਨੂੰ ਸੌੜੀਆਂ ਪਛਾਣਾਂ ਤੇ ਸੋਚਾਂ ਤੋਂ ਉੱਪਰ ਉਠ ਕੇ ਵਿਚਰਨ ਦਾ ਸੁਨੇਹਾ ਦਿੰਦੀ ਹੈ। ਪਵਨਬੀਰ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਸੁਭਾਸ਼ ਪਰਿਹਾਰ ਦੀ ਇਹ ਗੱਲ ਦਰੁਸਤ ਹੈ ਕਿ ਸਾਨੂੰ ਆਪਣੀ ਬੋਲੀ ਪ੍ਰਤੀ ਉਪਭਾਵਕ ਹੋਣ ਦੀ ਬਜਾਏ ਇਸ ਨੂੰ ਗਿਆਨ ਦੀ ਭਾਸ਼ਾ ਬਣਾਉਣ ਵੱਲ ਯਤਨ ਕਰਨੇ ਚਾਹੀਦੇ ਹਨ। ਡਾ. ਨਛੱਤਰ ਸਿੰਘ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕੀਤਾ।