ਸਾਹਿਤਕ ਮਿਲਣੀ ’ਚ ‘ਰਾਈਟਰਜ਼ ਕਲੋਨੀ’ ਬਾਰੇ ਸੰਵਾਦ
ਕੁਲਦੀਪ ਸਿੰਘ
ਨਵੀਂ ਦਿੱਲੀ, 6 ਦਸੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸ਼ੁਰੂ ਕੀਤੀ ਮਹੀਨਾਵਾਰ ਸਾਹਿਤਕ ਮਿਲਣੀ ‘ਸਾਹਿਤ ਸੰਵਾਦ’ ਦੀ ਲੜੀ ਤਹਿਤ ਚੌਥਾ ਸਮਾਗਮ ਭੂਸ਼ਨ ਦੀ ਪੁਸਤਕ ‘ਰਾਈਟਰਜ਼ ਕਲੋਨੀ’ ਬਾਰੇ ਕਰਵਾਇਆ ਗਿਆ।
ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦਾਂ ’ਚ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੂਜੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਖੋਜਾਰਥੀਆਂ ਨੂੰ ਵੀ ਇਸ ਸਾਹਿਤ ਸੰਵਾਦ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਸਮਾਗਮ ਦੇ ਕੋਆਰਡੀਨੇਟਰ ਡਾ. ਨਛੱਤਰ ਸਿੰਘ ਨੇ ਕਿਤਾਬ ‘ਰਾਈਟਰਜ਼ ਕਾਲੋਨੀ’ ਬਾਰੇ ਬੋਲਦਿਆਂ ਕਿਹਾ ਕਿ ਭੂਸ਼ਨ ਦੀ ਭਾਸ਼ਾ ਉਪਰ ਪਕੜ ਬਹੁਤ ਗਹਿਰੀ ਤੇ ਉਸ ਦੇ ਵਿਅੰਗ ਦੀਆਂ ਕਈ ਅਰਥ ਤੈਆਂ ਹੁੰਦੀਆਂ ਹਨ। ਇਸ ਕਿਤਾਬ ’ਤੇ ਦੋ ਖੋਜਾਰਥੀਆਂ ਅਮਨਦੀਪ ਕੌਰ ਤੇ ਤਰਨਪ੍ਰੀਤ ਕੌਰ ਨੇ ਆਪਣੇ ਖੋਜ-ਪੱਤਰ ਪੜ੍ਹੇ। ਅਮਨਦੀਪ ਕੌਰ ਨੇ ‘ਰਾਈਟਰਜ਼ ਕਾਲੋਨੀ ’ਚ ਵਿਅਕਤੀ ਬਿੰਬ’ ਵਿਸ਼ੇ ਉਪਰ ਆਪਣਾ ਖੋਜ-ਪੱਤਰ ਪੇਸ਼ ਕੀਤਾ। ਉਸ ਨੇ ਰੇਖਾ-ਚਿੱਤਰ ਦੇ ਸਿਧਾਂਤਕ ਪੱਖ ਬਾਰੇ ਗੱਲ ਕਰਦਿਆਂ ਭੂਸ਼ਨ ਦੁਆਰਾ ਕੀਤੀ ਸਖ਼ਸ਼ੀਅਤਾਂ ਦੀ ਚੋਣ ਅਤੇ ਉਨ੍ਹਾਂ ਦੇ ਵਿਅਕਤਿਤਵ ਦੀ ਉਸਾਰੀ ਬਾਰੇ ਚਰਚਾ ਕੀਤੀ। ਅਮਨਦੀਪ ਨੇ ਭੂਸ਼ਨ ਦੀ ਰਚਨਾ ਦ੍ਰਿਸ਼ਟੀ ਬਾਰੇ ਗੱਲ ਕਰਦਿਆਂ ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ ਤੇ ਸ਼ਿਵ ਕੁਮਾਰ ਦੇ ਰੇਖਾ-ਚਿੱਤਰਾਂ ਦੇ ਹਵਾਲੇ ਨਾਲ ਭੂਸ਼ਨ ਦੀ ਵਾਰਤਕ ਕਲਾ ਨੂੰ ਉਭਾਰਿਆ। ‘ਰਾਈਟਰਜ਼ ਕਾਲੋਨੀ’ ਬਾਰੇ ਦੂਸਰਾ ਖੋਜ-ਪੱਤਰ ਤਰਨਪ੍ਰੀਤ ਕੌਰ ਨੇ ਪੇਸ਼ ਕੀਤਾ। ਤਰਨਪ੍ਰੀਤ ਕੌਰ ਨੇ ਕਿਹਾ ਕਿ ਭੂਸ਼ਨ ਮੁਤਾਬਕ ਲੇਖਕ ਦੋ ਤਰ੍ਹਾਂ ਦੇ ਹੁੰਦੇ ਹਨ; ਪਹਿਲੇ ਉਹ ਜੋ ਇਨਾਮਾਂ-ਸਨਮਾਨਾਂ ਤੇ ਵਾਹ-ਵਾਹ ਲਈ ਲਿਖਦੇ ਹਨ, ਜਦ ਕਿ ਦੂਸਰੇ ਉਹ ਹਨ ਜੋ ਬੇਖ਼ੌਫ਼ ਹੋ ਕੇ ਸ਼ਿੱਦਤ ਨਾਲ ਸੱਚ ਨੂੰ ਲਿਖਦੇ ਹਨ। ਜਗਮੀਤ ਸਿੰਘ ਨੇ ਪੁਸਤਕ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਭੂਸ਼ਨ ਦਾ ਅੰਦਾਜ਼ੇ-ਬਿਆਨ ਕਮਾਲ ਦਾ ਹੈ ਹੈ। ਅੰਜਲੀ ਖੰਨਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਭੂਸ਼ਨ ਦੀ ਲਿਖਣ ਸ਼ੈਲੀ ਬਹੁਤ ਸਹਿਜ ਅਤੇ ਕਟਾਖ਼ਸ਼ੀ ਹੈ।