For the best experience, open
https://m.punjabitribuneonline.com
on your mobile browser.
Advertisement

ਚੜ੍ਹਦੇ ਪੰਜਾਬ ਦੀਆਂ ਉਪ-ਬੋਲੀਆਂ

07:41 AM Sep 15, 2024 IST
ਚੜ੍ਹਦੇ ਪੰਜਾਬ ਦੀਆਂ ਉਪ ਬੋਲੀਆਂ
Advertisement

ਅਜਾਦ ਦੀਪ ਸਿੰਘ

Advertisement

ਕਿਸੇ ਭਾਸ਼ਾ ਜਾਂ ਬੋਲੀ ਦੇ ਬੋਲਚਾਲ ਦੇ ਇਲਾਕਾਈ ਰੂਪ ਨੂੰ ਉਪ-ਬੋਲੀ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਦੀਆਂ ਕਈ ਉਪ-ਬੋਲੀਆਂ ਹਨ, ਜਿਵੇਂ ਮਾਝੀ (ਮਝੈਲੀ), ਦੋਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ, ਕਾਂਗੜੀ, ਚੰਬਿਆਲੀ, ਜਾਂਗਲੀ ਆਦਿ। ਪੰਜਾਬੀ ਬੋਲੀ ਦਰਿਆ ਸਿੰਧ ਤੋਂ ਲੈ ਕੇ ਲੋਪ ਹੋ ਚੁੱਕੇ ਸਰਸਵਤੀ ਦਰਿਆ ਦੇ ਵਿਚਕਾਰਲੇ ਖਿੱਤੇ ਤੇ ਇਸ ਦੇ ਨੇੜਲੇ ਮੈਦਾਨੀ ਤੇ ਪਹਾੜੀ ਖਿੱਤਿਆਂ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ। 1947 ਦੀ ਵੰਡ ਵੇਲੇ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਪੰਜਾਬੀ ਬੋਲਣ ਵਾਲੇ ਲੋਕ ਵੀ ਦੋ ਖਿੱਤਿਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਵੰਡੇ ਗਏ। 1966 ਵਿੱਚ ਚੜ੍ਹਦੇ ਪੰਜਾਬ ਦੀ ਦੁਬਾਰਾ ਵੰਡ ਹੋਣ ਕਰਕੇ ਪੰਜਾਬੀ ਬੋਲੀ ਬੋਲਣ ਵਾਲੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਵੰਡੇ ਗਏ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਵਿੱਚ ਕਠੂਆ, ਸਾਂਬਾ, ਜੰਮੂ ਆਦਿ ਖਿੱਤਿਆਂ ਵਿੱਚ ਪੰਜਾਬੀ ਦੀ ਉਪ-ਬੋਲੀ ਡੋਗਰੀ ਬੋਲੀ ਜਾਂਦੀ ਹੈ।
ਪੁਰਾਣੇ ਸਮਿਆਂ ਵਿੱਚ ਜਦੋਂ ਮਨੁੱਖ ਕੋਲ ਰੇਲ, ਮੋਟਰ, ਹਵਾਈ ਜਹਾਜ਼, ਰੇਡੀਓ, ਟੈਲੀਵਿਜ਼ਨ, ਇੰਟਰਨੈੱਟ ਆਦਿ ਮੇਲ-ਜੋਲ ਅਤੇ ਸੰਚਾਰ ਦੇ ਸਾਧਨ ਨਹੀਂ ਸਨ ਤਾਂ ਆਮ ਲੋਕਾਂ ਦੀ ਆਵਾਜਾਈ ਸੀਮਤ ਹੁੰਦੀ ਸੀ। ਵਪਾਰੀਆਂ ਜਾਂ ਫ਼ੌਜੀਆਂ ਨੂੰ ਛੱਡ ਕੇ ਕੋਈ ਦੂਰ-ਦੁਰਾਡੇ ਨਹੀਂ ਸੀ ਜਾਂਦਾ। ਦੋ ਦਰਿਆਵਾਂ ਵਿਚਕਾਰ ਵਸਦੇ ਲੋਕਾਂ ਦੀ ਆਵਾਜਾਈ ਆਪਣੇ ਦੁਆਬੇ ਤੱਕ ਹੀ ਸੀਮਤ ਰਹਿੰਦੀ ਸੀ। ਇਸੇ ਤਰ੍ਹਾਂ ਪਹਾੜੀ ਗੁੱਠਾਂ ਵਿੱਚ ਵਸਦੇ ਲੋਕ ਪਰਬਤੀ ਹੱਦਾਂ ਵਿੱਚ ਬੰਦ ਰਹਿੰਦੇ ਸਨ। ਮੇਲਜੋਲ ਨਾ ਹੋਣ ਜਾਂ ਬਹੁਤ ਘੱਟ ਹੋਣ ਕਾਰਨ ਵੱਖ-ਵੱਖ ਹਿੱਸਿਆਂ ਦੀਆਂ ਬੋਲੀਆਂ ਅੰਦਰ ਵਖਰੇਵਾਂ ਆਉਣਾ ਲਾਜ਼ਮੀ ਸੀ।
ਜਿਸ ਥਾਂ ਰਾਜਸੀ ਤਾਕਤ ਦਾ ਕੇਂਦਰ ਜਾਂ ਗੜ੍ਹ ਹੋਵੇ ਉਸ ਥਾਂ ਦੀ ਬੋਲੀ ਬਲਵਾਨ ਹੋ ਕੇ ਦੇਸ਼ ਉੱਤੇ ਛਾ ਜਾਂਦੀ ਹੈ ਤੇ ਸੋਹਣਾ ਮਾਂਜਿਆ ਸੋਧਿਆ ਰੂਪ ਧਾਰ ਕੇ ਸਰਬ-ਪ੍ਰਵਾਨ ਹੋ ਜਾਂਦੀ ਹੈ। ਇਹ ਸਰਬ-ਪ੍ਰਵਾਨ ਟਕਸਾਲੀ ਬੋਲੀ ਸ਼ਿਰੋਮਣੀ ਤੇ ਮੁਖੀਆ ਕਹੀ ਜਾਂਦੀ ਹੈ ਤੇ ਬਾਕੀ ਉਸ ਇਲਾਕੇ ਦੀਆਂ ਅਧੀਨ ਬੋਲੀਆਂ, ਉਪ-ਬੋਲੀਆਂ। ਜਿੰਨਾ ਕੋਈ ਦੇਸ਼ ਦਰਿਆਵਾਂ, ਨਾਲਿਆਂ, ਪਹਾੜੀਆਂ ਦੇ ਘੇਰਿਆਂ ਵਿੱਚ ਵੰਡਿਆ ਹੋਵੇ ਓਨੀਆਂ ਹੀ ਉਪ-ਬੋਲੀਆਂ ਬਣ ਜਾਂਦੀਆਂ ਹਨ। ਪੰਜਾਬੀ ਦਾ ਪ੍ਰਚੱਲਿਤ ਮੁਹਾਵਰਾ ਹੈ ਕਿ ਬੋਲੀ ਬਾਰਾਂ ਕੋਹ ’ਤੇ ਬਦਲ ਜਾਂਦੀ ਹੈ। ਦਰਅਸਲ, ਪੁਰਾਣੇ ਸਮਿਆਂ ਵਿੱਚ ਮਨੁੱਖ ਦੀ ਆਵਾਜਾਈ ਦਾ ਘੇਰਾ ਏਨਾ ਕੁ ਹੀ ਹੁੰਦਾ ਸੀ। ਬਾਰਾਂ ਕੋਹ ਪੂਰਬ ਵੱਲ, ਬਾਰਾਂ ਕੋਹ ਪੱਛਮ ਵੱਲ ਅਤੇ ਬਾਰਾਂ ਬਾਰਾਂ ਕੋਹ ਉੱਤਰ ਦੱਖਣ ਵੱਲ, ਕਿਸੇ ਦਾ ਵੱਧ ਕਿਸੇ ਦਾ ਘੱਟ। ਆਵਾਜਾਈ ਤੇ ਮੇਲ-ਜੋਲ ਉਪ-ਬੋਲੀ ਵਿੱਚ ਏਕਤਾ ਪੈਦਾ ਕਰਦਾ ਹੈ ਅਤੇ ਇੱਕ ਨਾਲੋਂ ਦੂਜੀ ਨੂੰ ਨਿਖੇੜਦਾ ਹੈ। ਉਚਾਰਣ ਦਾ ਲਹਿਜਾ, ਅੱਡ ਅੱਡ ਜਾਤਾਂ, ਪੇਸ਼ਿਆਂ, ਮਜ਼ਹਬਾਂ ਵਾਲਿਆਂ ਦੀ ਵਸੋਂ, ਗਰਮ ਸਰਦ ਮੌਸਮ ਅਤੇ ਵਿਦੇਸ਼ੀ ਅਸਰ ਉਪ-ਬੋਲੀਆਂ ਨੂੰ ਪੱਕਾ ਰੂਪ ਦੇਣ ਵਿੱਚ ਸਹਾਈ ਹੁੰਦਾ ਹੈ।
ਪੰਜਾਬੀ ਦਾ ਇੱਕੋ ਭਰਾ ਸ਼ਬਦ ਭਾਈਆ, ਭਾ, ਭਾਈ, ਬਰਾ, ਭਰਾਤਾ, ਬਾਈ ਅਤੇ ਭਾਊ ਆਦਿ ਅੱਡ ਅੱਡ ਉਪ-ਬੋਲੀਆਂ ਵਿੱਚ ਅੱਡ ਅੱਡ ਰੂਪ ਵਿੱਚ ਬੋਲਿਆ ਜਾਂਦਾ ਹੈ।
ਕਿਸੇ ਬੋਲੀ ਵਿੱਚ ਉਪ-ਭਾਸ਼ਾਵਾਂ ਵਾਂਗ ਵੱਖੋ ਵੱਖ ਜਾਤਾਂ, ਪੇਸ਼ਿਆਂ ਜਾਂ ਜਥੇਬੰਦੀਆਂ ਦੀਆਂ ਵੀ ਖ਼ਾਸ ਬੋਲੀਆਂ ਹੁੰਦੀਆਂ ਹਨ। ਉਨ੍ਹਾਂ ਦਾ ਘੇਰਾ ਭੂਗੋਲਿਕ ਸੀਮਾ ਵਿੱਚ ਬੰਦ ਹੋਣ ਦੀ ਥਾਂ ਖ਼ਾਸ ਟੋਲੇ ਨਾਲ ਸਬੰਧਤ ਹੁੰਦਾ ਹੈ। ਜਿਵੇਂ ਰਾਏ ਸਿੱਖ ਬਰਾਦਰੀ ਜੋ ਆਮ ਤੌਰ ’ਤੇ ਦਰਿਆਵਾਂ ਦੇ ਕੰਢਿਆਂ ’ਤੇ ਵੱਸੀ ਹੋਈ ਹੈ, ਦੀ ਆਪਣੀ ਇੱਕ ਵੱਖਰੀ ਹੀ ਬੋਲੀ ਹੈ। ਇਹ ਭਾਵੇਂ ਕਿਸੇ ਵੀ ਖਿੱਤੇ ਵਿੱਚ ਵੱਸੇ ਹੋਣ, ਇਨ੍ਹਾਂ ਦੀ ਬੋਲੀ ਦੀ ਇਕਸਾਰਤਾ ਹੈ, ਜੋ ਉਸ ਖਿੱਤੇ ਦੇ ਦੂਜੇ ਵਸਨੀਕਾਂ ਤੋਂ ਵੱਖਰੀ ਹੁੰਦੀ ਹੈ।
ਸ਼ਾਇਦ ਸਭ ਤੋਂ ਪਹਿਲਾਂ ਡਾ. ਗ੍ਰੀਅਰਸਨ ਨੇ ਹੀ ਪੰਜਾਬੀ ਦੀਆਂ ਉਪ-ਬੋਲੀਆਂ ਦੀ ਵਿਸਥਾਰਕ ਛਾਣਬੀਣ ਕੀਤੀ। ਉਸ ਨੇ ਡੋਗਰੀ, ਮਾਝੀ, ਦੁਆਬੀ, ਮਲਵਈ, ਪੁਆਧੀ, ਰਾਠੀ ਤੇ ਭਟਿਆਣੀ ਸੱਤ ਉਪ-ਬੋਲੀਆਂ ਮੰਨੀਆਂ ਹਨ। ਪੰਜਾਬੀ ਦੀ ਕੇਂਦਰੀ ਬੋਲੀ ਮਾਝੀ (ਮਝੈਲੀ) ਨੂੰ ਮੰਨਿਆ ਜਾਂਦਾ ਹੈ। ਲਗਭਗ ਹਜ਼ਾਰ ਵਰ੍ਹੇ ਤੋਂ ਪੰਜਾਬ ਦਾ ਕੇਂਦਰ ਲਾਹੌਰ ਰਿਹਾ ਹੈ। ਰਾਜਸੀ ਤੇ ਸਾਹਿਤਕ ਪ੍ਰਭਾਵ ਨੇ ਇਸ ਥਾਂ ਦੀ ਬੋਲੀ ਨੂੰ ਕੇਂਦਰੀ ਬੋਲੀ ਦਾ ਰੂਪ ਦਿੱਤਾ। ਯੂਰਪ ਵਿੱਚ 1924 ਵਿੱਚ ਕੌਮਾਂਤਰੀ ਬੋਲੀ ਸਭਾ ਬਣੀ ਸੀ। ਉਸ ਨੇ ਟਕਸਾਲੀ ਬੋਲੀ ਲਈ ਇਹ ਤਿੰਨ ਨੇਮ ਨਿਯਤ ਕੀਤੇ ਸਨ:
1. ਸੌਖੀ ਬੋਲੀ ਤੇ ਸੌਖੀ ਸੁਣੀ ਜਾਵੇ।
2. ਸੌਖੀ ਪੜ੍ਹੀ ਤੇ ਸੌਖੀ ਲਿਖੀ ਜਾਵੇ।
3. ਕੁਦਰਤੀ ਤੇ ਬਨਾਵਟੀ ਰਲੀ ਮਿਲੀ ਹੋਵੇ।
ਜੋ ਅਸਥਾਨ ਹਕੂਮਤ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਜਾਵੇ, ਉੱਥੋਂ ਦੀ ਉਪ-ਬੋਲੀ ਹੀ ਨਿਖਰ ਕੇ ਟਕਸਾਲੀ ਰੂਪ ਧਾਰਨ ਕਰ ਲੈਂਦੀ ਹੈ। ਜਿਵੇਂ ਉੱਥੋਂ ਦੀ ਟਕਸਾਲ ਦਾ ਸਿੱਕਾ ਚਲਦਾ ਹੈ ਉਵੇਂ ਉਸ ਥਾਂ ਦੀ ਪ੍ਰਮਾਣਿਕ ਬੋਲੀ ਦਾ ਸਿੱਕਾ ਚਲਦਾ ਹੈ। ਕਿਸੇ ਵੇਲੇ ਮੁਲਤਾਨ ਪੰਜਾਬ ਦਾ ਰਾਜਨੀਤਕ ਗੜ੍ਹ ਸੀ। ਇਸ ਲਈ ਪਹਿਲਾਂ ਪਹਿਲਾਂ ਮੁਲਤਾਨੀ ਜਾਂ ਲਹਿੰਦੀ ਨੂੰ ਬਾਕੀ ਉਪ-ਬੋਲੀਆਂ ਨਾਲੋਂ ਵਧੇਰੇ ਮਾਣ ਮਿਲਿਆ। ਫਿਰ ਰਾਜਨੀਤਕ ਸਰਗਰਮੀਆਂ ਦਾ ਕੇਂਦਰ ਮੱਧ ਪੰਜਾਬ ਵਿੱਚ ਲਾਹੌਰ ਹੋ ਗਿਆ। ਇਸ ਲਈ ਮਾਝੀ ਉਪ-ਬੋਲੀ ਨੂੰ ਪ੍ਰਧਾਨਤਾ ਮਿਲਣ ਲੱਗੀ। ਲਾਹੌਰ 11ਵੀਂ ਸਦੀ ਤੋਂ ਪੰਜਾਬ ਦਾ ਕੇਂਦਰ ਜਾਂ ਦੂਜੇ ਸ਼ਬਦਾਂ ਵਿੱਚ ਰਾਜਧਾਨੀ ਚਲਿਆ ਆ ਰਿਹਾ ਹੈ। ਇਸੇ ਰਾਜਨੀਤਕ ਮਹੱਤਤਾ ਨੇ ਇਸ ਦੇ ਆਲੇ-ਦੁਆਲੇ ਦੀ ਬੋਲੀ ਨੂੰ ਮਾਂਜ ਸੁਆਰ ਕੇ ਟਕਸਾਲੀ ਹੋਣ ਦਾ ਮਾਣ ਦਿੱਤਾ। ਲਾਹੌਰ ਹੀ ਕੇਂਦਰ ਰਹਿਣ ਕਰਕੇ ਮਾਝੀ ਦੀ ਮਹੱਤਤਾ ਬਣੀ ਰਹੀ। ਗ੍ਰੀਅਰਸਨ ਇਸੇ ਲਈ ਮਾਝੀ ਨੂੰ ਟਕਸਾਲੀ ਮੰਨਦਾ ਹੈ।
ਮਾਝੀ ਦਾ ਸ਼ੁੱਧ ਸਰੂਪ ਹੀ ਟਕਸਾਲੀ ਪੰਜਾਬੀ ਹੈ, ਜੋ ਕਿ ਸਾਊ ਪੰਜਾਬੀਆਂ ਦੀ ਆਮ ਬੋਲਚਾਲ ਵਿੱਚ ਵੀ ਝਲਕਾਰੇ ਦਿੰਦਾ ਹੈ। ਲਹਿੰਦੇ ਦੇ ਕਵੀਆਂ ਬਾਬਾ ਫਰੀਦ, ਅਲੀ ਹੈਦਰ ਤੇ ਬਰਦੇ ਪੋਠੋਹਾਰੀ ਆਦਿ ਨੇ ਇਸੇ ਸਾਂਝੀ ਬੋਲੀ ਨੂੰ ਕਵਿਤਾ ਲਈ ਚੁਣਿਆ, ਭਾਵੇਂ ਉਨ੍ਹਾਂ ਵਿੱਚ ਸਥਾਨਕ ਰੰਗਤ ਮੌਜੂਦ ਹੈ। ਭਾਈ ਗੁਰਦਾਸ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ, ਵਾਰਸ ਤੇ ਹਾਸ਼ਮ ਤਾਂ ਲਾਹੌਰ ਅੰਮ੍ਰਿਤਸਰ ਦੇ ਲਾਗੇ-ਚਾਗੇ ਦੇ ਹੀ ਸਨ। ਇਸ ਲੇਖ ਵਿੱਚ ਸਿਰਫ਼ ਚੜ੍ਹਦੇ ਪੰਜਾਬ ਦੀਆਂ ਉਪ-ਬੋਲੀਆਂ ਮਾਝੀ, ਦੁਆਬੀ, ਮਲਵਈ ਤੇ ਪੁਆਧੀ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ।
ਮਾਝੀ (ਮਝੈਲੀ) ਉਪ-ਬੋਲੀ ਦਰਿਆ ਰਾਵੀ ਤੇ ਬਿਆਸ ਸਤਲੁਜ ਦੇ ਵਿਚਕਾਰਲੇ ਖਿੱਤੇ ਤੇ ਰਾਵੀ ਤੋਂ ਪਾਰ ਸਿਆਲਕੋਟ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਮੌਜੂਦਾ ਸਮੇਂ ਇਹ ਉਪ-ਬੋਲੀ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਅਤੇ ਲਹਿੰਦੇ ਪੰਜਾਬ ਦੇ ਲਾਹੌਰ, ਕਸੂਰ ਤੇ ਸਿਆਲਕੋਟ ਜ਼ਿਲ੍ਹਿਆਂ, ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਖੇਤਰ ਵਿੱਚ ਬੋਲੀ ਜਾਂਦੀ ਹੈ। ਪੰਜਾਬ ਦੀ ਵੰਡ ਦਾ ਸਭ ਤੋਂ ਜ਼ਿਆਦਾ ਅਸਰ ਇਸ ਉਪ-ਬੋਲੀ ਉੱਪਰ ਪਿਆ ਹੈ। ਦੇਸ਼ ਵੰਡ ਸਮੇਂ ਮਾਝੀ ਉਪ-ਬੋਲੀ ਦੇ ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹਾ ਤੇ ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਦੇ ਪੱਟੀ, ਵਲਟੋਹਾ, ਭਿੱਖੀਵਿੰਡ ਤੇ ਖਾਲੜਾ ਠਾਣੇਂ ਚੜ੍ਹਦੇ ਪੰਜਾਬ ਦੇ ਹਿੱਸੇ ਆਏ। ਲਾਹੌਰ, ਸਿਆਲਕੋਟ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਸਕਰਗੜ੍ਹ ਤਹਿਸੀਲ ਲਹਿੰਦੇ ਪੰਜਾਬ ਦੇ ਹਿੱਸੇ ਆਏ। 1966 ਵਿੱਚ ਚੜ੍ਹਦੇ ਪੰਜਾਬ ਦੀ ਦੁਬਾਰਾ ਹੋਈ ਵੰਡ ਸਮੇਂ ਜ਼ਿਲ੍ਹਾ ਗੁਰਦਾਸਪੁਰ ਦੀ ਪਠਾਨਕੋਟ ਤਹਿਸੀਲ ਦਾ ਪਹਾੜੀ ਖਿੱਤਾ ਡਲਹੌਜ਼ੀ ਹਿਮਾਚਲ ਪ੍ਰਦੇਸ਼ ਵਿੱਚ ਚਲਾ ਗਿਆ। 1947 ਤੇ 1966 ਦੀ ਪੰਜਾਬ ਵੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਜ਼ਿਲ੍ਹਾ ਗੁਰਦਾਸਪੁਰ ਨੂੰ ਹੋਇਆ। ਦੋਵੇਂ ਵਾਰ ਇਸ ਜ਼ਿਲ੍ਹੇ ਦੀ ਵੰਡ ਹੋਈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮਾਝਾ ਖੇਤਰ ਦੇ ਵਸਨੀਕਾਂ ਨੂੰ ਮਝੈਲ ਸੱਦਿਆ ਜਾਂਦਾ ਹੈ।
ਦੋਆਬੀ ਉਪ-ਬੋਲੀ ਬਿਆਸ ਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਵਿੱਚ ਬੋਲੀ ਜਾਂਦੀ ਹੈ। ਇਹ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਬੋਲੀ ਜਾਣ ਵਾਲੀ ਉਪ-ਬੋਲੀ ਹੈ। ਆਮ ਭਾਸ਼ਾ ਵਿੱਚ ਇਸ ਖਿੱਤੇ ਦੇ ਵਸਨੀਕਾਂ ਨੂੰ ਦੋਆਬੀਏ ਕਿਹਾ ਜਾਂਦਾ ਹੈ।
ਮਲਵਈ ਉਪ-ਬੋਲੀ ਦਰਿਆ ਸਤਲੁਜ ਤੋਂ ਚੜ੍ਹਦੇ ਪਾਸੇ ਲੁਧਿਆਣਾ, ਮੁਕਤਸਰ, ਫ਼ਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਫਿਰੋਜ਼ਪੁਰ ਤੇ ਪਟਿਆਲਾ ਦੇ ਜ਼ਿਆਦਾਤਰ ਭਾਗ ਵਿੱਚ ਬੋਲੀ ਜਾਂਦੀ ਹੈ। ਇਸ ਖਿੱਤੇ ਦੇ ਲੋਕਾਂ ਨੂੰ ਮਲਵਈ ਕਿਹਾ ਜਾਂਦਾ ਹੈ।
ਸਰਹਿੰਦ ਵਾਲੀ ਨਹਿਰ ਟੱਪ ਕੇ ਪੰਜਾਬ ਦਾ ਪੂਰਬ ਵੱਲ ਦਾ ਭਾਗ ਪੁਆਧ ਕਹਾਉਂਦਾ ਹੈ ਜੋ ਕਿ ਪੂਰਬਾਰਧ ਦਾ ਬਦਲਿਆ ਰੂਪ ਹੈ। ਇਸ ਵਿੱਚ ਘੱਗਰ ਦੇ ਨਾਲ ਲੱਗਦਾ ਜ਼ਿਲ੍ਹਾ ਅੰਬਾਲਾ ਦਾ ਕਾਫ਼ੀ ਭਾਗ, ਪਟਿਆਲਾ ਯੂਨੀਅਨ ਦਾ ਕੁਝ ਹਿੱਸਾ ਤੇ ਜ਼ਿਲ੍ਹਾ ਹਿਸਾਰ ਦਾ ਕੁਝ ਇਲਾਕਾ ਸ਼ਾਮਲ ਹੈ। ਇਸ ਥਾਂ ਦੀ ਬੋਲੀ ਹੈ ਪੁਆਧੀ। ਪੁਆਧੀ ਵਿੱਚ ਸਾਨੂੰ ਤੁਹਾਨੂੰ ਦੀ ਥਾਂ ਮਾਨੂੰ ਥਾਨੂੰ ਜਾਂ ਤੰਨੇ ਮੰਨੇ, ਦਾ ਦੀ ਥਾਂ ਕਾ, ਸੀ ਦੀ ਥਾਂ ਤੀ ਜਾਂ ਥੀ, ਵਿਚ ਦੀ ਥਾਂ ਬਿਚ ਮਾ, ਹੁਣ ਦੀ ਮਾ ਇਬ, ਇਉਂ ਦੀ ਥਾਂ ਨਿਊਂ, ਨਾਲ ਦੀ ਥਾਂ ਗੈਲ, ਐਥੇ ਦੀ ਥਾਂ ਉਰੇ ਬੋਲਿਆ ਜਾਂਦਾ ਹੈ। ਇਸ ਖਿੱਤੇ ਦੇ ਲੋਕ ਪੁਆਧੀਏ ਹਨ।
ਆਮ ਤੌਰ ’ਤੇ ਪੁਆਧ ਨੂੰ ਮਾਲਵਾ ਦਾ ਹੀ ਹਿੱਸਾ ਗਿਣ ਲਿਆ ਜਾਂਦਾ ਹੈ ਜਦੋਂਕਿ ਅਸਲ ਵਿੱਚ ਬੋਲੀ ਪੱਖੋਂ ਪੁਆਧ ਵੱਖਰਾ ਖਿੱਤਾ ਹੈ। ਭਗਤ ਆਸਾ ਰਾਮ ਕਿੱਸਾਕਾਰ ਨੇ ਪੁਆਧੀ ਉਪ-ਬੋਲੀ ਵਿੱਚ ਕਈ ਕਿੱਸੇ ਲਿਖੇ। ਮੌਜੂਦਾ ਸਮੇਂ ਪੁਆਧੀ ਉਪ-ਬੋਲੀ ਜ਼ਿਲ੍ਹਾ ਰੂਪਨਗਰ (ਰੋਪੜ), ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕੁਝ ਹਿੱਸੇ, ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਤੇ ਸਨੌਰ ਵੱਲ ਦਾ ਇਲਾਕਾ, ਸੰਗਰੂਰ ਜ਼ਿਲ੍ਹੇ ਦਾ ਲਹਿਰਾਗਾਗਾ ਵੱਲ ਦਾ ਇਲਾਕਾ, ਹਿਮਾਚਲ ਪ੍ਰਦੇਸ਼ ਦਾ ਨਾਲਾਗੜ੍ਹ ਤੇ ਅੰਬਾਲਾ ਜ਼ਿਲ੍ਹੇ ਦੇ ਕੁਝ ਹਿੱਸੇ ਵਿੱਚ ਬੋਲੀ ਜਾਂਦੀ ਹੈ। ਅਜੋਕੇ ਸਮੇਂ ਵਿੱਚ ਪੰਜਾਬ ਦੀਆਂ ਤਿੰਨ ਉਪ-ਬੋਲੀਆਂ ਮਾਝੀ, ਦੋਆਬੀ ਤੇ ਮਲਵਈ ਹੀ ਗਿਣੀਆਂ ਜਾਂਦੀਆਂ ਹਨ ਜਦੋਂਕਿ ਪੰਜਾਬੀ ਬੋਲੀ ਦੇ ਸਾਰੇ ਖੋਜਕਾਰਾਂ ਨੇ ਪੁਆਧੀ ਨੂੰ ਵੀ ਪੰਜਾਬੀ ਦੀ ਉਪ-ਬੋਲੀ ਦੱਸਿਆ ਹੈ। ਪਿਛਲੇ ਕੁਝ ਸਮੇਂ ਤੋਂ ਪੁਆਧ ਦੇ ਚੇਤੰਨ ਵਸਨੀਕਾਂ ਵੱਲੋਂ ਪੁਆਧ ਤੇ ਪੁਆਧੀ ਨਾਮ ਹੇਠ ਸੰਸਥਾਵਾਂ ਬਣਾ ਕੇ ਪੁਆਧ/ਪੁਆਧੀ ਲਈ ਕੰਮ ਕੀਤਾ ਜਾ ਰਿਹਾ ਹੈ। ਪੁਆਧ ਦੇ ਵਸਨੀਕ ਪੁਆਧੀ ਨੂੰ ਮਲਵਈ ਬੋਲੀ ਨਾਲੋਂ ਵੱਖਰਾ ਦੱਸਦੇ ਹਨ। ਉਹ ਆਪਣੇ ਵੱਖਰੇ ਪੁਆਧ ਖਿੱਤੇ ਦੀ ਮੰਗ ਕਰ ਰਹੇ ਹਨ। ਪੁਆਧੀ ਬੋਲਣ ਵਾਲੇ ਪੁਆਧੀਆਂ ਦੀ ਮੰਗ ਹੈ ਕਿ ਚੰਡੀਗੜ੍ਹ ਸ਼ਹਿਰ ਪੁਆਧ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ, ਇੱਥੇ ਸਥਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਥਾਪਿਤ ਪੰਜਾਬੀ ਯੂਨੀਵਰਸਿਟੀ ਵਿੱਚ ਪੁਆਧੀ ਉਪ-ਬੋਲੀ ਦੇ ਵਿਕਾਸ ਤੇ ਖੋਜ ਦਾ ਕੰਮ ਕੀਤਾ ਜਾਵੇ। ਉਨ੍ਹਾਂ ਵੱਲੋਂ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਪੰਜਾਬੀ ਅਖ਼ਬਾਰਾਂ ਵਿੱਚ ਮਾਝਾ, ਦੋੋਆਬਾ, ਮਾਲਵਾ ਅੰਕਾਂ ਦੇ ਨਾਲ ਵੱਖਰਾ ਪੁਆਧ ਅੰਕ ਵੀ ਛਾਪਿਆ ਜਾਵੇ। ਇਸੇ ਤਰ੍ਹਾਂ ਟੀ.ਵੀ. ਚੈਨਲਾਂ ਉਪਰ ਮਾਝਾ, ਦੋਆਬਾ, ਮਾਲਵਾ ਖਿੱਤਿਆਂ ਦੇ ਨਾਲ ਪੁਆਧ ਨੂੰ ਵੱਖਰਾ ਖਿੱਤਾ ਦਿਖਾਇਆ ਜਾਵੇ।
ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਮਜ਼ਹਬਾਂ, ਜਾਤਾਂ ਅਤੇ ਇਲਾਕਿਆਂ ਤੋਂ ਉੱਪਰ ਉੱਠ ਕੇ, ਇਕੱਠੇ ਹੋ ਕੇ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ।
ਸੰਪਰਕ: 98148-98179

Advertisement

Advertisement
Author Image

Advertisement