ਹਾਕੀ ਦਾ ਜਾਦੂਗਰ ਧਿਆਨ ਚੰਦ
ਪ੍ਰਿੰ. ਸਰਵਣ ਸਿੰਘ
ਧਿਆਨ ਚੰਦ ਦਾ ਅਸਲੀ ਨਾਂ ਧਿਆਨ ਸਿੰਘ ਸੀ। ਜਦੋਂ ਉਹ ਫ਼ੌਜ ’ਚ ਭਰਤੀ ਹੋ ਕੇ ਹਾਕੀ ਖੇਡਣ ਲੱਗਾ ਤਾਂ ਖੇਡਦਿਆਂ ਰਾਤ ਪੈ ਜਾਂਦੀ, ਪਰ ਉਹ ਰਾਤ ਨੂੰ ਵੀ ਚੰਦ ਚਾਂਦਨੀ ਵਿੱਚ ਖੇਡਦਾ ਰਹਿੰਦਾ। ਚੰਦ ਦੇ ਚਾਨਣ ਵਿੱਚ ਖੇਡਦਾ ਹੋਣ ਕਰਕੇ ਉਹਦੇ ਫ਼ੌਜੀ ਸਾਥੀ ਉਸ ਨੂੰ ਧਿਆਨ ਚੰਦ ਕਹਿਣ ਲੱਗ ਪਏ ਅਤੇ ਉਸ ਦਾ ਨਾਂ ਹੀ ਧਿਆਨ ਸਿੰਘ ਤੋਂ ਧਿਆਨ ਚੰਦ ਪੱਕ ਗਿਆ। ਉਸ ਦਾ ਜਨਮ 29 ਅਗਸਤ 1905 ਨੂੰ ਅਲਾਹਬਾਦ ਵਿੱਚ ਫ਼ੌਜੀ ਪਿਤਾ ਸਮੇਸ਼ਵਰ ਸਿੰਘ ਤੇ ਘਰੇਲੂ ਸੁਆਣੀ ਮਾਤਾ ਸ਼ਾਰਧਾ ਸਿੰਘ ਦੇ ਰਾਜਪੂਤ ਪਰਿਵਾਰ ਵਿੱਚ ਹੋਇਆ। ਉਸ ਦੇ ਦੋ ਭਰਾ ਹੋਰ ਸਨ ਮੂਲ ਸਿੰਘ ਤੇ ਰੂਪ ਸਿੰਘ। ਰੂਪ ਸਿੰਘ ਵੀ ਧਿਆਨ ਸਿੰਘ ਵਾਂਗ ਬ੍ਰਿਟਿਸ਼ ਇੰਡੀਆ ਦੀਆਂ ਹਾਕੀ ਟੀਮਾਂ ਵਿੱਚ ਖੇਡਦਾ ਰਿਹਾ ਅਤੇ ਭਰਾ ਨਾਲ ਗੋਲਾਂ ਦੀ ਝੜੀ ਲਾਉਂਦਾ ਰਿਹਾ। ਦੋਵੇਂ ਇੱਕ ਦੂਜੇ ਨੂੰ ਪਾਸ ਦਿੰਦੇ ਅਤੇ ਫਾਰਵਰਡ ਖੇਡਦੇ ਹੋਏ ਗੋਲ ’ਤੇ ਗੋਲ ਕਰੀ ਜਾਂਦੇ। ਰੂਪ ਸਿੰਘ ਨੇ ਅਮਰੀਕਾ ਸਿਰ 12 ਗੋਲ ਕੀਤੇ। ਦੋਹਾਂ ਨੇ ਓਲੰਪਿਕ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤੇ।
ਧਿਆਨ ਚੰਦ ਦਾ ਬਾਲ ਉਤੇ ਏਨਾ ਕੰਟਰੋਲ ਹੁੰਦਾ ਸੀ ਕਿ ਕੋਈ ਵੀ ਉਸ ਕੋਲੋਂ ਬਾਲ ਨਹੀਂ ਸਨ ਖੋਹ ਸਕਦਾ ਸੀ। ਉਹਦੀ ਡ੍ਰਬਿਲਿੰਗ ਚਕਾਚੌਂਧ ਕਰਨ ਵਾਲੀ ਸੀ ਅਤੇ ਅਛੋਪਲੇ ਜਿਹੇ ਸਰਕਾਏ ਪਾਸਾਂ ਦਾ ਕੋਈ ਅਨੁਮਾਨ ਨਹੀਂ ਸੀ ਲਾ ਸਕਦਾ ਕਿ ਕਿਸ ਨੂੰ ਦੇਵੇਗਾ? ਉਹ ਆਪਣੀ ਗੋਲ ਲਾਈਨ ਤੋਂ ਵਿਰੋਧੀ ਧਿਰ ਦੀ ਗੋਲ ਲਾਈਨ ਤੱਕ ਬਾਲ ਨੂੰ ਹਾਕੀ ਨਾਲ ਚਿਪਕਾਈ ਡੀ ਵਿੱਚ ਪਹੁੰਚਦਾ ਤੇ ਡਾਜ ਮਾਰ ਕੇ ਗੋਲ ਦਾ ਫੱਟਾ ਖੜਕਾ ਦਿੰਦਾ। ਇੱਕ ਵਾਰ ਨੀਦਰਲੈਂਡਜ਼ ਵਿੱਚ ਉਹਦੀ ਹਾਕੀ ਤੋੜ ਕੇ ਜਾਂਚ ਕੀਤੀ ਗਈ ਕਿ ਹਾਕੀ ਵਿੱਚ ਮਿਕਨਾਤੀਸ ਤਾਂ ਨਹੀਂ ਭਰਿਆ ਹੋਇਆ? ਇਕੇਰਾਂ ਉਹ ਡੀ ’ਚੋਂ ਬਾਲ ਹਾਕੀ ’ਤੇ ਚੁੱਕ ਕੇ ਵਿਰੋਧੀਆਂ ਦੀ ਡੀ ਵਿੱਚ ਪਹੁੰਚ ਗਿਆ ਤੇ ਹਵਾ ਵਿੱਚ ਹੀ ਗੋਲ ਕਰ ਆਇਆ ਸੀ। ਉਦੋਂ ਤੋਂ ਦਰਸ਼ਕ ਉਸ ਨੂੰ ‘ਹਾਕੀ ਦਾ ਜਾਦੂਗਰ’ ਕਹਿਣ ਲੱਗ ਪਏ ਸਨ।
ਓਲੰਪਿਕ ਖੇਡਾਂ ਵਿੱਚ ਜੇ ਕਿਸੇ ਖੇਡ ’ਚ ਭਾਰਤੀ ਟੀਮਾਂ ਨੇ ਵਧੇਰੇ ਜਿੱਤਾਂ ਜਿੱਤੀਆਂ ਹਨ ਤਾਂ ਉਹ ਹਾਕੀ ਹੀ ਹੈ। ਇਸੇ ਲਈ ਹਾਕੀ ਨੂੰ ਭਾਰਤ ਦੀ ਕੌਮੀ ਖੇਡ ਕਿਹਾ ਜਾਂਦਾ ਹੈ। ਹਾਕੀ ਦੇ ਦੋ ਖਿਡਾਰੀਆਂ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ। 2012 ਦੀਆਂ ਓਲੰਪਿਕ ਖੇਡਾਂ ਸਮੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਸਫ਼ਰ ’ਚੋਂ ਜੋ 16 ਓਲੰਪਿਕ ਆਈਕੋਨ ਚੁਣੇ ਉਨ੍ਹਾਂ ਵਿੱਚ ਭਾਰਤ ਦਾ ਹਾਕੀ ਖਿਡਾਰੀ ਬਲਬੀਰ ਸਿੰਘ ਵੀ ਹੈ। ਪ੍ਰਾਂਤਕ ਸਰਕਾਰਾਂ ਧਿਆਨ ਚੰਦ ਤੇ ਬਲਬੀਰ ਸਿੰਘ ਨੂੰ ਭਾਰਤ ਰਤਨ ਐਵਾਰਡ ਦੇਣ ਦੀਆਂ ਪੁਰਜ਼ੋਰ ਸਿਫਾਰਸ਼ਾਂ ਕਰਦੀਆਂ ਆ ਰਹੀਆਂ ਹਨ, ਪਰ ਕੇਂਦਰੀ ਸਰਕਾਰਾਂ ਨੇ ਅਜੇ ਤੱਕ ਉਨ੍ਹਾਂ ਸਿਫਾਰਸ਼ਾਂ ’ਤੇ ਅਮਲ ਨਹੀਂ ਕੀਤਾ। ਪੰਜਾਬ ਦੀਆਂ ਤਿੰਨ ਸਰਕਾਰਾਂ ਦੇ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਹੁਣ ਭਗਵੰਤ ਮਾਨ ਨੇ ਵੀ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਸਿਫਾਰਸ਼ ਕੀਤੀ ਹੋਈ ਹੈ। ਜੇ ਕਿਸੇ ਕ੍ਰਿਕਟ ਦੇ ਖਿਡਾਰੀ ਨੂੰ ਭਾਰਤ ਰਤਨ ਦਿੱਤਾ ਜਾ ਸਕਦੈ ਤਾਂ ਰਾਸ਼ਟਰੀ ਖੇਡ ਹਾਕੀ ਦੇ ਖਿਡਾਰੀਆਂ ਨੂੰ ਕਿਉਂ ਨਹੀਂ?
ਧਿਆਨ ਚੰਦ ਦੇ ਪਿਤਾ ਸਮੇਸ਼ਵਰ ਸਿੰਘ ਬ੍ਰਿਟਿਸ਼ ਆਰਮੀ ਵਿੱਚ ਸਰਵਿਸ ਕਰਦੇ ਸਨ। ਉਨ੍ਹਾਂ ਦੀ ਜਿੱਥੇ ਜਿੱਥੇ ਬਦਲੀ ਹੁੰਦੀ ਪਰਿਵਾਰ ਨੂੰ ਵੀ ਉੱਥੇ ਜਾਣਾ ਪੈਂਦਾ। ਇਸ ਤਰ੍ਹਾਂ ਉਨ੍ਹਾਂ ਦੇ ਬੱਚਿਆਂ ਦੀ ਇੱਕੋ ਸਕੂਲ ਵਿੱਚ ਪੜ੍ਹਾਈ ਨਾ ਹੋ ਸਕੀ। ਧਿਆਨ ਚੰਦ ਉਚੇਰੀ ਤਾਲੀਮ ਨਾ ਲੈ ਸਕਿਆ ਤੇ ਛੇ ਜਮਾਤਾਂ ਪੜ੍ਹ ਕੇ ਸਕੂਲੋਂ ਹਟ ਗਿਆ। ਫਿਰ ਪਰਿਵਾਰ ਨੂੰ ਝਾਂਸੀ ਵਿੱਚ ਜ਼ਮੀਨ ਮਿਲੀ ਜਿੱਥੇ ਉਨ੍ਹਾਂ ਦਾ ਪੱਕਾ ਟਿਕਾਣਾ ਬਣ ਗਿਆ। ਝਾਂਸੀ ਰਹਿੰਦਿਆਂ ਜਦੋਂ ਉਹ 17 ਸਾਲਾਂ ਦਾ ਹੋਇਆ ਤਾਂ ਫ਼ੌਜ ਦੀ ਫਸਟ ਬ੍ਰਾਹਮਣਜ਼ ਰੈਜੀਮੈਂਟ ਵਿੱਚ ਸਿਪਾਹੀ ਵਜੋਂ ਭਰਤੀ ਹੋ ਗਿਆ। ਉਦੋਂ ਤੱਕ ਸਿਵਾਏ ਬੱਚਿਆਂ ਵਾਲੀਆਂ ਆਮ ਖੇਡਾਂ ਖੇਡਣ ਦੇ ਉਹਦੀ ਕਿਸੇ ਖੇਡ ਵਿੱਚ ਖ਼ਾਸ ਰੁਚੀ ਨਹੀਂ ਸੀ। ਸਿਰਫ਼ ਕੁਸ਼ਤੀ ਹੀ ਉਸ ਦਾ ਮਾੜਾ ਮੋਟਾ ਧਿਆਨ ਖਿੱਚਦੀ। ਹਾਕੀ ਖੇਡਣੀ ਤਾਂ ਦੂਰ ਦੀ ਗੱਲ ਉਸ ਨੇ ਹਾਕੀ ਫੜ ਕੇ ਵੀ ਨਹੀਂ ਸੀ ਵੇਖੀ। ਉਸ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ: ਜਦੋਂ ਮੈਂ ਪਹਿਲੀ ਬ੍ਰਾਹਮਣਜ਼ ਰੈਜੀਮੈਂਟ ਵਿੱਚ ਭਰਤੀ ਹੋਇਆ ਤਾਂ ਸਾਨੂੰ ਬਾਲ ਤਿਵਾੜੀ ਨਾਂ ਦਾ ਸੂਬੇਦਾਰ ਮੇਜਰ ਮਿਲਿਆ। ਉਹ ਹਾਕੀ ਦਾ ਬੜਾ ਵਧੀਆ ਖਿਡਾਰੀ ਸੀ ਅਤੇ ਨਵੇਂ ਰੰਗਰੂਟਾਂ ’ਚ ਹਾਕੀ ਖੇਡਣ ਦਾ ਸ਼ੌਕ ਪੈਦਾ ਕਰ ਰਿਹਾ ਸੀ। ਉਸ ਨੇ ਮੈਨੂੰ ਵੀ ਹਾਕੀ ਖੇਡਣ ਦੀ ਚੇਟਕ ਲਾ ਦਿੱਤੀ। ਉਦੋਂ ਸਾਡੀ ਰੈਜੀਮੈਂਟ ਹਾਕੀ ਖੇਡਣ ਵਿੱਚ ਮੰਨੀ ਹੋਈ ਸੀ। ਸਾਡੇ ਕੋਲ ਇੱਕ ਖੁੱਲ੍ਹਾ ਖੇਡ ਮੈਦਾਨ ਸੀ ਜਿੱਥੇ ਅਸੀਂ ਵਿਹਲੇ ਟਾਈਮ ਹਾਕੀ ਖੇਡਦੇ ਰਹਿੰਦੇ। ਉਂਜ ਸਾਡਾ ਹਾਕੀ ਖੇਡਣ ਦਾ ਕੋਈ ਪੱਕਾ ਸਮਾਂ ਨਹੀਂ ਸੀ। ਕਈ ਵਾਰ ਹਾਕੀ ਖੇਡਦਿਆਂ ਰਾਤ ਪੈ ਜਾਂਦੀ ਤੇ ਮੈਨੂੰ ਚੰਦ ਚਾਂਦਨੀ ’ਚ ਖੇਡਣਾ ਹੋਰ ਵੀ ਚੰਗਾ ਲੱਗਦਾ।
ਕੁਝ ਸਮੇਂ ਬਾਅਦ ਫਸਟ ਬ੍ਰਾਹਮਣਜ਼ ਰੈਜੀਮੈਂਟ ਫਸਟ ਪੰਜਾਬ ਰੈਜੀਮੈਂਟ ਵਿੱਚ ਤਬਦੀਲ ਹੋ ਗਈ। 1922-26 ਵਿਚਕਾਰ ਧਿਆਨ ਚੰਦ ਕੇਵਲ ਫ਼ੌਜੀ ਟੂਰਨਾਮੈਂਟ ਹੀ ਖੇਡਿਆ। 1926 ਵਿੱਚ ਉਹ ਇੰਡੀਅਨ ਆਰਮੀ ਟੀਮ ਦਾ ਮੈਂਬਰ ਬਣ ਕੇ ਨਿਊਜ਼ੀਲੈਂਡ ਟੂਰ ’ਤੇ ਗਿਆ ਜਿੱਥੇ ਟੀਮ ਨੇ 18 ਮੈਚ ਜਿੱਤੇ, ਦੋ ਮੈਚ ਬਰਾਬਰ ਰਹੇ ਤੇ ਇੱਕ ਹਾਰਿਆ। ਨਿਊਜ਼ੀਲੈਂਡ ਦੇ ਦਰਸ਼ਕਾਂ ਤੇ ਅਖ਼ਬਾਰਾਂ ਤੋਂ ਧਿਆਨ ਚੰਦ ਨੂੰ ਭਰਵੀਂ ਦਾਦ ਮਿਲੀ। ਉਸ ਨੇ ਨੌਕਰੀ ਕਰਨ ਨਾਲ ਪੜ੍ਹਾਈ ਵੀ ਜਾਰੀ ਰੱਖੀ ਤੇ ਪ੍ਰਾਈਵੇਟ ਤੌਰ ’ਤੇ 1932 ਵਿੱਚ ਵਿਕਟੋਰੀਆ ਕਾਲਜ ਗਵਾਲੀਅਰ ਤੋਂ ਗ੍ਰੈਜੂਏਸ਼ਨ ਕਰ ਲਈ ਜੋ ਅੱਗੇ ਜਾ ਕੇ ਉਹਦੇ ਬੜੇ ਕੰਮ ਆਈ। ਵਾਪਸ ਦੇਸ਼ ਪਰਤਣ ’ਤੇ 1927 ਵਿੱਚ ਧਿਆਨ ਚੰਦ ਨੂੰ ਲਾਂਸ ਨਾਇਕ ਬਣਾ ਦਿੱਤਾ ਗਿਆ।
ਇੰਡੀਅਨ ਹਾਕੀ ਵਿੱਚ ਵੱਡੀ ਛਾਲ ਉਦੋਂ ਵੱਜੀ ਜਦੋਂ ਇੰਡੀਅਨ ਹਾਕੀ ਫੈਡਰੇਸ਼ਨ ਨੇ ਹਾਕੀ ਟੀਮ 1928 ਦੀਆਂ ਓਲੰਪਿਕ ਖੇਡਾਂ ਵਿੱਚ ਐਮਸਟਰਡਮ ਭੇਜੀ। ਉਸ ਟੀਮ ਵਿੱਚ ਧਿਆਨ ਚੰਦ ਨੂੰ ਸੈਂਟਰ ਫਾਰਵਰਡ ਪਾਇਆ ਗਿਆ। ਐਮਸਟਰਡਮ ਜਾਣ ਤੋਂ ਪਹਿਲਾਂ ਭਾਰਤ ਵਿੱਚ ਇੰਟਰ ਪ੍ਰੋਵਿੰਸ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ ਸੀ ਜਿਸ ਵਿੱਚ ਯੂਪੀ, ਸੀਪੀ, ਪੰਜਾਬ, ਬੰਗਾਲ ਤੇ ਰਾਜਪੂਤਾਨਾ ਦੀਆਂ ਹਾਕੀ ਟੀਮਾਂ ਭਾਗ ਲੈਣ ਲੱਗ ਪਈਆਂ ਸਨ। ਓਲੰਪਿਕ ਖੇਡਾਂ ’ਚ ਜਾਣ ਸਮੇਂ ਇੰਡੀਅਨ ਹਾਕੀ ਫੈਡਰੇਸ਼ਨ ਪਾਸ ਪੈਸਿਆਂ ਦੀ ਘਾਟ ਸੀ। ਸਮੁੰਦਰੀ ਜਹਾਜ਼ ’ਚ ਚੜ੍ਹਨ ਤੋਂ ਪਹਿਲਾਂ ਉਸ ਟੀਮ ਦਾ ਇੱਕ ਨੁਮਾਇਸ਼ੀ ਮੈਚ ਬੰਬੇ ਇਲੈਵਨ ਨਾਲ ਕਰਾ ਕੇ ਕੁਝ ਪੈਸੇ ’ਕੱਠੇ ਕੀਤੇ ਗਏ। ਹੈਰਾਨੀ ਦੀ ਗੱਲ ਸੀ ਕਿ ਇੰਡੀਆ ਦੀ ਟੀਮ ਬੰਬੇ ਇਲੈਵਨ ਤੋਂ 3-2 ਗੋਲਾਂ ਨਾਲ ਹਾਰ ਗਈ! ਤਸੱਲੀ ਦੀ ਗੱਲ ਇਹੋ ਸੀ ਕਿ ਇੰਡੀਆ ਦੀ ਟੀਮ ਵੱਲੋਂ ਦੋਵੇਂ ਗੋਲ ਧਿਆਨ ਚੰਦ ਨੇ ਕੀਤੇ। ਉਸ ਵੇਲੇ ਕੇਵਲ ਤਿੰਨ ਜਣਿਆਂ ਨੇ ਟੀਮ ਨੂੰ ਵਿਦਾ ਕੀਤਾ।
ਭਾਰਤ ਦੀ ਹਾਕੀ ਟੀਮ ਲੈ ਕੇ ਜਾਣ ਵਾਲਾ ਜਹਾਜ਼ ਐਮਸਟਰਡਮ ਪੁੱਜਾ ਤਾਂ ਬਰਤਾਨੀਆ ਨੇ ਆਪਣੀ ਹਾਕੀ ਦੀ ਟੀਮ ਓਲੰਪਿਕ ਖੇਡਾਂ ’ਚੋਂ ਵਾਪਸ ਲੈ ਲਈ। ਉਸ ਨੂੰ ਡਰ ਸੀ ਕਿ ਬ੍ਰਿਟਿਸ਼ ਇੰਡੀਆ ਹੱਥੋਂ ਹਾਰ ਨਾ ਜਾਵੇ ਜੋ ਵੱਡੀ ਨਮੋਸ਼ੀ ਵਾਲੀ ਗੱਲ ਹੋਣੀ ਸੀ ਕਿ ਹਾਕਮ ਆਪਣੇ ਗ਼ੁਲਾਮਾਂ ਕੋਲੋਂ ਹਾਰ ਗਏ! ਜਦੋਂ ਤੱਕ ਬਰਤਾਨੀਆ ਭਾਰਤ ਉਤੇ ਰਾਜ ਕਰਦਾ ਰਿਹਾ, ਉਹ ਕਦੇ ਵੀ ਭਾਰਤ ਖ਼ਿਲਾਫ ਹਾਕੀ ਨਾ ਖੇਡਿਆ। ਇਹ ਵੱਖਰੀ ਗੱਲ ਹੈ ਕਿ ਐਂਗਲੋ-ਇੰਡੀਅਨ ਖਿਡਾਰੀ ਭਾਰਤ ਵੱਲੋਂ ਖੇਡਦੇ ਰਹੇ। ਇਹਦਾ ਵਿਸਥਾਰ ਉਸ ਸਮੇਂ ਦੇ ਅਖ਼ਬਾਰਾਂ ਵਿੱਚ ਛਪਿਆ।
24 ਅਪਰੈਲ 1928 ਨੂੰ ਭਾਰਤ ਦੀ ਟੀਮ ਐਮਸਟਰਡਮ ਅੱਪੜੀ। 17 ਮਈ ਨੂੰ ਓਲੰਪਿਕ ਹਾਕੀ ਦੇ ਮੈਚ ਸ਼ੁਰੂ ਹੋਏ। ਭਾਰਤ ਨੇ ਪਹਿਲੇ ਮੈਚ ਵਿੱਚ ਆਸਟਰੀਆ ਨੂੰ 6-0 ਗੋਲਾਂ ਨਾਲ ਹਰਾਇਆ ਜਿਸ ਵਿੱਚ ਧਿਆਨ ਚੰਦ ਨੇ 3 ਗੋਲ ਕੀਤੇ। ਅਗਲੇ ਦਿਨ ਬੈਲਜੀਅਮ ਸਿਰ 9-0 ਗੋਲ ਕੀਤੇ ਜਿਨ੍ਹਾਂ ’ਚ ਧਿਆਨ ਚੰਦ ਇੱਕੋ ਗੋਲ ਕਰ ਸਕਿਆ। 20 ਮਈ ਦਾ ਮੈਚ ਭਾਰਤ ਨੇ ਡੈਨਮਾਰਕ ਨੂੰ 5-0 ਗੋਲਾਂ ਨਾਲ ਹਰਾ ਕੇ ਜਿੱਤਿਆ ਜਿਸ ’ਚ ਧਿਆਨ ਚੰਦ ਨੇ ਫਿਰ 3 ਗੋਲ ਕੀਤੇ। ਅਗਲਾ ਮੈਚ ਸਵਿਟਰਜ਼ਰਲੈਂਡ ਵਿਰੁੱਧ ਸੀ ਜੋ ਧਿਆਨ ਚੰਦ ਦੇ 4 ਗੋਲਾਂ ਸਮੇਤ ਭਾਰਤ ਨੇ 6-0 ਗੋਲਾਂ ਨਾਲ ਜਿੱਤਿਆ। ਫਾਈਨਲ ਮੈਚ ਸਥਾਨਕ ਟੀਮ ਨੀਦਰਲੈਂਡਜ਼ ਵਿਰੁੱਧ ਸੀ। ਉਸ ਵਿੱਚ ਧਿਆਨ ਚੰਦ ਨੇ 2 ਗੋਲ ਕੀਤੇ ਤੇ ਭਾਰਤ 3-0 ਗੋਲਾਂ ਨਾਲ ਗੋਲਡ ਮੈਡਲ ਜਿੱਤ ਗਿਆ। ਧਿਆਨ ਚੰਦ 14 ਗੋਲਾਂ ਨਾਲ ਟੌਪ ਸਕੋਰਰ ਰਿਹਾ। ਉਦੋਂ ਅਖ਼ਬਾਰਾਂ ’ਚ ਛਪਿਆ ਕਿ ਭਾਰਤੀ ਖਿਡਾਰੀ ਚਮਤਕਾਰੀ ਹਾਕੀ ਖੇਡਦੇ ਹਨ। ਨੀਦਰਲੈਂਡਜ਼ ਦੇ ਅਧਿਕਾਰੀਆਂ ਨੇ ਧਿਆਨ ਚੰਦ ਦੀ ਹਾਕੀ ਦੀ ਪੂਰੀ ਪਰਖ ਕੀਤੀ ਕਿ ਇਸ ਵਿੱਚ ਮੈਗਨਿਟ ਤਾਂ ਨਹੀਂ ਪਾਇਆ ਹੋਇਆ? ਇੱਕ ਬਜ਼ੁਰਗ ਔਰਤ ਨੇ ਤਾਂ ਆਪਣੀ ਖੂੰਡੀ ਧਿਆਨ ਚੰਦ ਨੂੰ ਫੜਾ ਕੇ ਕਿਹਾ: ਤਦ ਮੰਨਾਗੀ ਜੇ ਆਪਣੀ ਹਾਕੀ ਦੀ ਥਾਂ ਇਸ ਖੂੰਡੀ ਨਾਲ ਗੋਲ ਕਰ ਕੇ ਵਿਖਾਵੇਂ। ਧਿਆਨ ਚੰਦ ਨੇ ਉਸ ਖੂੰਡੀ ਨਾਲ ਵੀ ਗੋਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ! ਭਾਰਤ ਦੀ ਹਾਕੀ ਟੀਮ ਨੂੰ ਵਿਦਾ ਕਰਨ ਵੇਲੇ ਬੇਸ਼ੱਕ ਤਿੰਨ ਜਣੇ ਹੀ ਹਾਜ਼ਰ ਸਨ, ਪਰ ਗੋਲਡ ਮੈਡਲ ਜਿੱਤ ਕੇ ਮੁੜੀ ਟੀਮ ਦਾ ਸਵਾਗਤ ਕਰਨ ਵੇਲੇ ਹਜ਼ਾਰਾਂ ਲੋਕ ਹਾਜ਼ਰ ਹੋਏ!
1932 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੋਈਆਂ ਜਿੱਥੇ ਹਾਕੀ ਦੀਆਂ ਕੇਵਲ ਤਿੰਨ ਭਾਰਤ, ਜਪਾਨ ਤੇ ਮੇਜ਼ਬਾਨ ਅਮਰੀਕਾ ਦੀਆਂ ਟੀਮਾਂ ਨੇ ਭਾਗ ਲਿਆ। ਉੱਥੇ ਭਾਰਤ ਦੀ ਟੀਮ ਨੇ ਗੋਲ ਕਰਨ ਦੀ ’ਨ੍ਹੇਰੀ ਲਿਆ ਦਿੱਤੀ। ਉਸ ਨੇ ਸ਼ੁਗਲ ਕਰਦਿਆਂ ਜਪਾਨ ਨੂੰ 11-1 ਤੇ ਅਮਰੀਕਾ ਨੂੰ 24-1 ਗੋਲਾਂ ਨਾਲ ਹਰਾ ਕੇ ਦੂਜੀ ਵਾਰ ਗੋਲਡ ਮੈਡਲ ਜਿੱਤ ਲਿਆ। ਭਾਰਤ ਦੇ ਕੁਲ 35 ਗੋਲਾਂ ’ਚੋਂ ਧਿਆਨ ਚੰਦ ਤੇ ਉਸ ਦੇ ਭਰਾ ਰੂਪ ਸਿੰਘ ਨੇ 25 ਗੋਲ ਕੀਤੇ। 1936 ਦੀਆਂ ਓਲੰਪਿਕ ਖੇਡਾਂ ਸਮੇਂ ਧਿਆਨ ਚੰਦ ਨੂੰ ਭਾਰਤ ਦੀ ਟੀਮ ਦਾ ਕਪਤਾਨ ਬਣਾਇਆ ਗਿਆ। ਬਰਲਿਨ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਦਰਸ਼ਕਾਂ ਨੇ ਹਾਕੀ ਦੀ ਖੇਡ ਵੇਖੀ। ਜਰਮਨੀ ਦਾ ਤਾਨਾਸ਼ਾਹ ਹਿਟਲਰ ਵੀ ਹਾਜ਼ਰ ਸੀ। ਉੱਥੇ ਭਾਰਤ ਨੇ ਹੰਗਰੀ ਨੂੰ 4-1, ਅਮਰੀਕਾ ਨੂੰ 7-0, ਜਪਾਨ ਨੂੰ 9-0, ਫਰਾਂਸ ਨੂੰ ਸੈਮੀ ਫਾਈਨਲ ’ਚ 10-0 ਅਤੇ ਫਾਈਨਲ ਮੈਚ ਵਿੱਚ ਜਰਮਨੀ ਨੂੰ 8-1 ਗੋਲਾਂ ਨਾਲ ਹਰਾ ਕੇ ਓਲੰਪਿਕ ਖੇਡਾਂ ਦੇ ਗੋਲਡ ਮੈਡਲਾਂ ਦਾ ਹੈਟ੍ਰਿਕ ਮਾਰਿਆ। ਧਿਆਨ ਚੰਦ ਨੇ ਫਾਈਨਲ ਮੈਚ ਵਿੱਚ 3 ਗੋਲ ਕੀਤੇ। ਤਿੰਨ ਓਲੰਪਿਕਸ ਵਿੱਚ ਉਹ 12 ਮੈਚ ਖੇਡਿਆ ਜਿਨ੍ਹਾਂ ’ਚ 33 ਗੋਲ ਕਰ ਕੇ ਦੁਨੀਆ ਨੂੰ ਹੈਰਾਨ ਕਰ ਗਿਆ। 1940 ਤੇ 1944 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। ਜੇਕਰ ਉਹ ਵੀ ਹੋ ਜਾਂਦੀਆਂ ਤਾਂ ਧਿਆਨ ਚੰਦ ਦੇ ਓਲੰਪਿਕ ਗੋਲਾਂ ਦੀ ਗਿਣਤੀ ਪਤਾ ਨਹੀਂ ਕਿੰਨੀ ਹੁੰਦੀ? ਅਡੋਲਫ ਹਿਟਲਰ ਨੇ ਐਵੇਂ ਨਹੀ ਸੀ ਉਸ ਨੂੰ ਫ਼ੌਜ ਦਾ ਵੱਡਾ ਅਫ਼ਸਰ ਬਣਾਉਣ ਦੀ ਪੇਸ਼ਕਸ਼ ਕੀਤੀ ਜੋ ਧਿਆਨ ਚੰਦ ਨੇ ਨਿਮਰਤਾ ਸਹਿਤ ਨਹੀਂ ਸੀ ਮੰਨੀ।
ਦੇਸ਼ ਆਜ਼ਾਦ ਹੋਣ ਪਿੱਛੋਂ ਭਾਰਤ ਨੇ ਉਸ ਨੂੰ ਮੇਜਰ ਦਾ ਖ਼ਿਤਾਬ ਦੇ ਕੇ ਸੇਵਾ ਮੁਕਤ ਕੀਤਾ। 1956 ਵਿੱਚ ਪਦਮ ਭੂਸ਼ਨ ਦਾ ਪੁਰਸਕਾਰ ਦਿੱਤਾ। ਬਾਅਦ ਵਿੱਚ ਉਹ ਭਾਰਤੀ ਟੀਮਾਂ ਨੂੰ ਕੋਚਿੰਗ ਦਿੰਦਾ ਰਿਹਾ। ਉਮਰ ਦੇ ਆਖ਼ਰੀ ਦਿਨ ਉਸ ਨੇ ਤੰਗੀ ਤੁਰਸ਼ੀ ਦੇ ਕੱਟੇ। ਉਸ ਨੂੰ ਜਿਗਰ ਦਾ ਕੈਂਸਰ ਹੋ ਗਿਆ ਸੀ ਤੇ ਉਹ 3 ਦਸੰਬਰ 1979 ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਿੱਲੀ ਵਿੱਚ ਪਰਲੋਕ ਸਿਧਾਰ ਗਿਆ। ਉਹਦਾ ਬੁੱਤ ਗਵਾਲੀਅਰ ਦੀ ਇੱਕ ਪਹਾੜੀ ’ਤੇ ਸਥਾਪਿਤ ਕੀਤਾ ਗਿਆ ਅਤੇ 1980 ਵਿੱਚ ਧਿਆਨ ਚੰਦ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ। ਧਿਆਨ ਚੰਦ ਇੱਕ ਲੀਜੈਂਡ ਸੀ ਜਿਸ ਦੀ ਦੰਦ ਕਥਾ ਬਣ ਗਈ ਹੈ। 29 ਅਗਸਤ ਦਾ ਦਿਨ ਹਰ ਸਾਲ ਆਉਂਦਾ ਰਹੇਗਾ ਤੇ ‘ਹਾਕੀ ਦਾ ਜਾਦੂਗਰ’ ਧਿਆਨ ਚੰਦ ਉਰਫ਼ ਧਿਆਨ ਸਿੰਘ ਵਾਰ ਵਾਰ ਯਾਦ ਕੀਤਾ ਜਾਂਦਾ ਰਹੇਗਾ।
ਈ-ਮੇਲ: principalsarwansingh@gmail.com