ਗੋਲਾਂ ਦੀ ਝੜੀ ਲਾਉਣ ਵਾਲਾ ਧਿਆਨ ਚੰਦ
ਪ੍ਰਿੰ. ਸਰਵਣ ਸਿੰਘ
ਹਾਕੀ ਦਾ ‘ਜਾਦੂਗਰ’ ਕਹੇ ਜਾਂਦੇ ਧਿਆਨ ਚੰਦ ਦਾ ਅਸਲੀ ਨਾਂ ਧਿਆਨ ਸਿੰਘ ਸੀ। ਉਹ ਫ਼ੌਜ ਵਿੱਚ ਭਰਤੀ ਹੋ ਕੇ ਹਾਕੀ ਖੇਡਣ ਲੱਗਾ ਤਾਂ ਰਾਤ ਨੂੰ ਵੀ ਚੰਦ ਚਾਨਣੀ ’ਚ ਖੇਡਦਾ ਰਹਿੰਦਾ। ਉਹਦੇ ਸਾਥੀ ਉਸ ਨੂੰ ‘ਧਿਆਨ ਚੰਦ’ ਕਹਿਣ ਲੱਗ ਪਏ ਤੇ ਉਸ ਦਾ ਨਾਂ ਧਿਆਨ ਚੰਦ ਹੀ ਪੱਕ ਗਿਆ। ਉਸ ਦਾ ਜਨਮ 29 ਅਗਸਤ 1905 ਨੂੰ ਅਲਾਹਾਬਾਦ ਵਿੱਚ ਫ਼ੌਜੀ ਸਮੇਸ਼ਵਰ ਸਿੰਘ ਰਾਜਪੂਤ ਤੇ ਮਾਤਾ ਸ਼ਾਰਧਾ ਸਿੰਘ ਦੇ ਘਰ ਹੋਇਆ ਸੀ। ਉਸ ਦੇ ਦੋ ਭਰਾ ਸਨ ਮੂਲ ਸਿੰਘ ਤੇ ਰੂਪ ਸਿੰਘ। ਰੂਪ ਸਿੰਘ ਵੀ ਧਿਆਨ ਸਿੰਘ ਵਾਂਗ ਬ੍ਰਿਟਿਸ਼ ਇੰਡੀਆ ਦੀਆਂ ਹਾਕੀ ਟੀਮਾਂ ਵਿੱਚ ਖੇਡਦਾ ਰਿਹਾ ਤੇ ਭਰਾ ਨਾਲ ਗੋਲਾਂ ਦੀਆਂ ਝੜੀਆਂ ਲਾਉਂਦਾ ਰਿਹਾ। ਰੂਪ ਸਿੰਘ ਨੇ ਲਾਸ ਏਂਜਲਸ ਓਲੰਪਿਕ-1932 ਵਿੱਚ ਅਮਰੀਕਾ ਸਿਰ 12 ਗੋਲ ਕੀਤੇ ਸਨ।
ਧਿਆਨ ਚੰਦ ਦਾ ਬਾਲ ’ਤੇ ਏਨਾ ਕੰਟਰੋਲ ਸੀ ਕਿ ਫਰਿਸ਼ਤੇ ਵੀ ਉਸ ਤੋਂ ਬਾਲ ਨਹੀਂ ਸਨ ਖੋਹ ਸਕਦੇ। ਉਹਦੀ ਡ੍ਰਿਬਲਿੰਗ ਚਕਾਚੌਂਧ ਕਰਨ ਵਾਲੀ ਸੀ। ਉਹ ਗੋਲ ਲਾਈਨ ਤੋਂ ਵਿਰੋਧੀ ਧਿਰ ਦੀ ਗੋਲ ਲਾਈਨ ਤੱਕ ਬਾਲ ਨੂੰ ਹਾਕੀ ਨਾਲ ਚਿਪਕਾਈਂ ਡੀ ਵਿੱਚ ਪਹੁੰਚਦਾ ਤੇ ਡਾਜ ਮਾਰ ਕੇ ਗੋਲ ਦਾ ਫੱਟਾ ਖੜਕਾ ਦਿੰਦਾ। ਇੱਕ ਵਾਰ ਉਹ ਡੀ ’ਚੋਂ ਬਾਲ ਹਾਕੀ ’ਤੇ ਚੁੱਕ ਕੇ ਵਿਰੋਧੀਆਂ ਦੀ ਡੀ ਵਿੱਚ ਪਹੁੰਚ ਗਿਆ ਤੇ ਗੋਲ ਕਰ ਆਇਆ ਸੀ। ਉਦੋਂ ਤੋਂ ਦਰਸ਼ਕ ਉਸ ਨੂੰ ‘ਹਾਕੀ ਦਾ ਜਾਦੂਗਰ’ ਕਹਿਣ ਲੱਗ ਪਏ ਸਨ।
ਓਲੰਪਿਕ ਖੇਡਾਂ ’ਚ ਮੈਡਲਾਂ ਦਾ ਗੋਲਡਨ ਹੈਟ੍ਰਿਕ ਮਾਰਨ ਸਮੇਤ ਉਸ ਨੇ 1926 ਤੋਂ 1964 ਤੱਕ 185 ਅੰਤਰਰਾਸ਼ਟਰੀ ਮੈਚਾਂ ਵਿੱਚ 570 ਗੋਲ ਕੀਤੇ ਸਨ। ਉਸ ਦੀ ਸਵੈਜੀਵਨੀ ਦਾ ਨਾਂ ਵੀ ‘ਗੋਲ’ ਹੈ ਜੋ ਅੰਗਰੇਜ਼ੀ ਤੇ ਹਿੰਦੀ ’ਚ ਛਪੀ ਹੈ। ਭਾਰਤ ਸਰਕਾਰ ਨੇ ਧਿਆਨ ਚੰਦ ਨੂੰ ਪਦਮ ਭੂਸ਼ਨ ਪੁਰਸਕਾਰ ਦਿੱਤਾ ਤੇ ਉਹਦਾ ਜਨਮ ਦਿਨ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂ ਮੇਜਰ ਧਿਆਨ ਚੰਦ ਸਟੇਡੀਅਮ ਰੱਖਿਆ ਤੇ ਉਹਦੇ ਨਾਂ ’ਤੇ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ ਦਿੱਤੇ ਜਾਂਦੇ ਹਨ। ਝਾਂਸੀ, ਗਵਾਲੀਅਰ, ਪਟਿਆਲਾ ਤੇ ਕੁਝ ਹੋਰਨੀਂ ਥਾਈਂ ਖੇਡ ਮੈਦਾਨਾਂ, ਖੇਡ ਭਵਨਾਂ ਤੇ ਖੇਡ ਹੋਸਟਲਾਂ ਨਾਲ ਉਸ ਦਾ ਨਾਂ ਜੋੜਿਆ ਗਿਆ ਹੈ। ਭਾਰਤ ਵਿੱਚ ਜਿੰਨੀ ਮਾਨਤਾ ਧਿਆਨ ਚੰਦ ਨੂੰ ਮਿਲੀ ਹੈ ਸ਼ਾਇਦ ਹੀ ਕਿਸੇ ਹੋਰ ਖਿਡਾਰੀ ਨੂੰ ਮਿਲੀ ਹੋਵੇ। ਇਹ ਵੱਖਰੀ ਗੱਲ ਹੈ ਕਿ ਭਾਰਤ ਰਤਨ ਪੁਰਸਕਾਰ ਹਾਲੇ ਤੱਕ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਬਿਨਾਂ ਕਿਸੇ ਹੋਰ ਖਿਡਾਰੀ ਨੂੰ ਨਹੀਂ ਮਿਲਿਆ।
ਭਾਰਤ ਦੀ ਹਾਕੀ ’ਚ ਵੱਡੀ ਛਾਲ ਉਦੋਂ ਵੱਜੀ ਸੀ ਜਦੋਂ ਇੰਡੀਅਨ ਹਾਕੀ ਫੈਡਰੇਸ਼ਨ ਨੇ ਓਲੰਪਿਕ ਖੇਡਾਂ-1928 ਵਿੱਚ ਆਪਣੀ ਟੀਮ ਐਮਸਟਰਡਮ ਭੇਜੀ। ਉਸ ਟੀਮ ’ਚ ਧਿਆਨ ਚੰਦ ਨੂੰ ਸੈਂਟਰ ਫਾਰਵਰਡ ਪਾਇਆ ਗਿਆ। ਭਾਰਤ ਦੀ ਹਾਕੀ ਟੀਮ ਲੈ ਕੇ ਜਾਣ ਵਾਲਾ ਜਹਾਜ਼ ਐਮਸਟਰਡਮ ਪੁੱਜਾ ਤਾਂ ਬਰਤਾਨੀਆ ਨੇ ਆਪਣੀ ਹਾਕੀ ਦੀ ਟੀਮ ਓਲੰਪਿਕ ਖੇਡਾਂ ’ਚੋਂ ਵਾਪਸ ਲੈ ਲਈ। ਉਸ ਨੂੰ ਡਰ ਸੀ ਕਿ ‘ਗ੍ਰੇਟ ਬ੍ਰਿਟਨ’ ਬ੍ਰਿਟਿਸ਼ ਇੰਡੀਆ ਹੱਥੋਂ ਹਾਰ ਨਾ ਜਾਵੇ ਜੋ ਵੱਡੀ ਨਮੋਸ਼ੀ ਵਾਲੀ ਗੱਲ ਹੋਣੀ ਸੀ ਕਿ ਹਾਕਮ ਆਪਣੇ ਗ਼ੁਲਾਮਾਂ ਕੋਲੋਂ ਹਾਰ ਗਏ! ਜਦੋਂ ਤੱਕ ਬਰਤਾਨੀਆ ਭਾਰਤ ’ਤੇ ਰਾਜ ਕਰਦਾ ਰਿਹਾ ਉਹ ਕਦੇ ਵੀ ਭਾਰਤ ਖ਼ਿਲਾਫ ਹਾਕੀ ਨਹੀਂ ਖੇਡਿਆ। ਇਹ ਵੱਖਰੀ ਗੱਲ ਹੈ ਕਿ ਐਂਗਲੋ-ਇੰਡੀਅਨ ਖਿਡਾਰੀ ਭਾਰਤ ਵੱਲੋਂ ਖੇਡਦੇ ਰਹੇ।
24 ਅਪਰੈਲ 1928 ਨੂੰ ਭਾਰਤ ਦੀ ਟੀਮ ਐਮਸਟਰਡਮ ਅੱਪੜੀ। 17 ਮਈ ਨੂੰ ਓਲੰਪਿਕ ਹਾਕੀ ਦੇ ਮੈਚ ਸ਼ੁਰੂ ਹੋਏ। ਭਾਰਤ ਨੇ ਪਹਿਲੇ ਮੈਚ ਵਿੱਚ ਆਸਟਰੀਆ ਨੂੰ 6-0 ਗੋਲਾਂ ਨਾਲ ਹਰਾਇਆ ਜਿਸ ਵਿੱਚ ਧਿਆਨ ਚੰਦ ਨੇ 3 ਗੋਲ ਕੀਤੇ। ਫਾਈਨਲ ਮੈਚ ਸਥਾਨਕ ਟੀਮ ਨੀਦਰਲੈਂਡਜ਼ ਵਿਰੁੱਧ ਸੀ। ਉਸ ਵਿੱਚ ਧਿਆਨ ਚੰਦ ਨੇ 2 ਗੋਲ ਕੀਤੇ ਤੇ ਭਾਰਤ 3-0 ਗੋਲਾਂ ਨਾਲ ਗੋਲਡ ਮੈਡਲ ਜਿੱਤ ਗਿਆ। ਧਿਆਨ ਚੰਦ 14 ਗੋਲਾਂ ਨਾਲ ਟੌਪ ਸਕੋਰਰ ਰਿਹਾ। ਨੀਦਰਲੈਂਡਜ਼ ਦੇ ਅਧਿਕਾਰੀਆਂ ਨੇ ਧਿਆਨ ਚੰਦ ਦੀ ਹਾਕੀ ਦੀ ਪੂਰੀ ਪਰਖ ਕੀਤੀ ਕਿ ਇਸ ਵਿੱਚ ਚੁੰਬਕ ਤਾਂ ਨਹੀਂ ਪਾਇਆ ਹੋਇਆ? ਇੱਕ ਬੁੱਢੀ ਔਰਤ ਨੇ ਆਪਣੀ ਖੂੰਡੀ ਧਿਆਨ ਚੰਦ ਨੂੰ ਫੜਾ ਕੇ ਕਿਹਾ: ਤਦ ਮੰਨਾਗੀ ਜੇ ਇਸ ਖੂੰਡੀ ਨਾਲ ਗੋਲ ਕਰ ਕੇ ਵਿਖਾਵੇਂ। ਧਿਆਨ ਚੰਦ ਨੇ ਉਸ ਖੂੰਡੀ ਨਾਲ ਵੀ ਗੋਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ।
1932 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੋਈਆਂ ਜਿੱਥੇ ਹਾਕੀ ਦੀਆਂ ਕੇਵਲ ਤਿੰਨ ਟੀਮਾਂ ਭਾਰਤ, ਜਾਪਾਨ ਤੇ ਮੇਜ਼ਬਾਨ ਅਮਰੀਕਾ ਨੇ ਭਾਗ ਲਿਆ। ਉੱਥੇ ਭਾਰਤ ਦੀ ਟੀਮ ਨੇ ਗੋਲ ਕਰਨ ਦੀ ਹਨੇਰੀ ਹੀ ਲਿਆ ਦਿੱਤੀ। ਉਸ ਨੇ ਜਪਾਨ ਨੂੰ 11-1 ਤੇ ਅਮਰੀਕਾ ਨੂੰ 24-1 ਗੋਲਾਂ ਨਾਲ ਹਰਾ ਕੇ ਦੂਜੀ ਵਾਰ ਗੋਲਡ ਮੈਡਲ ਜਿੱਤ ਲਿਆ। ਭਾਰਤ ਦੇ ਕੁਲ 35 ਗੋਲਾਂ ’ਚੋਂ ਧਿਆਨ ਚੰਦ ਤੇ ਉਸ ਦੇ ਭਰਾ ਰੂਪ ਸਿੰਘ ਨੇ 25 ਗੋਲ ਕੀਤੇ। 1936 ਦੀਆਂ ਓਲੰਪਿਕ ਖੇਡਾਂ ਸਮੇਂ ਧਿਆਨ ਚੰਦ ਨੂੰ ਭਾਰਤ ਦੀ ਟੀਮ ਦਾ ਕਪਤਾਨ ਬਣਾਇਆ ਗਿਆ। ਬਰਲਿਨ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਦਰਸ਼ਕਾਂ ਨੇ ਹਾਕੀ ਦੀ ਖੇਡ ਵੇਖੀ। ਜਰਮਨੀ ਦਾ ਡਿਕਟੇਟਰ ਹਿਟਲਰ ਵੀ ਉੱਥੇ ਹਾਜ਼ਰ ਸੀ। ਉੱਥੇ ਭਾਰਤ ਨੇ ਹੰਗਰੀ ਨੂੰ 4-1, ਅਮਰੀਕਾ ਨੂੰ 7-0, ਜਪਾਨ ਨੂੰ 9-0, ਫਰਾਂਸ ਨੂੰ ਸੈਮੀ ਫਾਈਨਲ ’ਚ 10-0 ਅਤੇ ਫਾਈਨਲ ਮੈਚ ਵਿੱਚ ਜਰਮਨੀ ਨੂੰ 8-1 ਗੋਲਾਂ ਨਾਲ ਹਰਾ ਕੇ ਓਲੰਪਿਕ ਖੇਡਾਂ ਦੇ ਗੋਲਡ ਮੈਡਲਾਂ ਦਾ ਹੈਟ੍ਰਿਕ ਮਾਰਿਆ। ਧਿਆਨ ਚੰਦ ਨੇ ਫਾਈਨਲ ਮੈਚ ਵਿੱਚ 3 ਗੋਲ ਕੀਤੇ। ਤਿੰਨ ਓਲੰਪਿਕਸ ਵਿੱਚ ਉਹ 12 ਮੈਚ ਖੇਡਿਆ ਜਿਨ੍ਹਾਂ ’ਚ 33 ਗੋਲ ਕਰ ਕੇ ਦੁਨੀਆ ਨੂੰ ਹੈਰਾਨ ਕਰ ਗਿਆ।
ਦੇਸ਼ ਆਜ਼ਾਦ ਹੋਣ ਪਿੱਛੋਂ ਭਾਰਤ ਨੇ ਉਸ ਨੂੰ ਮੇਜਰ ਦਾ ਖ਼ਿਤਾਬ ਦੇ ਕੇ ਸੇਵਾਮੁਕਤ ਕੀਤਾ। 1956 ਵਿੱਚ ਪਦਮ ਭੂਸ਼ਨ ਦਾ ਪੁਰਸਕਾਰ ਦਿੱਤਾ। ਬਾਅਦ ਵਿੱਚ ਉਹ ਭਾਰਤੀ ਟੀਮਾਂ ਨੂੰ ਕੋਚਿੰਗ ਦਿੰਦਾ ਰਿਹਾ। ਉਮਰ ਦੇ ਆਖ਼ਰੀ ਦਿਨ ਉਸ ਨੇ ਤੰਗੀ ਤੁਰਸ਼ੀ ਵਿੱਚ ਕੱਟੇ। ਉਸ ਨੂੰ ਜਿਗਰ ਦਾ ਕੈਂਸਰ ਹੋ ਗਿਆ ਸੀ ਤੇ ਉਹ 3 ਦਸੰਬਰ 1979 ਨੂੰ ਏਮਜ਼ ਦਿੱਲੀ ਵਿੱਚ ਪਰਲੋਕ ਸਿਧਾਰ ਗਿਆ। ਉਹਦਾ ਬੁੱਤ ਗਵਾਲੀਅਰ ਦੀ ਇੱਕ ਪਹਾੜੀ ’ਤੇ ਸਥਾਪਿਤ ਕੀਤਾ ਗਿਆ ਅਤੇ 1980 ਵਿੱਚ ਧਿਆਨ ਚੰਦ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ। ਧਿਆਨ ਚੰਦ ਦੀ ਦੰਦ ਕਥਾ ਬਣ ਗਈ ਹੈ। 29 ਅਗਸਤ ਦਾ ਦਿਨ ਹਰ ਸਾਲ ਆਉਂਦਾ ਰਹੇਗਾ ਤੇ ‘ਹਾਕੀ ਦਾ ਜਾਦੂਗਰ’ ਧਿਆਨ ਚੰਦ ਉਰਫ਼ ਧਿਆਨ ਸਿੰਘ ਵਾਰ ਵਾਰ ਯਾਦ ਆਵੇਗਾ।
ਈ-ਮੇਲ: principalsarwansingh@gmail.com