ਸਤਲੁਜ ਦਰਿਆ ’ਚ ਦੋ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟਿਆ
ਪਾਲ ਸਿੰਘ ਨੌਲੀ
ਜੰਲਧਰ,11 ਜੁਲਾਈ
ਸਤਲੁਜ ਦਰਿਆ ਵਿੱਚ ਆਏ ਮੂੰਹ ਜ਼ੋਰ ਪਾਣੀ ਨੇ ਦੋ ਥਾਵਾਂ ਤੋਂ ਬੰਨ੍ਹ ਤੋੜ ਦਿੱਤਾ ਹੈ। ਧੁੱਸੀ ਬੰਨ੍ਹ ਵਿੱਚ ਲੰਘੀ ਰਾਤ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਾੜ ਪੈ ਗਿਆ। ਇਕ ਪਾੜ 12.40 ਵਜੇ ਅਤੇ ਦੂਸਰਾ ਪਾੜ 2 ਵਜੇ ਦੇ ਕਰੀਬ ਪਿਆ। ਇਸ ਬੰਨ੍ਹ ਨੂੰ ਬਚਾਉਣ ਲਈ ਲੋਕ ਪਿਛਲੇ ਦੋ ਦਨਿਾਂ ਤੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਲੱਗੇ ਹੋਏ ਸਨ। ਅੱਖੀ ਦੇਖਣ ਵਾਲਿਆਂ ਅਨੁਸਾਰ ਪਹਿਲਾ ਬੰਨ੍ਹ ਵਿੱਚ ਘਰਲ ਪਿਆ। ਪਾਣੀ ਦਾ ਦਬਾਅ ਜ਼ਿਆਦਾ ਹੋਣ ਕਾਰਨ ਬੰਨ੍ਹ ਵਿੱਚ ਲੋਕਾਂ ਦੇ ਦੇਖਦਿਆ-ਦੇਖਦਿਆ ਹੀ ਪਾੜ ਪੈ ਗਿਆ।
ਸਤਲੁਜ ਦਰਿਆ ਵਿੱਚ ਪਾੜ ਨੂੰ ਪੂਰਨ ਦੀ ਤਿਆਰੀ ਵਿਚ ਇਲਾਕੇ ਦੇ ਲੋਕ ਡੱਟ ਗਏ ਹਨ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਾੜ ਹੋਰ ਚੌੜਾ ਹੋਣ ਤੋਂ ਬਚਾਉਣ ਲਈ ਮਿੱਟੀ ਦੇ ਬੋਰੇ ਭਰਨੇ ਸ਼ਰੂ ਕਰ ਦਿੱਤੇ ਹਨ। ਸੰਤ ਸੀਚੇਵਾਲ ਨੇ ਸਵੇਰੇ 7 ਵਜੇ ਤੋਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਡਰੇਨੇਜ਼ ਵਿਭਾਗ ਨੇ ਦੱਸਿਆ ਕਿ ਰੋਪੜ ਤੋਂ ਹੁਣ ਪਾਣੀ ਘੱਟ ਕੇ ਮਹਿਜ 27 ਹਜ਼ਾਰ ਕਿਊਸਿਕ ਰਹਿ ਗਿਆ ਹੈ, ਜਦ ਕਿ ਫਿਲੌਰ ਤੋਂ ਸਤਲੁਜ ਵਿਚ ਹੁਣ 1 ਲੱਖ 12 ਹਜ਼ਾਰ ਕਿਊਸਿਕ ਪਾਣੀ ਰਹਿ ਗਿਆ, ਜਦੋਂ ਬੰਨ੍ਹ ਟੁੱਟਿਆ ਸੀ ਉਦੋ ਤਿੰਨ ਲੱਖ ਕਿਊਸਿਕ ਪਾਣੀ ਸੀ।