ਧੂਰੀ ਗੰਨਾ ਮਿੱਲ: ਮੀਤ ਹੇਅਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ
ਬੀਰਬਲ ਰਿਸ਼ੀ
ਧੂਰੀ, 19 ਮਈ
ਗੰਨਾ ਮਿੱਲ ਧੂਰੀ ਬੰਦ ਹੋਣ ਦੇ ਮਾਮਲੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੀਟਿੰਗ ਕੀਤੀ। ਇਸ ਵਿੱਚ ਗੰਨਾ ਮਿੱਲ ਧੂਰੀ ਨੂੰ ਚਲਾਉਣ ਲਈ ਵਿਚਾਰਾਂ ਹੋਈਆਂ।
ਕਿਸਾਨ ਵਫ਼ਦ ’ਚ ਸ਼ਾਮਲ ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕਾਤਰੋਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਬਲਾਕ ਪ੍ਰਧਾਨ ਨਾਜ਼ਮ ਸਿੰਘ ਪੁੰਨਾਵਾਲ, ਕੁਲਹਿੰਦ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਕਾਂਝਲਾ ਤੇ ਬੀਕੇਯੂ ਕਾਦੀਆਂ ਦੇ ਦਰਸ਼ਨ ਸਿੰਘ ਬੁਗਰਾ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ‘ਆਪ’ ਉਮੀਦਵਾਰ ਨੂੰ ਦੱਸਿਆ ਕਿ ਗੰਨਾ ਮਿੱਲ ਮੈਨੇਜਮੈਂਟ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਗੱਲ ਕਰਨੀ ਸੀ ਪਰ ਉਨ੍ਹਾਂ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਇਸ ਮਗਰੋਂ ਉਨ੍ਹਾਂ ਮਿੱਲ ਬੰਦ ਕਰਨ ਦਾ ਫ਼ੈਸਲਾ ਲਿਆ।
ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹਲਕੇ ਅੰਦਰ ਚੱਲਦਾ ਗੰਨਾ ਮਿੱਲ ਆਲੇ-ਦੁਆਲੇ ਦੇ ਪੰਜ ਹਲਕਿਆਂ ਨਾਲ ਸਬੰਧਤ ਸੈਂਕੜੇ ਪਿੰਡਾਂ ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਮਿੱਲ ਦਾ ਕਿਸੇ ਕੀਮਤ ’ਤੇ ਮੁੜ ਚਾਲੂ ਹੋਣਾ ਸਮੇਂ ਦੀ ਮੁੱਖ ਲੋੜ ਹੈ। ‘ਆਪ’ ਉਮੀਦਵਾਰ ਸ੍ਰੀ ਹੇਅਰ ਨੇ ਕਿਸਾਨਾਂ ਤੋਂ ਚੋਣ ਜ਼ਾਬਤੇ ਦੇ ਮੱਦੇਨਜ਼ਰ ਕੁੱਝ ਸਮਾਂ ਮੰਗਿਆ ਅਤੇ ਇਸ ਕੰਮ ਨੂੰ ਸਿਰੇ ਲਗਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਕਿਸਾਨ ਜਥੇਬੰਦੀਆਂ ਨੇ ਪਿੰਡਾਂ ਵਿੱਚ ‘ਆਪ’ ਉਮੀਦਵਾਰ ਵਿਰੁੱਧ ਛੇੜੀ ‘ਭੰਡੀ ਪ੍ਰਚਾਰ ਮੁਹਿੰਮ’ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ, ਉਂਜ ਭਾਜਪਾ ਉਮੀਦਵਾਰ ਦਾ ਵਿਰੋਧ ਜਾਰੀ ਰੱਖਣ ਦਾ ਦਾਅਵਾ ਕੀਤਾ।
ਵਰਨਣਯੋਗ ਹੈ ਕਿ ‘ਆਪ’ ਉਮੀਦਵਾਰ ਵਿਰੁੱਧ ਇਹ ਕਿਸਾਨ ਜਥੇਬੰਦੀਆਂ ਤਿੰਨ ਦਰਜਨ ਪਿੰਡਾਂ ਵਿੱਚ ਲੋਕਾਂ ਤੱਕ ਪਹੁੰਚ ਕਰ ਚੁੱਕੀਆਂ ਹਨ ਤੇ ਹੁਣ ਹੋਰ ਪਿੰਡਾਂ ਵਿੱਚ ਜਾਣ ਦੀ ਵਿਉਂਤਬੰਦੀ ਉਲੀਕੀ ਜਾ ਰਹੀ ਸੀ।
ਐਡਵੋਕੇਟ ਬਲਰਾਜ ਸਿੰਘ ਚਹਿਲ ‘ਆਪ’ ਵਿੱਚ ਸ਼ਾਮਲ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਜ਼ਿਲ੍ਹਾ ਸਕੱਤਰ ਰਹੇ ਐਡਵੋਕੇਟ ਬਲਰਾਜ ਸਿੰਘ ਚਹਿਲ ਆਪਣੇ ਸੈਂਕੜੇ ਸਾਥੀਆਂ ਸਣੇ ਅਕਾਲੀ ਦਲ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਪਿੰਡ ਮਹਿਲਾਂ ਵਿੱਚ ਕਰਵਾਏ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਦਕਾ ਸ੍ਰੀ ਚਹਿਲ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਣੇ ‘ਆਪ’ ਦਾ ਪੱਲਾ ਫੜ ਲਿਆ। ਇਸ ਸਮੇਂ ਸ੍ਰੀ ਚੀਮਾ ਤੇ ਉਮੀਦਵਾਰ ਮੀਤ ਹੇਅਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਚਹਿਲ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ, ਮਹਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਘਰਾਚੋਂ ਤੇ ਹੋਰ ਆਗੂ ਸ਼ਾਮਲ ਸਨ।