ਧੂਰੀ ਹਲਕੇ ਦੀ ਹਰ ਪੱਖੋਂ ਨੁਹਾਰ ਬਦਲੀ ਜਾਵੇਗੀ: ਰਮਨਦੀਪ
ਖੇਤਰੀ ਪ੍ਰਤੀਨਿਧ
ਧੂਰੀ, 3 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਲਾਏ ਅਧਿਕਾਰੀ ਰਮਨਦੀਪ ਸਿੰਘ ਰਮਨ ਵੱਲੋਂ ਧੂਰੀ ਸ਼ਹਿਰ ਅੰਦਰ ਸਰਕਾਰੀ ਹਸਪਤਾਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਵਾਰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਸ੍ਰੀ ਰਮਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਜੱਦੀ ਹਲਕੇ ਧੂਰੀ ਦੀ ਹਰ ਪੱਖੋਂ ਨੁਹਾਰ ਬਦਲੀ ਜਾਵੇ ਤੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਅਤੀ ਆਧੁਨਿਕ ਮਸ਼ੀਨਾਂ ਤੇ ਚੰਗੇ ਤੇ ਤਜਰਬੇਕਾਰ ਡਾਕਟਰਾਂ ਨੂੰ ਤਾਇਨਾਤ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਬਾਹਰਲੇ ਸ਼ਹਿਰਾਂ ਵਿੱਚ ਜਾ ਕੇ ਮਹਿੰਗਾ ਇਲਾਜ ਕਰਵਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਮਾਲੇਰਕੋਟਲਾ ਤੋਂ ਸੰਗਰੂਰ ਨੂੰ ਜਾਂਦੀ ਨੂੰ ਨਵੇ ਸਿਰੇ ਤੋਂ ਬਣਾਇਆ ਜਾ ਰਿਹਾ ਜਿਸ ਦਾ ਟੈਂਡਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਸ਼ਹਿਰ ਦੇ ਜਿਹੜੇ ਮੁਹੱਲਿਆਂ ਵਿੱਚ ਪਾਣੀ ਦੀ ਸਹੀ ਨਿਕਾਸੀ ਨਹੀਂ ਹੋ ਰਹੀ ਉਨ੍ਹਾਂ ਵਾਰਡਾਂ ਵਿੱਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਇਸ ਮੁਸ਼ਕਲ ਦਾ ਹੱਲ ਜਲਦੀ ਕਰਨ। ਉਨ੍ਹਾਂ ਕਿਹਾ ਕਿ ਬੱਬਨਪੁਰ ਨਹਿਰ ਦੇ ਬਣੇ ਆਰਾਮ ਘਰ ਨੂੰ ਸਹੂਲਤਾਂ ਨਾਲ ਲੈਸ ਕਰਨ ਤੇ ਸ਼ਹਿਰ ਅੰਦਰ ਲੰਘਦੇ ਰਜਵਾਹੇ ਨੂੰ ਪੱਕਾ ਕਰਨ ਤੋਂ ਇਲਾਵਾ ਸ਼ਹਿਰ ਅੰਦਰ ਪਾਰਕਾਂ ਦੀ ਦਿਖ ਬਦਲੀ ਜਾ ਰਹੀ ਹੈ।