ਢੋਡੇਮਾਜਰਾ ਦੀ ਟੀਮ ਨੇ ਜਿੱਤਿਆ ਪੰਜੋਲਾ ਦਾ ਕਬੱਡੀ ਕੱਪ
ਪੱਤਰ ਪ੍ਰੇਰਕ
ਰੂਪਨਗਰ, 20 ਨਵੰਬਰ
ਸ਼ੇਰ-ਏ-ਪੰਜਾਬ ਯੂਥ ਕਲੱਬ ਪੰਜੋਲਾ ਅਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ਵਿੱਚ 80 ਬੈਲ ਗੱਡੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਹਰਮਨ ਝੱਲੀਆਂ ਦੀ ਬੈਲ ਗੱਡੀ ਪਹਿਲੇ, ਖੁਸ਼ੀਆ ਮੰਗਲੀ ਦੀ ਬੈਲ ਗੱਡੀ ਦੂਜੇ ਅਤੇ ਅਵਤਾਰ ਮਹੈਣ ਕਲਾਂ ਦੀ ਬੈਲ ਗੱਡੀ ਤੀਜੇ ਸਥਾਨ ’ਤੇ ਰਹੀ। ਪ੍ਰਬੰਧਕਾਂ ਵੱਲੋਂ 26 ਬੈਲ ਗੱਡੀਆਂ ਨੂੰ ਹੌਸਲਾ ਵਧਾਊ ਇਨਾਮ ਵੀ ਦਿੱਤੇ ਗਏ। ਕਬੱਡੀ ਦੇ 32 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਫਤਹਿਗੜ੍ਹ ਨਿਊਆਂ, 42 ਕਿੱਲੋ ਵਿੱਚ ਸਮਸਪੁਰ, 52 ਕਿੱਲੋ ਵਿੱਚ ਬੀਐੱਮਐੱਸ ਤੇ 57 ਕਿੱਲੋ ਵਿੱਚ ਬੀਐੱਮਐੱਸ ਪੰਜੋਲਾ ਦੀਆਂ ਟੀਮਾਂ ਪਹਿਲੇ ਨੰਬਰ ’ਤੇ ਰਹੀਆਂ। ਕਬੱਡੀ ਦੇ ਓਪਨ ਮੁਕਾਬਲਿਆਂ ਵਿੱਚ ਢੋਡੇਮਾਜਰਾ ਦੀ ਟੀਮ ਨੇ ਫਤਹਿਪੁਰ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ’ਤੇ ਕਬਜ਼ਾ ਕੀਤਾ। ਮੁੱਖ ਮਹਿਮਾਨ ਵਜੋਂ ਸ਼ੇਰ-ਏ-ਪੰਜਾਬ ਕਿਸਾਨ ਜਥੇਬੰਦੀ ਦੇ ਸੂਬਾਈ ਆਗੂ ਗੁਰਿੰਦਰ ਸਿੰਘ ਭੰਗੂ ਤੇ ਵਿਸ਼ੇਸ਼ ਮਹਿਮਾਨ ਵਜੋਂ ਡੀਐੱਸਪੀ ਤਰਲੋਚਨ ਸਿੰਘ, ਪਾਲ ਸਿੰਘ ਫਰਾਂਸ, ਸੁਖਵਿੰਦਰ ਸਿੰਘ ਗਿੱਲ, ਹੈਪੀ ਝੱਲੀਆਂ, ‘ਆਪ’ ਦੇ ਬਲਾਕ ਪ੍ਰਧਾਨ ਚਰਨ ਸਿੰਘ, ਗੁਰੀ ਕੈਨੇਡਾ ਤੇ ਚੀਨਾ ਯੂ.ਕੇ. ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸ਼ਹਬਿਾਜ਼ ਸਿੰਘ, ਸਰਬਜੀਤ ਸਿੰਘ ਦੁੱਲਾ, ਸਤਵਿੰਦਰ ਸਿੰਘ, ਧਰਮਿੰਦਰ ਸਿੰਘ ਮੋਟਰ ਗਰੁੱਪ, ਬਿੰਦਾ ਇਟਲੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।