ਅਕਾਲੀ ਦਲ ਦੇ ਉਮੀਦਵਾਰ ਦੀ ਹਮਾਇਤ ਨਹੀਂ ਕਰਨਗੇ ਢੀਂਡਸਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਿਹਾਇਸ਼ ’ਤੇ ਹੋਏ ਵਿਸ਼ਾਲ ਇਕੱਠ ਅਤੇ ਪਾਰਟੀ ਵਰਕਰਾਂ ਦੀ ਰਾਇ ਜਾਣਨ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਮਰਥਕ ਪਾਰਟੀ ਵਰਕਰ ਸੰਗਰੂਰ ਸੰਸਦੀ ਹਲਕੇ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿੱਚ ਨਹੀਂ ਚੱਲਣਗੇ ਅਤੇ ਘਰ ਬੈਠ ਜਾਣਗੇ।
ਸ੍ਰੀ ਢੀਂਡਸਾ ਨੇ ਕਿਹਾ ਕਿ ਭਾਵੇਂ ਪਾਰਟੀ ਵੱਲੋਂ ਉਨ੍ਹਾਂ ਨੂੰ ਸੁਨੇਹੇ ਆਏ ਕਿ ਪਾਰਟੀ ਟਿਕਟ ਬਦਲ ਦਿੰਦੇ ਹਾਂ ਪਰੰਤੂ ਉਨ੍ਹਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਟਿਕਟ ਨਹੀਂ ਲੈਣੀ, ਜੋ ਹੋਣਾ ਸੀ ਹੋ ਗਿਆ। ਸ੍ਰੀ ਢੀਂਡਸਾ ਨੇ ਕਿਹਾ ਕਿ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਨੂੰ ਭਾਜਪਾ ਅਤੇ ਕਾਂਗਰਸ ਪਾਰਟੀ ਵੱਲੋਂ ਵੀ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਉਹ ਅਕਾਲੀ ਸਨ, ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਰਥਕ ਪਾਰਟੀ ਵਰਕਰਾਂ ਨੇੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਕਬਾਲ ਸਿੰਘ ਝੂੰਦਾਂ ਨਾਲ ਬਿਲਕੁਲ ਨਹੀਂ ਚੱਲਣਗੇ। ਸ੍ਰੀ ਢੀਂਡਸਾ ਨੇ ਕਿਹਾ ਕਿ ਝੂੰਦਾਂ ਜਿੱਥੇ ਕਿਤੇ ਵੀ ਪ੍ਰਚਾਰ ਲਈ ਗਏ ਹਨ, ਉਨ੍ਹਾਂ ਦੇ (ਸਾਡੇ) ਵਰਕਰਾਂ ਨੂੰ ਨਹੀਂ ਬੁਲਾਇਆ ਗਿਆ। ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ’ਤੇ ਪੁੱਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ‘‘ਮੈਂ ਤੁਹਾਡਾ ਬੱਚਾ ਹਾਂ, ਮੁਆਫ਼ੀ ਮੰਗਦਾ ਹਾਂ, ਗ਼ਲਤੀ ਹੋ ਗਈ।’’ ਢੀਂਡਸਾ ਨੇ ਕਿਹਾ,‘‘ਮੁਆਫ਼ੀ ਤੇ ਗ਼ਲਤੀ ਦੀ ਗੱਲ ਨਹੀਂ ਸਗੋਂ ਵਿਸ਼ਵਾਸ ਟੁੱਟਿਆ ਹੈ।’’ ਇਸ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਕਰਨ ਤੇ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਦੇ ਇਰਾਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰਵਾਇਤਾਂ, ਸਿੱਖ ਸਿਧਾਂਤਾ ਅਤੇ ਸ਼ਾਨਦਾਰ ਰਵਾਇਤਾਂ ਅਨੁਸਾਰ ਚਲਾਉਣ ਬਾਰੇ ਫ਼ੈਸਲਾ ਹੋਇਆ ਸੀ ਪਰ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਵੇਲੇ ਪਾਰਟੀ ਸਿਧਾਤਾਂ ਅਨੁਕੂਲ ਫ਼ੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੰਥ ਤੇ ਪੰਜਾਬ ਦੀ ਮਜ਼ਬੂਤੀ ਲਈ ਯਤਨ ਜਾਰੀ ਰੱਖਿਆ ਜਾਵੇਗਾ।
ਸਾਨੂੰ ਅਕਾਲੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ: ਪਰਮਿੰਦਰ ਢੀਂਡਸਾ
ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ‘‘ਉਮੀਦਵਾਰ ਦਾ ਫ਼ੈਸਲਾ ਲੈਣ ਵਾਲਿਆਂ ਨੂੰ ਫ਼ੈਸਲਾ ਮੁਬਾਰਕ।’’ ਉਨ੍ਹਾਂ ਕਿਹਾ,‘‘ਅਸੀਂ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਹੈ ਤੇ ਕਰਦੇ ਰਹਾਂਗੇ। ਸਾਨੂੰ ਕਿਸੇ ਤੋਂ ਪੰਥ ਪ੍ਰਸਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਅਕਾਲੀ ਹੋਣ ਦਾ ਕੋਈ ਸਬੂਤ ਦੇਣ ਦੀ ਲੋੜ ਹੈ।’’ ਢੀਂਡਸਾ ਨੇ ਕਿਹਾ ਕਿ ਵਰਕਰਾਂ ਨੇ ਆਖ਼ ਦਿੱਤਾ ਹੈ ਕਿ ਉਹ ਝੂੰਦਾਂ ਦੇ ਨਾਲ ਨਹੀਂ ਚੱਲਣਗੇ, ਵਿਰੋਧ ਨਹੀਂ ਕਰਨਗੇ ਅਤੇ ਘਰ ਬੈਠ ਜਾਣਗੇ।