ਢੀਂਡਸਾ ਨੇ ਭਗਵੰਤ ਮਾਨ ਨੂੰ ਰਗੜੇ ਲਾਏ
ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 31 ਮਾਰਚ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਛਾਜਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਨੇ ਦੂਜੀਆਂ ਸਰਕਾਰਾਂ ਦੇ ਮੁਕਾਬਲੇ ਜਹਾਜ਼ਾਂ ਅਤੇ ਇਸ਼ਤਿਹਾਰਾਂ ’ਤੇ ਸੂਬੇ ਦਾ ਇਕ ਸਾਲ ਵਿੱਚ ਐਨਾ ਰੁਪਿਆ ਖਰਚ ਕੀਤਾ ਕਿ ਦੂਜੀਆਂ ਸਰਕਾਰਾਂ ਨੇ ਪੰਜ ਸਾਲਾਂ ਵਿੱਚ ਵੀ ਨਹੀਂ ਕੀਤਾ।
ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾਂ, ਟਿੱਬੀ ਰਵੀਦਾਸਪੁਰਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਕ ਪਾਸੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਚੌਵੀ ਘਰਾਂ ਦੇ ਕਮਾਊ ਪੁੱਤ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ, ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਨਾਲ ਗੀਤ ਗਾ ਕੇ ਜਸ਼ਨ ਮਨਾ ਰਿਹਾ ਹੁੰਦਾ, ਭਗਵੰਤ ਮਾਨ ਨੂੰ ਮਰ ਰਹੇ ਮਜ਼ਦੂਰਾਂ ਤੋਂ ਜ਼ਿਆਦਾ ਜੇਲ੍ਹ ’ਚ ਬੰਦ ਕੇਜਰੀਵਾਲ ਦਾ ਫ਼ਿਕਰ ਹੈ। ਇਸ ਮੌਕੇ ਜਥੇਦਾਰ ਤੇਜਾ ਸਿੰਘ ਕਮਾਲਪੁਰ, ਅਮਨਵੀਰ ਸਿੰਘ ਚੈਰੀ, ਕਰਨ ਘੁਮਾਣ ਕਨੇਡਾ, ਰਣਧੀਰ ਸਿੰਘ ਸਮੂਰਾਂ, ਜੀਵਨ ਦਿੜ੍ਹਬਾ, ਤਾਰੀ ਬਘਰੌਲ, ਵਿੱਕੀ ਛਾਜਲੀ, ਬਾਬਾ ਕਰਮ ਸਿੰਘ ਸੰਗਤੀਵਾਲਾ, ਜਥੇਦਾਰ ਭਰਪੂਰ ਸਿੰਘ, ਨਿਸ਼ਾਨ ਸਿੰਘ ਛਾਜਲੀ, ਅਮਰਜੀਤ ਸਿੰਘ, ਸ੍ਰੀ ਰਾਮ, ਗੰਗਾ ਸਿੰਘ, ਹਰਨੇਕ ਸਿੰਘ, ਮਾਸਟਰ ਰਣਜੀਤ ਸਿੰਘ ਛਾਜਲਾ, ਦਰਬਾਰਾ ਸਿੰਘ ਛਾਜਲਾ ਤੇ ਜੋਗਿੰਦਰ ਸਿੰਘ ਫ਼ੌਜੀ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ।