For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਗੜ੍ਹ ’ਤੇ ਢਿੱਲੋਂ ਨੇ ਲਹਿਰਾਇਆ ‘ਕਾਂਗਰਸ’ ਦਾ ਝੰਡਾ

08:00 AM Nov 24, 2024 IST
‘ਆਪ’ ਦੇ ਗੜ੍ਹ ’ਤੇ ਢਿੱਲੋਂ ਨੇ ਲਹਿਰਾਇਆ ‘ਕਾਂਗਰਸ’ ਦਾ ਝੰਡਾ
ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤ ਦਾ ਸਰਟੀਫਿਕੇਟ ਹਾਸਲ ਕਰਦੇ ਹੋਏ।
Advertisement

ਪਰਸ਼ੋਤਮ ਬੱਲੀ
ਬਰਨਾਲਾ, 23 ਨਵੰਬਰ
ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ‘ਆਪ’ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ 2,157 ਵੋਟਾਂ ਦੇ ਫ਼ਰਕ ਨਾਲ ਹਰਾ ਕੇ ‘ਆਪ’ ਦੀ ‘ਰਾਜਾਧਾਨੀ’ ਕਹੇ ਜਾਂਦੇ ਬਰਨਾਲਾ ’ਚ ‘ਪੰਜੇ’ ਦਾ ਝੰਡਾ ਲਹਿਰਾਇਆ ਹੈ। ਸੂਬੇ ਦੇ ਚਾਰ ਹਲਕਿਆਂ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਦੇ ਉਮੀਦਵਾਰਾਂ ’ਚ ਸਿਰਫ ਕਾਲਾ ਢਿੱਲੋਂ ਜੇਤੂ ਰਹੇ ਹਨ।
ਦੱਸਣਯੋਗ ਹੈ ਕਿ ਲੰਘੇ ਦਿਨੀਂ ਬਰਨਾਲਾ ’ਚ ਅਰਵਿੰਦ ਕੇਜਰੀਵਾਲ ਦੀ ਚੋਣ ਰੈਲੀ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਲ੍ਹਾ ਬਰਨਾਲਾ ਨੂੰ ‘ਆਪ’ ਦੀ ‘ਰਾਜਧਾਨੀ’ ਆਖਦਿਆਂ ਉਨ੍ਹਾਂ ਨੂੰ ਇੱਥੋਂ ‘ਆਪ’ ਦੀ ਯਕੀਨੀ ਜਿੱਤ ਦਾ ਭਰੋਸਾ ਦਿਵਾਇਆ ਸੀ। ਹਾਲਾਂਕਿ ਅੱਜ ਦੇ ਨਤੀਜੇ ਨੇ ਇਸ ‘ਰਾਜਧਾਨੀ’ ਵਿੱਚ ਕਾਂਗਰਸ ਦੇ ‘ਪੰਜੇ’ ਦਾ ਝੰਡਾ ਲਹਿਰਾ ਦਿੱਤਾ ਹੈ। ਐਲਾਨੇ ਨਤੀਜੇ ਅਨੁਸਾਰ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 28,254 ਵੋਟਾਂ ਲੈ ਕੇ ਜੇਤੂ ਬਣੇ ਜਦਕਿ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ 26,097, ਭਾਜਪਾ ਦੇ ਕੇਵਲ ਸਿੰਘ ਢਿੱਲੋਂ 17958, ‘ਆਪ’ ਦੇ ਬਾਗ਼ੀ ਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ 16,899 ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਾਂਝੇ ਪੰਥਕ ਉਮੀਦਵਾਰ ਗੋਬਿੰਦ ਸਿੰਘ ਸੰਧੂ 7,900 ਵੋਟਾਂ ਲੈ ਕੇ ਕ੍ਰਮਵਾਰ ਦੂਜੇ ,ਤੀਜੇ, ਚੌਥੇ ਅਤੇ ਪੰਜਵੇਂ ਸਥਾਨ ‘ਤੇ ਰਹੇ। ਜੇਤੂ ਐਲਾਨੇ ਜਾਣ ਮਗਰੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਕਾਫਲੇ ਨੇ ਸ਼ਹਿਰ ਵਿੱਚ ਧੰਨਵਾਦੀ ਮਾਰਚ ਕੱਢਿਆ।
ਕਾਲਾ ਢਿੱਲੋਂ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਜਿੱਤ ਸਮੂਹ ਹਲਕਾ ਵਾਸੀਆਂ ਤੇ ਕਾਂਗਰਸੀ ਵਰਕਰਾਂ ਦੀ ਜਿੱਤ ਹੈ। ਕਾਲਾ ਢਿੱਲੋਂ ਦੀ ਜਿੱਤ ’ਤੇ ਕਾਂਗਰਸੀ ਕਾਰਕੁਨਾਂ ਨੇ ਢੋਲ ਵਜਾ ਕੇ ਭੰਗੜਾ ਪਾਇਆ ਤੇ ਲੱਡੂ ਵੰਡ ਕੇ ਜਸ਼ਨ ਮਨਾਇਆ।

Advertisement

ਕਾਂਗਰਸ ਦੀ ਸਰਕਾਰ ਲਿਆਉਣ ਲਈ ਲੋਕ ਉਤਾਵਲੇ: ਸਿੰਗਲਾ

ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਤੇ ਬਲਬੀਰ ਸਿੰਘ ਸਿੱਧੂ ਨੇ ਇੱਥੇ ਕਾਲਾ ਢਿੱਲੋਂ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਆਖਿਆ ਕਿ ਲੋਕ ‘ਆਪ’ ਦੇ ਅਖੌਤੀ ‘ਬਦਲਾਅ’ ਤੋਂ ਅੱਕ ਚੁੱਕੇ ਹਨ ਅਤੇ ਹੁਣ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਜਿੱਤ ਨੇ 2027 ਵਿੱਚ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ।

Advertisement

ਡਿੱਪੀ ਢਿੱਲੋਂ ਨੇ ਰਾਜਾ ਵੜਿੰਗ ਦਾ ਗੜ੍ਹ ਫ਼ਤਹਿ ਕੀਤਾ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਦੇ ਹੌਟ ਸੀਟ ਵਜੋਂ ਜਾਣੇ ਜਾਂਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ 21,800 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਦਿੱਤੀ ਹੈ। ਹਲਕੇ ’ਚ ‘ਆਪ’ ਨੂੰ 71,198, ਕਾਂਗਰਸ 49,397 ਅਤੇ ਭਾਜਪਾ ਨੂੰ ਸਿਰਫ 12,174 ਵੋਟਾਂ ਮਿਲੀਆਂ। ਜਿੱਤ ਮਗਰੋਂ ਡਿੰਪੀ ਢਿੱਲੋਂ ਨੇ ਕਿਹਾ, ‘‘ਇਹ ਜਿੱਤ ਲੋਕਾਂ ਦੀ ਜਿੱਤ ਹੈ। ਲੋਕਾਂ ਦੇ ਚਿਹਰੇ ’ਤੇ ਅੱਜ 14 ਸਾਲ ਬਾਅਦ ਖੁਸ਼ੀ ਆਈ ਹੈ। ਗਿੱਦੜਬਾਹਾ ਸ਼ਹਿਰ ’ਚੋਂ ਮਨਪ੍ਰੀਤ ਬਾਦਲ ਨਾਲੋਂ ਵੀ ਵੱਧ ਵੋਟਾਂ ਮਿਲੀਆਂ।‌ ਕਿਸੇ ਬੂਥ ’ਚੋਂ ਵੋਟ ਨਹੀਂ ਘਟੀ।’’ ਉਨ੍ਹਾਂ ਕਿਹਾ ਕਿ ‘ਆਪ’ ਪ੍ਰਧਾਨ ਅਮਨ ਅਰੋੜਾ ਤੇ ਧਰਮਕੋਟ ਦੇ ਵਿਧਾਇਕ ਲਾਡੀ ਢੋਸ ਦੇ ਯਤਨਾਂ ਨਾਲ ਪਾਰਟੀ ’ਚ ਆਏ ਸਨ ਤੇ ‘‘ਹੁਣ ਜਿੱਤ ਤੋਂ ਬਾਅਦ ਗੇਂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਹੈ। ਅਸੀਂ ਚਾਹੰਦੇ ਹਾਂ ਗਿੱਦੜਬਾਹਾ ਹਲਕੇ ਦੇ ਵਿਕਾਸ ਵਿੱਚ ਕੋਈ ਕਮੀ ਨਾ ਆਵੇ।’’ ਇਸ ਦੌਰਾਨ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਲੋਕਾਂ ਨੇ ਰਾਜਾ ਵੜਿੰਗ ਦੀ ਹੰਕਾਰੀ ਬਿਰਤੀ ਨੂੰ ਹਰਾਇਆ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਥੋਂ ਤਿੰਨ ਵਾਰ 2012, 2017 ਅਤੇ 2022 ’ਚ ਵਿਧਾਇਕ ਰਹਿ ਚੁੱਕੇ ਹਨ। ਡਿੰਪੀ ਢਿੱਲੋਂ ਦੀ ਜਿੱਤ ਅਤੇ ਅੰਮ੍ਰਿਤਾ ਵੜਿੰਗ ਦੀ ਹਾਰ ਦੇ ਮੁੱਖ ਕਾਰਨ ਜਗਮੀਤ ਬਰਾੜ ਵੱਲੋਂ ਡਿੰਪੀ ਢਿੱਲੋਂ ਤੇ ਰਾਜਾ ਵੜਿੰਗ ਦਾ ਵਿਰੋਧ, ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਾ ਲੜਨਾ, ਡਿੰਪੀ ਢਿੱਲੋਂ ਦੇ ਦੋ ਵਾਰ ਚੋਣਾਂ ਹਾਰਨ ਦੀ ਹਮਦਰਦੀ, ਰਾਜਾ ਵੜਿੰਗ ਦਾ ਕਥਿਤ ਹੰਕਾਰ ਤੇ ਪਰਿਵਾਰਵਾਦ ਮੰਨੇ ਜਾ ਰਹੇ ਹਨ। ਹਰਦੀਪ ਸਿੰਘ ਡਿੰਪੀ ਢਿੱਲੋਂ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ’ਚ ਰਹੇ ਪਰ ਇਸੇ ਸਾਲ 28 ਅਗਸਤ ਨੂੰ ‘ਆਪ’ ’ਚ ਸ਼ਾਮਲ ਹੋ ਗਏ ਸਨ। ਪਹਿਲਾਂ ਰਾਜਾ ਵੜਿੰਗ ਨੇ ਬਾਦਲਾਂ ਦੇ ਹਲਕੇ ਵਜੋਂ ਜਾਣੇ ਜਾਂਦੇ ਹਲਕਾ ਗਿੱਦੜਬਾਹਾ ’ਚ ਸੰਨ੍ਹ ਲਾ ਕੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਸੀ ਜਦਕਿ ਹੁਣ ਡਿੰਪੀ ਢਿੱਲੋਂ ਦੀ ਜਿੱਤ ਨੂੰ ਰਾਜੇ ਵੜਿੰਗ ਦੇ ਗੜ੍ਹ ‘ਆਪ’ ਦੀ ਫ਼ਤਿਹ ਵਜੋਂ ਦੇਖਿਆ ਜਾ ਰਿਹਾ ਹੈ।

ਗਿਣਤੀ ਕੇਂਦਰ ’ਚ ਨਜ਼ਰ ਨਾ ਆਏ ਮਨਪ੍ਰੀਤ ਬਾਦਲ

ਪਹਿਲੇ ਦੋ ਸਥਾਨਾਂ ’ਤੇ ਆਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਅਸਲੋਂ ਹਸ਼ੀਏ ’ਤੇ ਚਲੀ ਗਈ ਹੈ। ਮਨਪ੍ਰੀਤ ਬਾਦਲ ਜੋ ਕਿ ਕੱਲ੍ਹ ਤੱਕ ਪਿੰਡਾਂ ’ਚ ਲੋਕਾਂ ਨੂੰ ਮਿਲਦੇ ਰਹੇ ਸਨ ਪਰ ਅੱਜ ਜਿਵੇਂ ਹੀ ਗਿਣਤੀ ਸ਼ੁਰੂ ਦੌਰਾਨ ਉਨ੍ਹਾਂ ਦਾ ਗਰਾਫ ਘਟਦਾ ਗਿਆ ਤਾਂ ਉਹ ਕਿਤੇ ਵੀ ਦਿਖਾਈ ਨਹੀਂ ਦਿੱਤੇ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵੀ ਕੋਈ ਪੋਸਟ ਵੀ ਨਹੀਂ ਪਾਈ।

Advertisement
Author Image

Advertisement