ਢਿੱਲੋਂ ਤੇ ਘੁੱਲੀ ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਲਾਏ
ਬੀਰਬਲ ਰਿਸ਼ੀ
ਧੂਰੀ, 28 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ ਲੈ ਕੇ ਪੁੱਜਣ ਦਾ ਦਾਅਵਾ ਕਰਦਿਆਂ ਓਐੱਸਡੀ ਰਾਜਵੀਰ ਸਿੰਘ ਨੇ ਸਮਾਲ ਸਕੇਲ ਇੰਡਸਟਰੀ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪੰਚਾਇਤੀ ਚੋਣਾਂ ਵਿੱਚ ਡਟਣ ਅਤੇ ਪਿੰਡ ਵਿੱਚ ਵੱਧ ਤੋਂ ਵੱਧ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਪੁੱਜੇ ਓਐੱਸਡੀ ਰਾਜਵੀਰ ਸਿੰਘ ਨੇ ਹਲਕਾ ਧੂਰੀ ਦੇ ਵਰਕਰਾਂ ਨਾਲ ਗੱਲਬਾਤ ਕੀਤੀ। ਯਾਦ ਰਹੇ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਦੇ ਧੂਰੀ ਹਲਕੇ ਨੂੰ ਵੇਖ ਰਹੇ ਪ੍ਰੋ. ਓਂਕਾਰ ਸਿੰਘ ਨੂੰ ਓਐੱਸਡੀ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਉਹ ਟੀਮ ਸਮੇਤ ਉਸ ਦਿਨ ਆਪਣਾ ਦਫ਼ਤਰ ਛੱਡ ਕੇ ਚਲੇ ਗਏ ਸਨ।
ਉਧਰ ਮੁੱਖ ਮੰਤਰੀ ਦਫ਼ਤਰ ਕੈਂਪ ਦੇ ਨਵੇਂ ਇੰਚਾਰਜ ਲਗਾਏ ਸਮਾਲ ਸਕੇਲ ਇੰਡਸਟਰੀ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਅਤੇ ਨਿਰਪੱਖਤਾ ਨਾਲ ਦਿੱਤੀ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਕੀਤਾ। ਇਸ ਮੌਕੇ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਚੇਅਰਮੈਨ ਸਤਿੰਦਰ ਚੱਠਾ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ, ਗੁਰਤੇਜ ਸਿੰਘ ਤੇਜੀ ਕੱਕੜਵਾਲ, ਸੁਰਜੀਤ ਸਿੰਘ ਰਾਜੋਮਾਜਰਾ ਮੌਜੂਦ ਸਨ।