ਲੁਧਿਆਣਾ-ਤਲਵੰਡੀ ਭਾਈ ਮਾਰਗ ’ਤੇ ਧਸੇ ਪੁਲ ਦੀ ਦੁਬਾਰਾ ਮੁਰੰਮਤ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਅਗਸਤ
ਲੁਧਿਆਣਾ-ਤਲਵੰਡੀ ਭਾਈ ਕੌਮੀ ਮਾਰਗ ’ਤੇ ਬਣੇ ਪੁਲਾਂ ਵਿੱਚ ਮੀਂਹਾਂ ਨਾਲ ਵਾਰ-ਵਾਰ ਖਾਰਾਂ ਪੈਣ ਨਾਲ ਧਸੇ ਪੁਲਾਂ ਦੀ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਦੋ ਦਿਨ ਪਹਿਲਾਂ ਪਏ ਮੀਂਹ ਕਾਰਨ ਸ਼ਹੀਦ ਰਛਪਾਲ ਸਿੰਘ ਨਗਰ (ਅਲੀਗੜ੍ਹ) ਵਾਲੇ ਪੁਲ ਵਿੱਚ ਕਰੀਬ ਹਫ਼ਤੇ ਕੁ ਬਾਅਦ ਦੁਬਾਰਾ ਖਾਰ ਪੈ ਗਈ। ਇਸ ਬਾਰੇ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਈ ਸੀ। ਲੰਘੀ ਰਾਤ ਵਿਭਾਗ ਦੇ ਕਾਮਿਆਂ ਨੇ ਖਾਰ ਕਾਰਨ ਹੇਠਾਂ ਆਈ ਮਿੱਟੀ ਦੀਆਂ ਬੋਰੀਆਂ ਭਰ ਕੇ ਖਾਰ ਨੂੰ ਪੂਰ ਦਿੱਤਾ ਤੇ ਪੁਲ ਦੀ ਮੁਰੰਮਤ ਕਰ ਦਿੱਤੀ ਹੈ। ਵਿਭਾਗ ਵੱਲੋਂ ਵਾਰ-ਵਾਰ ਆਰਜ਼ੀ ਕੰਮ ਕਰ ਕੇ ਸਾਰਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਲੁਧਿਆਣਾ-ਤਲਵੰਡੀ ਭਾਈ ਕੌਮੀ ਮਾਰਗ ਦੇ ਨਵ-ਨਿਰਮਾਣ ਤੋਂ ਲੈ ਕੇ ਹੁਣ ਤੱਕ ਪੁਲਾਂ ਵਿੱਚ ਵਰਤੀ ਕਥਿਤ ਗ਼ੈਰਮਿਆਰੀ ਸਮੱਗਰੀ, ਪਾਣੀ ਦੀ ਨਿਕਾਸੀ, ਸਰਵਿਸ ਸੜਕਾਂ ਦੀ ਤਰਸਯੋਗ ਹਾਲਤ ਬਾਰੇ ਸਮੇਂ-ਸਮੇਂ ਸਿਰ ਮੀਡੀਆ ਨੇ ਵਿਭਾਗ, ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾਉਣ ਦਾ ਫਰਜ਼ ਨਿਭਾਇਆ ਹੈ। ਤਰਾਸਦੀ ਇਹ ਹੈ ਕਿ ਕੇਂਦਰ ਅਤੇ ਸੂਬੇ ਦੀਆਂ ਤਤਕਾਲੀ ਅਤੇ ਮੌਜੂਦਾ ਸਰਕਾਰ ਨੇ ਲੋਕਾਂ ਦੀ ਆਵਾਜ਼ ਨੂੰ ਨਹੀਂ ਸੁਣਿਆ। ਹਰ ਵਰ੍ਹੇ ਇਸ ਬਰਸਾਤੀ ਮੌਸਮ ’ਚ ਪੁਲਾਂ ਵਿੱਚ ਖਾਰਾਂ ਪੈਣੀਆਂ, ਸਰਵਿਸ ਸੜਕਾਂ ’ਤੇ ਪਾਣੀ ਭਰ ਜਾਣਾ ਆਮ ਵਰਤਾਰਾ ਹੋ ਗਿਆ ਹੈ। ਲੋਕਾਂ ਦੀ ਜਾਨ ਲਈ ਜ਼ੋਖ਼ਮ ਬਣੇ ਇਨ੍ਹਾਂ ਪੁਲਾਂ ਦੇ ਨਵ-ਨਿਰਮਾਣ ਤੋਂ ਇਲਾਵਾ ਇਸ ਵਾਰ-ਵਾਰ ਖੜ੍ਹੀ ਹੋ ਰਹੀ ਸਮੱਸਿਆ ਦਾ ਕੋਈ ਵੀ ਪੁਖਤਾ ਹੱਲ ਨਹੀਂ ਕੀਤਾ ਜਾ ਰਿਹਾ। ਵਾਰ-ਵਾਰ ਮਿੱਟੀ ਖਿਸਕਣ ਨਾਲ ਪੁਲ ਅੰਦਰੋਂ ਖੋਖਲੇ ਹੋ ਗਏ ਹਨ। ਇਸ ਕਾਰਨ ਪੁਲ ਉੱਪਰ ਸੜਕਾਂ ਵਿੱਚ ਖੱਡੇ ਪੈ ਗਏ ਹਨ ਜਿਸ ਕਰ ਕੇ ਪੁਲਾਂ ਉੱਪਰੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਦਿੱਕਤਾਂ ਆ ਰਹੀਆਂ ਹਨ। ਇਨ੍ਹਾਂ ਕਾਰਨ ਕਈ ਛੋਟੇ ਤੇ ਵੱਡੇ ਸੜਕ ਹਾਦਸੇ ਵਾਪਰ ਚੁੱਕੇ ਹਨ। ਕੁੱਝ ਸਮਾਂ ਪਹਿਲਾਂ ਅਲੀਗੜ੍ਹ ਪੁਲ ਤੋਂ ਕਾਰ ਹੇਠਾਂ ਡਿੱਗਣ ਕਾਰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਬੱਸ ਟਰਮੀਨਲ ਕੋਰਟ ਕੰਪਲੈਕਸ ਕੋਲ ਬਣੇ ਪੁਲ ਤੋਂ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਚੁੱਕੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਸੜਕ ਦੀਆਂ ਖਾਮੀਆਂ ਨੂੰ ਦੂਰ ਕਰੇ।