ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਥਾਣਿਆਂ ਅੱਗੇ ਧਰਨੇ

10:01 AM Sep 10, 2024 IST
ਥਾਣਾ ਬਿਆਸ ਦੇ ਬਾਹਰ ਧਰਨਾ ਦਿੰਦੇ ਹੋਏ ਕਿਸਾਨ ਅਤੇ ਮਜ਼ਦੂਰ।

ਦਵਿੰਦਰ ਭੰਗੂ
ਰਈਆ, 9 ਸਤੰਬਰ
ਸਬ ਡਿਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਥਾਣਾ ਤਰਸਿੱਕਾ ਅਤੇ ਬਿਆਸ ਗੇਟ ਅੱਗੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਸੂਬਾ ਆਗੂ ਕੰਵਰਦੀਪ ਸੈਦੋ ਲੇਹਲ ਦੀ ਅਗਵਾਈ ਵਿੱਚ ਧਰਨੇ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਚਾਟੀ ਵਿੰਡ ਤੇ ਬਲਵਿੰਦਰ ਸਿੰਘ ਰੁਮਾਣਾਚੱਕ ਨੇ ਕਿਹਾ ਕਿ ਅੱਜ ਇਲਾਕੇ ਵਿੱਚ ਨਸ਼ੇ ਅਤੇ ਚੋਰੀ ਦੀਆਂ ਘਟਨਾਵਾਂ ਦੇ ਵਾਧੇ, ਨਾਜਾਇਜ਼ ਪੁਲੀਸ ਕੇਸਾਂ ਅਤੇ ਜਾਇਜ਼ ਕੇਸਾਂ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ, ਥਾਣਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਵਰਗੇ ਮਸਲਿਆਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਥਾਣਿਆਂ ਦਾ ਘਿਰਾਓ ਕੀਤਾ ਗਿਆ ਹੈ। ਅੱਜ ਤਿੰਨ ਘੰਟਿਆਂ ਦੇ ਸੰਕੇਤਕ ਧਰਨਿਆਂ ਮੌਕੇ ਐੱਸਐੱਚਓ ਥਾਣਾ ਤਰਸਿੱਕਾ ਸਿਮਰਨਜੀਤ ਕੌਰ ਅਤੇ ਥਾਣਾ ਬਿਆਸ ਦੇ ਏਐੱਸਆਈ ਰਤਨ ਸਿੰਘ ਨੇ ਐੱਸਐੱਚਓ ਦੀ ਤਰਫ਼ੋਂ ਮੰਗ ਪੱਤਰ ਹਾਸਲ ਕੀਤਾ। ਇਸ ਤੋਂ ਬਾਅਦ ਧਰਨਾਕਾਰੀ ਕਿਸਾਨਾਂ ਮਜ਼ਦੂਰਾਂ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਆਉਂਦੇ ਦਿਨਾਂ ਵਿੱਚ ਇਨ੍ਹਾਂ ਮਸਲਿਆਂ ’ਤੇ ਪੁਲੀਸ ਵੱਲੋਂ ਸਥਿਤੀ ਵਿੱਚ ਸੁਧਾਰ ਕਰਨ ਲਈ ਐਕਸ਼ਨ ਤੇਜ਼ ਕੀਤੇ ਜਾਣਗੇ। ਥਾਣਾ ਬਿਆਸ ਦੇ ਧਰਨੇ ਤੋਂ ਡੀਐੱਸਪੀ ਬਾਬਾ ਬਕਾਲਾ ਨਾਲ 14 ਸਤੰਬਰ ਦੀ ਮੀਟਿੰਗ ਤੈਅ ਕੀਤੀ ਗਈ ਜਿਸ ਵਿੱਚ ਇਲਾਕੇ ਦੀਆਂ ਲਟਕ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ ਜੇਕਰ ਇਕ ਮਹੀਨੇ ਦੇ ਵਕਫ਼ੇ ਦੌਰਾਨ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਜਥੇਬੰਦੀ ਇਨ੍ਹਾਂ ਮਸਲਿਆਂ ’ਤੇ ਵੱਡੇ ਪੱਧਰ ਉੱਤੇ ਮੋਰਚੇ ਲਗਾਉਣ ਦਾ ਫ਼ੈਸਲਾ ਕਰੇਗੀ। ਇਸ ਮੌਕੇ ਵੱਖ ਵੱਖ ਥਾਵਾਂ ਤੇ ਰਣਜੀਤ ਸਿੰਘ ਚਾਟੀ ਵਿੰਡ, ਗੁਰਭੇਜ ਸਿੰਘ ਭੀਲੋਵਾਲ, ਅਮਰਿੰਦਰ ਸਿੰਘ ਮਾਲੋਵਾਲ, ਚਰਨ ਸਿੰਘ ਕਲੇਰ ਘੁਮਾਣ, ਅਜੀਤ ਸਿੰਘ ਠੱਠੀਆਂ, ਅਮਰੀਕ ਸਿੰਘ ਜਮਾਲਪੁਰ, ਬਲਵਿੰਦਰ ਸਿੰਘ ਸ਼ੇਰੋਂ ਤੋਂ ਇਲਾਵਾ ਜ਼ੋਨ ਅਤੇ ਪਿੰਡ ਪੱਧਰੀ ਆਗੂਆਂ ਤੋਂ ਇਲਾਵਾ ਸੈਂਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਰਹੇ।

Advertisement

Advertisement