‘ਆਪ’ ਵਿਧਾਇਕਾਂ ਦੇ ਘਰਾਂ ਤੇ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ
ਝੋਨੇ ਦੀ ਸੁਸਤ ਖ਼ਰੀਦ
ਸ਼ਗਨ ਕਟਾਰੀਆ
ਬਠਿੰਡਾ/ਜੈਤੋ, 20 ਅਕਤੂਬਰ
ਝੋਨੇ ਦੀ ਮੱਠੀ ਸਰਕਾਰੀ ਖ਼ਰੀਦ ਨੂੰ ਤੇਜ਼ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੋਸ ਪ੍ਰਦਰਸ਼ਨ ਅੱਜ ਤੀਜੇ ਦਿਨ ਵੀ ਜਾਰੀ ਰਹੇ। ਬਠਿੰਡਾ ਜ਼ਿਲ੍ਹੇ ਅੰਦਰ ਅੱਜ ਵੀ ਚਾਰ ਪਲਾਜ਼ੇ ਟੌਲ ਮੁਕਤ ਰਹੇ। ਇਸ ਤੋਂ ਇਲਾਵਾ ‘ਆਪ’ ਦੇ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਰਾਮਪੁਰਾ ਦੇ ਬਲਕਾਰ ਸਿੱਧੂ, ਮੌੜ ਦੇ ਸੁਖਵੀਰ ਸਿੰਘ, ਤਲਵੰਡੀ ਸਾਬੋ ਦੇ ਪ੍ਰੋ. ਬਲਜਿੰਦਰ ਕੌਰ ਸਮੇਤ ਭਾਜਪਾ ਆਗੂ ਜਗਦੀਪ ਸਿੰਘ ਨਕੱਈ ਦੇ ਘਰ ਅੱਗੇ ਵੀ ਧਰਨਾ ਪ੍ਰਦਰਸ਼ਨ ਚੱਲਦੇ ਰਹੇ। ਯੂਨੀਅਨ ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਹਰਜਿੰਦਰ ਬੱਗੀ, ਜਗਦੇਵ ਜੋਗੇਵਾਲਾ, ਜਗਸੀਰ ਝੁੰਬਾ, ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਨੇ ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕੀਤਾ। ਜੈਤੋ ਸ਼ਹਿਰ ਵਿੱਚ ਵਿਧਾਇਕ ਅਮੋਲਕ ਸਿੰਘ ਦੇ ਘਰ ਸਾਹਮਣੇ ਵੀ ਧਰਨਾ ਜਾਰੀ ਰਿਹਾ। ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੀਐੱਮਐੱਸਪੀ ’ਤੇ ਨਿਰਵਿਘਨ ਖ਼ਰੀਦ ਚਾਲੂ ਕੀਤੀ ਜਾਵੇ, ਘੱਟ ਮੁੱਲ ’ਤੇ ਵਿਕੇ ਝੋਨੇ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ, ਪੀਆਰ 126 ਕਿਸਮ ਦੇ ਝੋਨੇ ਦੀ ਪੂਸਾ 44 ਨਾਲੋਂ ਘੱਟ ਝਾੜ ਹੋਣ ਕਾਰਣ ਘੱਟ ਵੱਟਤ ਦੀ ਰਕਮ ਦੀ ਅਦਾਇਗੀ ਕੀਤੀ ਜਾਵੇ, ਬਾਸਮਤੀ ਦਾ ਐੱਮਐੱਸਪੀ ਮਿਥਿਆ ਜਾਵੇ, 22 ਪ੍ਰਤੀਸ਼ਤ ਵਾਲੇ ਝੋਨੇ ਦੀ ਖ਼ਰੀਦ ਕੀਤੀ ਜਾਵੇ, ਦਾਗੀ ਦਾਣਿਆਂ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ, ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਦਿੱਤੀ ਜਾਵੇ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਘਰ ਮੂਹਰੇ ਲਾਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਤੇ ਬਿਆਨਾਂ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਝੋਨੇ ਦੀ ਖਰੀਦ ਵਿੱਚ ਜਿਸ ਦਾ ਸੰਕਟ ਸਰਕਾਰਾਂ ਨੇ ਜਾਣ-ਬੁੱਝ ਕੇ ਖੜ੍ਹਾ ਕੀਤਾ ਹੈ, ਉਸ ਨੂੰ ਸੰਘਰਸ਼ਾਂ ਤੋਂ ਬਿਨਾਂ ਕਿਸੇ ਨੇ ਹੱਲ ਨਹੀਂ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਬੁਢਲਾਡਾ ਬੁੱਧ ਰਾਮ ਅਤੇ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਮਾਨਸਾ ਸਥਿਤ ਘਰ ਅੱਗੇ ਧਰਨੇ ਜਾਰੀ ਹਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਘਰ ਅੱਗੇ ਲਗਾਇਆ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ।
ਲੰਬੀ (ਪੱਤਰ ਪ੍ਰੇਰਕ): ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮੰਡੀਆਂ ’ਚ ਝੋਨੇ ਦੀ ਨਿਰਵਿਘਨ ਖਰੀਦ ਤੇ ਮਾੜੇ ਪ੍ਰਬੰਧਾਂ ਖ਼ਿਲਾਫ਼ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਂਸ ਸਿੰਘ ਸਿੰਘੇਵਾਲਾ ਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਬਦਲਾਅ ਵਾਲੀ ਸਰਕਾਰ ਦੇ ਰਾਜ ਦੌਰਾਨ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ।
ਭਦੌੜ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਝੋਨੇ ਦੀ ਖਰੀਦ ਨਾ ਹੋਣ ਕਰ ਕੇ ਦਾਣਾ ਮੰਡੀ ਭਦੌੜ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਯੂਨੀਅਨ ਦੇ ਬਲਾਕ ਆਗੂ ਗੁਰਚਰਨ ਸਿੰਘ, ਧਾਲੀਵਾਲ, ਭੋਲਾ ਸਿੰਘ ਗਿੱਲ, ਗੁਰਵਿੰਦਰ ਸਿੰਘ ਢੁੰਡਾ, ਪਰਮਜੀਤ ਸਿੰਘ ਸਿੰਘ ਭਾਈਕਾ, ਬਹਾਦਰ ਸਿੰਘ, ਬਾਬੂ ਸਿੰਘ, ਜਗਦੇਵ ਸਿੰਘ ਜੱਗੂ ਅਤੇ ਬਿੰਦਰਪਾਲ ਕੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪਿਛਲੇ 15 ਤਿਨਾਂ ਤੋਂ ਅੰਨਦਾਤਾ ਮੰਡੀਆਂ ਵਿੱਚ ਰੁਲ ਰਿਹਾ ਹੈ।
ਫ਼ਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਅਨਾਜ ਮੰਡੀ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਵਿੱਚ ਨੂੰ ਲੈ ਕੇ ਹੋ ਰਹੀ ਦੁਰਦਸ਼ਾ ਖ਼ਿਲਾਫ਼ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਰਕੀਟ ਕਮੇਟੀ ਦਫਤਰ ਦਾ ਘੇਰਾਓ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਮੰਗ ਕਰ ਰਹੇ ਸਨ ਕਿ ਮੰਡੀ ਵਿੱਚ ਵਿਕਣ ਲਈ ਆਈ ਝੋਨੇ ਦੀ ਫ਼ਸਲ ਦੀ ਤਰੁੰਤ ਖਰੀਦ ਕੀਤੀ ਜਾਵੇ।
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਪਿੰਡ ਮੱਲ੍ਹੀਆਂ ਟੌਲ ਪਲਾਜ਼ਾ ਉਪਰ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ। ਚਾਰ ਦਿਨਾਂ ਤੋਂ ਲਗਾਤਾਰ ਕਿਸਾਨ ਜਥੇਬੰਦੀ ਵੱਲੋਂ ਵਾਹਨਾਂ ਨੂੰ ਮੁਫ਼ਤ ਲੰਘਾਇਆ ਜਾ ਰਿਹਾ ਹੈ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਘਰ ਮੂਹਰੇ ਪੱਕਾ ਮੋਰਚਾ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ।
ਬਰਨਾਲਾ ਵਿੱਚ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਨੇੜੇ ਧਰਨਾ ਜਾਰੀ
ਬਰਨਾਲਾ (ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਝੋਨੇ ਦੀ ਖਰੀਦ ਲਈ ਵਿੱਢਿਆ ਮੋਰਚਾ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਨੇੜੇ ਲੱਗਾ ਮੋਰਚਾ ਤੀਜੇ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ’ਚ ਸ਼ਾਮਲ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਖਜ਼ਾਨਚੀ ਭਗਤ ਸਿੰਘ ਛੰਨਾ, ਸੀ.ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ, ਕੁਲਜੀਤ ਸਿੰਘ, ਰਾਮ ਸਿੰਘ ਸੰਘੇੜਾ ਆਦਿ ਨੇ ਕਿਹਾ ਕਿ ਕਿ ਕੇਂਦਰੀ ਤੇ ਸੂਬਾ ਸਰਕਾਰਾਂ ਦੀਆਂ ਕਾਰਪੋਰੇਟਸ ਪੱਖੀ ਨੀਤੀਆਂ ਤਹਿਤ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੋਲੀ ਜਾ ਰਹੀ ਹੈ। ਕਣਕ ਦੀ ਬਿਜਾਈ ਵੀ ਸਿਰ ’ਤੇ ਹੋਣ ਦੇ ਬਾਵਜੂਦ ਡੀਏਪੀ ਖਾਦ ਦੀ ਬਹੁਤ ਕਿੱਲਤ ਹੈ।
ਪੂੰਜੀਪਤੀਆਂ ਦੇ ਸ਼ਾਪਿੰਗ ਮਾਲ ਤੇੇ ਪੈਟਰੋਲ ਪੰਪ ਘੇਰਨ ਦੀ ਚਿਤਾਵਨੀ
ਮੋਗਾ (ਮਹਿੰਦਰ ਸਿੰਘ ਰੱਤੀਆਂ): ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸੂਬੇ ’ਚ ਝੋਨੇ ਦੀ ਖਰੀਦ ਦੇ ਗੰਭੀਰ ਮਸਲੇ ਦੇ ਹੱਲ ਲਈ ਸ਼ੁਰੂ ਕੀਤੇ ਅੰਦੋਲਨ ਤਹਿਤ ਜ਼ਿਲ੍ਹੇ ਚਾਰ ਵਿਧਾਇਕਾਂ ਦੇ ਘਰਾਂ ਅੱਗੇ ਸ਼ੁਰੂ ਕੀਤੇ ਦਿਨ-ਰਾਤ ਮੋਰਚਿਆਂ ਵਿੱਚ ਅੱਜ ਤੀਜੇ ਦਿਨ ਵੀ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਨੇ ਸ਼ਿਰਕਤ ਕੀਤੀ। ਕਿਸਾਨਾਂ ਨੇ ਮਸਲੇ ਦਾ ਹੱਲ ਨਾ ਨਿਕਲਣ ਉੱਤੇ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲ ਪੈਟਰੋਲ ਪੰਪ ਘੇਰਨ ਦੀ ਚਿਤਾਵਨੀ ਦਿੱਤੀ ਹੈ। ਜਥੇਬੰਦੀ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਉਹ ਵਿਧਾਇਕਾਂ ਦੇ ਘਰਾਂ ਅੱਗੇ ਬੈਠੇ ਹਨ, ਪਰ ਵਿਧਾਇਕ ਆਪਣੇ ਘਰਾਂ ਵਿੱਚੋਂ ਗਾਇਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਸਬੰਧੀ ਵੱਟੀ ਚੁੱਪ, ਉਸ ਨੂੰ ਮਹਿੰਗੀ ਪਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖਰੀਦ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ ਅਤੇ ਪੰਜਾਬ ਸਰਕਾਰ ਉਸਦਾ ਸਾਥ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿਨ ਵਿਧਾਇਕ ਅਮਨਦੀਪ ਕੌਰ ਅਰੋੜਾ ਹਲਕਾ ਮੋਗਾ ਦੇ ਘਰ ਅੱਗੇ ਲਗਾਤਾਰ ਦਿਨ ਰਾਤ ਦਾ ਧਰਨਾ ਜਾਰੀ ਹੈ।